ਸੁਰਖ਼ ਸਮੁੰਦਰ ਕਾਵਿ ਸੰਗ੍ਰਹਿ ਦੇ ਪ੍ਰਸੰਗ ਵਿੱਚ ਨਵੀਂ ਕਾਵਿ ਸੰਵੇਦਨਾ ਦਾ ਕਵੀਃ ਗੁਰਭਜਨ ਗਿੱਲ
ਚੰਡੀਗੜ੍ਹ, 31ਅਗਸਤ(ਵਿਸ਼ਵ ਵਾਰਤਾ)- ਗੁਰਭਜਨ ਗਿੱਲ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ । ਉਹ ਤਾਂ ਹਰ ਪੜ੍ਹੇ-ਲਿਖੇ ਪੰਜਾਬੀ ਦੇ ਮਨ ਵਿਚ ਗੂੰਜ ਰਿਹਾ ਹੈ । ਹੁਣ ਤੀਕ ਉਸ ਨੇ ਤਿੰਨ ਕਾਵਿ-ਪੁਸਤਕਾਂ ਦੀ ਰਚਨਾ ਕੀਤੀ ਹੈ ਜਿਨ੍ਹਾਂ ਦੀ ਬਦੌਲਤ ਉਹ ਪੰਜਾਬੀ ਦੇ ਸਾਹਿਤਕ ਹਲਕਿਆਂ ਵਿਚ ਖੂਬ ਚਰਚਿਤ ਹੋਇਆ ਹੈ । ਪੰਜਾਬ ਦੀ ਧਰਤੀ ਅਤੇ ਦੂਰ-ਦੁਰਾਡੇ ਦੇਸਾਂ-ਪ੍ਰਦੇਸਾਂ ਵਿਚ ਵੀ ਮੀਡੀਆ ਨੇ ਉਸ ਦੀ ਕਵਿਤਾ ਦਾ ਨੋਟਿਸ ਲਿਆ ਹੈ । ਇਸ ਲਈ ਟੀ ਵੀ, ਰੇਡੀਉ, ਮਹਿਫ਼ਲਾਂ ਤੇ ਮੇਲਿਆਂ ਵਿਚ ਉਸ ਦੀ ਸ਼ਾਇਰੀ ਦੇ ਬੋਲ ਗੂੰਜਦੇ ਹਨ ।
ਸੁਰਖ਼ ਸਮੁੰਦਰ ਉਸ ਦੀ ਸੱਜਰੀ ਕਾਵਿ ਪੁਸਤਕ ਹੈ ਜੋ ਐਤਕੀਂ ਚੜ੍ਹਦੇ ਸਾਲ ਹੀ ਪੰਜਾਬੀ ਜਗਤ ਨੂੰ ਉਸ ਦਾ ਇਕ ਲਿਟਰੇਰੀ ਤੋਹਫ਼ਾ ਹੈ । ਇਹ ਪੁਸਤਕ ਕਵਿਤਾਵਾਂ, ਗ਼ਜ਼ਲਾਂ ਤੇ ਗੀਤਾਂ ਦਾ ਸੰਗ੍ਰਹਿ ਹੈ ਜਿਨ੍ਹਾਂ ਵਿਚ ਗੁਰਭਜਨ ਦੀ ਕਾਵਿ ਚੇਤਨਾ ਦਾ ਅਗਲਾ ਵਿਕਾਸ ਉੱਭਰਦਾ ਦਿਖਾਈ ਦਿੰਦਾ ਹੈ ।
ਅਸਲ ਵਿਚ ਗੁਰਭਜਨ ਨੂੰ ਲੁਧਿਆਣਾ ਸ਼ਹਿਰ ਵਿਚ ਰਹਿਣ ਦਾ ਸ਼ਰਫ਼ ਹਾਸਲ ਹੈ ਜੋ ਪੰਜਾਬੀ ਕਵਿਤਾ ਦਾ ‘ਤੀਰਥ’ ਬਣਦਾ ਜਾ ਰਿਹਾ ਹੈ । ਲੁਧਿਆਣਾ ਪੰਜਾਬੀ ਦੇ ਕਈ ਨਾਮਵਰ ਤੇ ਪ੍ਰੋੜ ਕਵੀਆਂ ਦੀ ਰਿਹਾਇਸ਼ਗਾਹ ਬਣਿਆ ਹੈ । ਪੰਜਾਬੀ ਦੇ ਸਿਰਮੌਰ ਕਵੀ ਮੋਹਨ ਸਿੰਘ ਨੇ ਲੁਧਿਆਣਾ ਨਗਰ ਨੂੰ ਆਪਣੀ ਆਖ਼ਰੀ ਕਿਆਮ-ਗਾਹ ਬਣਾ ਲਿਆ ਸੀ । ਇਨ੍ਹਾਂ ਵਰ੍ਹਿਆਂ ਵਿਚ ਹੀ ਦੁਆਬਾ ਅੰਚਲ ਦੇ ਜੰਮਪਲ ਅਤੇ ਪਟਿਆਲਾ ਯੂਨੀਵਰਸਿਟੀ ਦੇ ਮੇਰੇ ਵਿਦਿਆਰਥੀ, ਕਵੀ ਸੁਰਜੀਤ ਪਾਤਰ ਦਾ ਨਿਵਾਸ-ਅਸਥਾਨ ਵੀ ਲੁਧਿਆਣਾ ਬਣ ਗਿਆ
। ਲੁਧਿਆਣੇ ਦੀ ਇਸੇ ਧਰਤੀ ਤੇ ਗੁਰਭਜਨ ਗਿੱਲ ਦੀ ਸ਼ਾਇਰੀ ਪੁੰਗਰੀ ਤੇ ਪ੍ਰਵਾਨ ਚੜ੍ਹੀ ਹੈ। ਹੁਣ ਏਥੇ ਹੀ ਉਸਦੀ ਸ਼ਾਇਰੀ ਦਾ ਪੌੜ-ਯੁਗ ਉਦੈ ਹੋਇਆ ਹੈ । ਅੱਜ ਉਹ ਲਾਲ ਸੂਹਾ ਸੁਰਖ਼ ਸਮੁੰਦਰ ਲੈ ਕੇ ਸਾਡੇ ਸਾਹਮਣੇ ਹਾਜ਼ਰ ਹੋਇਆ ਹੈ ।
ਇਸ ਕਵਿਤਾ-ਸੰਗ੍ਰਹਿ ਵਿਚ ਕਵੀ ਦੀ ਚਿੰਤਨ-ਧਾਰਾ ਵਿਚ ਵਿਕਾਸ ਹੋਇਆ ਹੈ । ਹੁਣ ਉਸ ਦੀ ਕਾਵਿ-ਸਿਰਜਣਾ ਵਿਚ ਭਾਵੁਕ ਪ੍ਰਤੀਕਰਮ ਤੋਂ ਅਗਾਂਹ ਲੰਘ ਕੇ ਵਿਸ਼ਲੇਸ਼ਣ, ਚਿੰਤਨ, ਤਰਕ ਤੇ ਦਲੀਲ ਦਾ ਸੁਰ ਵੀ ਉੱਭਰਿਆ ਹੈ। ਪਹਿਲਾਂ ਗੁਰਭਜਨ ਇਕੋ ਨੁਕਤੇ ਤੇ ਸਰਗਰਮ ਸੀ ਪਰ ਹੁਣ ਉਸ ਦੀ ਸੋਚ ਤੇ ਸੋਚਣੀ ਵਿਚ ਗਤੀ ਹੈ, ਵੇਗ ਹੈ, ਪਸਾਰ ਹੈ। ਅਤੇ ਨਵੇਂ ਧਰਾਤਲ ਉਸਾਰਨ ਦੀ ਤਮੰਨਾ ਹੈ । ਪੜਚੋਲਵੀਂ ਨਜ਼ਰ ਨਾਲ ਕੀਤਾ ਸ੍ਵੈ ਵਿਸ਼ਲੇਸ਼ਣ ਗੁਰਭਜਨ ਦੀਆਂ ਇਨ੍ਹਾਂ ਕਾਵਿ-ਸਤਰਾਂ ਵਿਚੋਂ ਜ਼ਾਹਰ ਹੁੰਦਾ ਹੈ :
ਮੇਰੇ ਸਿਰ ਤੇ
ਇਹ ਕਿੱਦਾਂ ਦੀ ਸ਼ਾਮ ਢਲੀ ਹੈ
ਆਸਾਂ ਵਾਲੇ ਸਾਰੇ ਪੰਛੀ
ਬਿਨਾਂ ਚੋਗਿਉਂ ਮੁੜ ਆਏ ਨੇ…
ਮੈਨੂੰ ਮੇਰਾ ਮਨ ਪੁੱਛਦਾ ਹੈ
ਤੇਰੇ ਸ਼ਬਦ-ਕੋਸ਼ ਵਿਚ
ਖ਼ਰਵੇ ਅੱਖਰਾਂ ਦੀ ਭਰਮਾਰ ਕਿਉਂ ਹੈ ?
ਕਈ ਜਨਮਾਂ ਦੀ ਪੀੜ ਭਟਕਣਾ
ਤੇਰੇ ਪੱਲੇ ਆਮ ਕਿਉਂ ਹੈ ?
ਇਸੇ ਤਰ੍ਹਾਂ ਆਪਣੀ ਇਕ ਹੋਰ ਕਵਿਤਾ ਆਪਣੇ ਖਿਲਾਫ਼ ਅਤੇ ਦੁਚਿੱਤੀ ‘ਚੋਂ ਲੰਘਦਿਆਂ ਵਿਚ ਵੀ ਕਵੀ ਗੁਰਭਜਨ ਗਿੱਲ ਚਿੰਤਨ ਤੇ ਵਿਸ਼ਲੇਸ਼ਣ ਦੀ ਵਿਧੀ ਦਾ ਹੀ ਪ੍ਰਗਟਾਵਾ ਕਰਦਾ ਹੈ।
ਇਕ ਵੰਨਗੀ ਪੇਸ਼ ਹੈ :
ਅੰਬਰ ਵਿਚ ਅੱਜ ਤੁਰ ਜਾਵਣ ਨੂੰ ਜੀਅ ਕਰਦਾ ਸੀ
ਇਹ ਹੀ ਸੋਚ ਕੇ ਬੈਠ ਗਿਆ ਹਾਂ
ਖੰਭਾਂ ਤੋਂ ਬਿਨ ਕੀਕਣ
ਅੰਬਰੀਂ ਪਹੁੰਚ ਸਕਾਂਗਾ।
ਹੱਥਾਂ ਤੋਂ ਬਿਨ
ਕੀਕਣ ਤਾਰੇ ਤੋੜ ਸਕਾਂਗਾ ।
ਹੁਣ ਕਵੀ ਸੋਚਸ਼ੀਲ ਹੈ, ਚਿੰਤਾਤੁਰ ਹੈ, ਗੁਆਚਿਆਂ ਲਈ ਫ਼ਿਕਰਮੰਦ ਹੈ । ਉਸ ਦੀ ਇਹ ਚਿੰਤਾ ਵੀ ਉਸ ਦੀ ਜਾਗਰੂਕ ਚੇਤਨਾ ਦੀ ਹੀ ਪੈਦਾਵਾਰ ਹੈ । ਚਿੰਤਾ ਆਖ਼ਰਕਾਰ ਚੇਤਨਾ ਦਾ ਹੀ ਅਗਲਾ ਪੜਾਅ ਹੈ । ਚਿੰਤਤ ਹੋ ਕੇ ਕਵੀ ਗੁਆਚਿਆਂ ਦੀ ਤਲਾਸ਼ ਕਰਦਾ ਹੈ ਅਤੇ ਉਨਾਂ ਨੂੰ ਹਾਕਾਂ ਮਾਰਦਾ ਹੈ :
ਗੁਆਚੇ ਯਾਰ ਸਾਰੇ
ਸ਼ਹਿਰ ਵਿਚ ਕਿਸ ਨੂੰ ਬੁਲਾਵਾਂਗਾ।
ਮੈਂ ਕਿਸ ਦੇ ਕੋਲ ਜਾ ਕੇ
ਆਪਣੀ ਵਿਥਿਆ ਸੁਣਾਵਾਂਗਾ।
ਗੁਆਚੇ ਚਿਹਰਿਓ! ਆਓ!
ਤੁਹਾਨੂੰ ਘਰ ਨੂੰ ਲੈ ਚੱਲਾਂ,
ਨਹੀਂ ਤਾਂ ਆਪ ਵੀ ਮੈਂ ਰੌਲਿਆਂ ਵਿੱਚ ਗ਼ਰਕ ਜਾਵਾਂਗਾ।
ਇਸ ਤਰ੍ਹਾਂ ਹੀ ਉਸ ਦੇ ਵਿਚਾਰ-ਚਿੰਤਨ ਦੀ ਕਾਵਿ-ਧਾਰਾ ਵਿਚੋਂ ਇਕ ਹੋਰ ਪਹਿਲੂ ਝਲਕਦਾ ਹੈ, ਉਹ ਹੈ ਉਸ ਦੀ ਦੁਚਿੱਤੀ ਤੇ ਦੁਬਿਧਾ ਗ੍ਰਸਤ ਅਵਸਥਾ । ਇਹ ਦੁਚਿੱਤੀ ਅਤੇ ਇਹ ਦਵੰਦ ਵੀ ਉਸ ਦੇ ਬਹੁਤ ਸਾਰੇ ਸ਼ੇਅਰਾਂ ਵਿਚੋਂ ਪ੍ਰਗਟ ਹੁੰਦਾ ਹੈ । ਜਿਵੇਂ :
ਨਾ ਜੀਂਦੇ ਨਾ ਮੋਇਆਂ ਅੰਦਰ
ਦੋ – ਚਿੱਤੀ ਨੇ ਘੇਰੇ ,
ਕਿੱਥੇ ਤੀਕ ਪੁਚਾ ਛੱਡਿਆ ਏ ਨਿੱਕਿਆਂ-ਨਿੱਕਿਆਂ ਚਾਵਾਂ।
ਦਿਨ ਭਰ ਜਿਹੜੀ ਰਾਤ ਉਡੀਕਾਂ
ਰਾਤ ਪਿਆਂ ਘਬਰਾਵਾਂ।
ਸਮਝ ਨਹੀਂ ਆਉਂਦੀ ਅੰਨ੍ਹੇ ਖੂਹ ‘ਚੋਂ ਕਿੱਧਰ ਨੂੰ ਮੈਂ ਜਾਵਾਂ।
ਹੁਣ ਇਸ ਸਾਰੀ ਸ੍ਵੈ-ਪੜਚੋਲ ਦੀ ਕਸ਼ਮਕਸ਼ ਵਿਚੋਂ ਕਵੀ ਦੇ ਮਨਅੰਤਰ ਵਿਚ ਕਿਸੇ ਡੂੰਘੇ ਪਛਤਾਵੇ ਦੀ ਧੁਨੀ ਉੱਠਦੀ ਹੈ ਜਿਸ ਕਾਰਨ ਕਵੀ ਗ਼ਮਗੀਨ ਹੁੰਦਾ ਹੈ । ਪਰ ਛੇਤੀ ਹੀ ਉਹ ਆਪਣੀ ਹਸਤੀ, ਆਪਣੇ ਪਰਛਾਵੇਂ ਅਤੇ ਆਪਣੇ ਗੁਆਚੇ ਨਕਸ਼ਾਂ ਦੀ ਮੁੜ-ਪਹਿਚਾਣ ਸਥਾਪਤ ਕਰਨ ਲਈ ਉਤਸੁਕ ਹੁੰਦਾ ਹੈ । ਅਜਿਹੇ ਸ੍ਵੈ-ਪਛਤਾਵੇ ਦਾ ਰੰਗ ਇਨ੍ਹਾਂ ਸ਼ੇਅਰਾਂ ਵਿਚ ਝਲਕਦਾ ਹੈ :
ਇਹ ਤਾਂ ਇਕ ਦਿਨ ਹੋਣੀ ਹੀ ਸੀ, ਬਹੁਤ ਉਡੀਕ ਰਿਹਾ ਸਾਂ
ਹਾਦਸਿਆਂ ਵਿਚ ਨਕਸ਼ ਗੁਆ ਕੇ, ਹੁਣ ਕਾਹਨੂੰ ਪਛਤਾਵਾਂ।























