ਸਿਆਸੀ ਤਾਕਤ ਦਾ ਧੁਰਾ ਬਣੇ ਨਿਤੀਸ਼ ਕੁਮਾਰ, ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼
ਦਿੱਲੀ, 5 ਜੂਨ (ਵਿਸ਼ਵ ਵਾਰਤਾ):- ਪਟਨਾ ਤੋ ਲੈ ਕੇ ਦਿੱਲੀ ਤੱਕ ਸਿਆਸੀ ਹਲਚਲ ਤੇਜ਼ ਹੋ ਚੁੱਕੀ ਹੈ। ਬਿਹਾਰ ਦੇ ਮੁਖ ਮੰਤਰੀ ਨਿਤੀਸ਼ ਕੁਮਾਰ ਦੇ ਘਰ ਸਿਆਸੀ ਆਗੂਆਂ ਦਾ ਜਮਾਵੜਾ ਲੱਗਣਾ ਸ਼ੁਰੂ ਹੋ ਗਿਆ ਹੈ। ਦਿੱਲੀ ਵਿਚ ਹੋਣ ਵਾਲੀ NDA ਦੀ ਮੀਟਿੰਗ ਤੋਂ ਪਹਿਲਾਂ ਜੇਡੀਯੂ ਅਤੇ ਐਨਡੀਏ ਦੇ ਕਈ ਆਗੂ ਨਿਤੀਸ਼ ਕੁਮਾਰ ਦੇ ਘਰ ਪਹੁੰਚੇ। ਨਿਤੀਸ਼ ਕੁਮਾਰ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵੀ ਵਿਚਾਰ ਚਰਚਾ ਕਰ ਰਹੇ ਹਨ। ਚਿਰਾਗ ਪਾਸਵਾਨ ਅਤੇ ਸੰਜੇ ਝਾਅ ਵਰਗੇ ਆਗੂਆਂ ਨੇ ਵੀ ਉਹਨਾਂ ਨਾਲ ਮੁਲਾਕਾਤ ਕੀਤੀ ਹੈ। NDA ਦੀ ਮੀਟਿੰਗ ਤੋਂ ਪਹਿਲਾਂ ਆਈ ਸਿਆਸੀ ਗਰਮੀ ‘ਚ ਇਹ ਤੇਜ਼ੀ ਨੀਤੀਸ਼ ਦੀ ਤਤਕਾਲੀ ਸਿਆਸੀ ਤਾਕਤ ਵੱਲ ਇਸ਼ਾਰਾ ਕਰਦੀ ਹੈ। ਭਾਰਤੀ ਸਿਆਸਤ ‘ਚ ਨਿਤੀਸ਼ ਕਿੰਗ ਮੇਕਰ ਦੀ ਭੂਮਿਕਾ ਵਿਚ ਹਨ। ਇਨ੍ਹਾਂ ਹਾਲਾਤਾਂ ‘ਚ ਇਹ ਸਵਾਲ ਬਹੁਤ ਵੱਡਾ ਹੈ ਕਿ ਨਿਤੀਸ਼ ਸਿੱਧੇ ਤੌਰ ‘ਤੇ ਬੀਜੇਪੀ ਨੂੰ ਸੱਤਾ ਦੀ ਚਾਬੀ ਫੜਾਉਂਦੇ ਹਨ ਜਾ ਕਿਸੇ ਕਿਸਮ ਦਾ ਮੋਲਭਾਵ ਕਰਦੇ ਹਨ, ਇਹ ਦੇਖਣ ਵਾਲੀ ਗੱਲ ਰਹੇਗੀ। ਜੇਕਰ ਉਹ ਐਨਡੀਏ ਨਾਲ ਨਹੀਂ ਜਾਂਦੇ ਤਾ ਫਿਰ INDIA ਗਠਜੋੜ ‘ਚ ਉਹਨਾਂ ਦੀ ਸਥਿਤੀ ਕਿ ਰਹੇਗੀ ਇਹ ਵੀ ਦੇਖਣਾ ਹੋਵੇਗਾ।