ਸਿੰਘੂ ਬਾਰਡਰ ਤੇ ਫੜਿਆ ਗਿਆ ਇਕ ਸ਼ੱਕੀ ਵਿਅਕਤੀ
ਕਿਸਾਨ ਆਗੂਆਂ ਨੂੰ ਗੋਲੀ ਮਾਰਨ ਦੀ ਕੀਤੀ ਗਈ ਸੀ ਸਾਜਿਸ਼

ਦਿੱਲੀ, 23ਜਨਵਰੀ(ਵਿਸ਼ਵ ਵਾਰਤਾ)- ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ-ਹਰਿਆਣਾ ਸਿੰਘੂ ਬਾਰਡਰ ਤੇ ਬੈਠੇ ਕਿਸਾਨਾਂ ਨੇ ਇਕ ਵੱਡਾ ਖੁਲਾਸਾ ਕੀਤਾ ਹੈ। ਸਿੰਘੂ ਬਾਰਡਰ ਤੇ ਸ਼ੁਕਰਵਾਰ ਰਾਤ ਕਿਸਾਨਾਂ ਨੇ ਇਕ ਸ਼ੱਕੀ ਵਿਅਕਤੀ ਫੜਿਆ ਹੈ ਜੋ ਕਿ ਸ਼ੂਟਰ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਉਸ ਸ਼ੂਟਰ ਨੇ ਦਿੱਲੀ ਪੁਲਿਸ ਤੇ ਗੰਭੀਰ ਆਰੋਪ ਲਗਾਏ ਹਨ। ਉਸ ਦਾ ਕਹਿਣਾ ਹੈ ਕਿ 26ਜਨਵਰੀ ਨੂੰ ਕੁਝ ਗਲਤ ਹੋਣ ਤੇ ਮੰਚ ਤੇ ਬੈਠੇ ਚਾਰ ਕਿਸਾਨ ਨੇਤਾਵਾਂ ਨੂੰ ਗੋਲੀ ਮਾਰਨ ਦੇ ਉਸ ਨੂੰ ਆਦੇਸ਼ ਦਿੱਤੇ ਗਏ ਸਨ।
ਫੜੇ ਗਏ ਸ਼ੂਟਰ ਨੇ ਦਾਅਵਾ ਕੀਤਾ ਹੈ ਕਿ 26ਜਨਵਰੀ ਨੂੰ ਕਿਸਾਨ ਟਰੈਕਟਰ ਰੈਲੀ ਵਿੱਚ ਉਹ ਗੋਲੀ ਚਲਾ ਕੇ ਮਾਹੌਲ ਖਰਾਬ ਕਰਨ ਦੀ ਸਾਜਿਸ਼ ਰਚਣ ਵਾਲਾ ਸੀ। ਕਿਸਾਨਾਂ ਨੇ ਜਿਸ ਸ਼ੱਕੀ ਵਿਅਕਤੀ ਨੂੰ ਫੜਿਆ ਹੈ ਉਸ ਨੇ ਦੱਸਿਆ ਕਿ 23 ਤੋਂ 26 ਜਨਵਰੀ ਦੇ ਵਿਚਕਾਰ ਕਿਸਾਨ ਆਗੂਆਂ ਨੂੰ ਗੋਲੀ ਮਾਰੀ ਜਾਣੀ ਸੀ ਅਤੇ ਔਰਤਾਂ ਦਾ ਕੰਮ ਲੋਕਾਂ ਨੂੰ ਭੜਕਾਉਣਾ ਸੀ। ਸ਼ੂਟਰ ਨੇ ਕਬੂਲ ਕੀਤਾ ਕਿ ਉਸ ਨੇ ਕਿਸਾਨ ਅੰਦੋਲਨ ਵਿੱਚ ਮਾਹੌਲ ਵਿਗਾੜਨ ਦਾ ਕੰਮ ਕੀਤਾ ਹੈ।






















