ਨਵਾਂਸ਼ਹਿਰ, 22 ਜੂਨ(ਵਿਸ਼ਵ ਵਾਰਤਾ)-
ਕੋਵਿਡ ਲਾਕਡਾਊਨ ਕਾਰਨ ਡੇਅਰੀ ਫ਼ਾਰਮਰਾਂ ਅਤੇ ਮੱਛੀ ਪਾਲਕਾਂ ਦੀ ਪ੍ਰਭਾਵਿਤ ਹੋਈ ਆਰਥਿਕਤਾ ਨੂੰ ਸਹਾਰਾ ਦੇਣ ਲਈ ਬੈਂਕਾਂ ਜ਼ਮੀਨੀ ਹੱਦ ਕਰਜ਼ਿਆਂ ਦੀ ਤਰਜ਼ ’ਤੇ ਪਸ਼ੂ ਪਾਲਕਾਂ ਅਤੇ ਮੱਛੀ ਪਾਲਕਾਂ ਨੂੰ ਵੀ ‘ਕਿਸਾਨ ਕ੍ਰੈਡਿਟ ਕਾਰਡ’ ਦਾ ਲਾਭ ਦੇਣਗੀਆਂ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਅੱਜ ਜ਼ਿਲ੍ਹੇ ਵਿੱਚ ਪਸ਼ੂ ਪਾਲਕਾਂ ਅਤੇ ਮੱਛੀ ਪਾਲਕਾਂ ਨੂੰ ਇਸ ਸਕੀਮ ਦਾ ਲਾਭ ਦੇਣ ਲਈ ਲੀਡ ਬੈਂਕ ਮੈਨੇਜਰ, ਡਿਪਟੀ ਡਾਇਰੈਕਟਰ ਡੇਅਰੀ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਅਤੇ ਸਹਾਇਕ ਮੱਛੀ ਪ੍ਰਾਜੈਕਟ ਅਫ਼ਸਰ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇੱਕ ਜੂਨ ਤੋਂ 31 ਜੁਲਾਈ ਤੱਕ ਚੱਲਣ ਵਾਲੀ ਇਸ ਵਿਸ਼ੇਸ਼ ਮੁਹਿੰਮ ਚ ਜਿਹੜੇ ਡੇਅਰੀ ਫ਼ਾਰਮਰ ਸਹਿਕਾਰੀ ਦੁੱਧ ਸਭਾਵਾਂ ਨੂੰ ਦੁੱਧ ਪਾਉਂਦੇ ਹਨ ਜਾਂ ਦੁੱਧ ਉਤਪਾਦਕ ਕੰਪਨੀ ਨੂੰ ਦੁੱਧ ਪਾਉਂਦੇ ਹਨ, ਉਨ੍ਹਾਂ ਦਾ ਪਹਿਲ ਦੇ ਆਧਾਰ ’ਤੇ ‘ਡੇਅਰੀ ਹੱਦ ਕਰਜ਼ਾ’ ਬਣਾਇਆ ਜਾਣਾ ਹੈ। ਇਹ ਕੇ ਸੀ ਸੀ ਖੇਤੀ ਹੱਦ ਕਰਜ਼ਿਆਂ ਤੋਂ ਅਲੱਗ ਹੋਣਗੀਆਂ ਅਤੇ ਜੇਕਰ ਕੋਈ ਵਿਅਕਤੀ ਖੇਤੀਬਾੜੀ ਦੇ ਨਾਲ-ਨਾਲ ਡੇਅਰੀ ਫ਼ਾਰਮਿੰਗ ਵੀ ਕਰਦਾ ਹੈ ਅਤੇ ਉਸ ਕੋਲ ਖੇਤੀਬਾੜੀ ਹੱਦ ਕਰਜ਼ੇ ਵਾਲਾ ਕਾਰਡ ਹੈ ਤਾਂ ਉਹ ਆਪਣੇ ਡੇਅਰੀ ਕਿੱਤੇ ਲਈ ਅਲੱਗ ਵੀ ਬਣਾ ਸਕਦਾ ਹੈ।
ਮੀਟਿੰਗ ’ਚ ਮੌਜੂਦ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਐਮ ਐਲ ਗਰਗ ਨੇ ਦੱਸਿਆ ਕਿ ਇੱਕ ਡੇਅਰੀ ਫ਼ਾਰਮ 1.60 ਹਜ਼ਾਰ ਰੁਪਏ ਤੱਕ ਦਾ ਕਿਸਾਨ ਕ੍ਰੈਡਿਟ ਕਾਰਡ ਬਿਨਾਂ ਕੋਈ ਜ਼ਮੀਨ ਰਹਿਣ ਕੀਤਿਆਂ ਬਣਵਾ ਸਕਦਾ ਹੈ। ਇਸ ਸਕੀਮ ਤਹਿਤ ਪ੍ਰਤੀ ਗਾਂ ’ਤੇ 40 ਹਜ਼ਾਰ ਅਤੇ ਮੱਝ ’ਤੇ 60 ਹਜ਼ਾਰ ਦੀ ਲਿਮਿਟ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਦੋ ਸਹਿਕਾਰੀ ਮਿਲਕ ਪਲਾਂਟਾਂ ਹੁਸ਼ਿਆਰਪੁਰ ਅਤੇ ਜਲੰਧਰ ਨਾਲ ਜੁੜਿਆ ਹੋਣ ਕਾਰਨ, ਹੁਸ਼ਿਆਰਪੁਰ ਮਿਲਕ ਪਲਾਂਟ ਰਾਹੀਂ 565 ਫ਼ਾਰਮ ਆ ਚੁੱਕੇ ਹਨ। ਇਸ ਕਿਸਾਨ ਕ੍ਰੈਡਿਟ ਕਾਰਡ ’ਤੇ ਖੇਤੀਬਾੜੀ ਹੱਦ ਕਰਜ਼ੇ ਵਾਲਾ ਵਿਆਜ ਅਤੇ ਸ਼ਰਤਾਂ ਹੀ ਲਾਗੂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਕਿੱਤੇ ਵਾਲੇ ਵੀ ਇਸ ਕਾਰਡ ਦਾ ਲਾਭ ਲੈ ਸਕਦੇ ਅਤੇ ਉਨ੍ਹਾਂ ਲਈ ਇਹ ਸਕੀਮ 10 ਜੂਨ ਤੋਂ 10 ਅਗਸਤ ਤੱਕ ਚਲਦੀ ਰਹੇਗੀ।





















