ਸਰਕਾਰ ਵੱਲੋਂ ਬਹੁਤ ਦੇਰ ਨਾਲ ਲਿਆ ਸਕੂਲ ਖੋਲ੍ਹਣ ਦਾ ਫ਼ੈਸਲਾ: ਡੈਮੋਕਰੈਟਿਕ ਟੀਚਰਜ਼ ਫਰੰਟ
ਡੀਟੀਐੱਫ ਪੰਜਾਬ ਵੱਲੋਂ ਲੰਮੇ ਸਮੇਂ ਤੋਂ ਸਕੂਲ ਖੋਲ੍ਹਣ ਦੀ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ
ਚੰਡੀਗੜ੍ਹ 20 ਜੁਲਾਈ(ਵਿਸ਼ਵ ਵਾਰਤਾ): ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲ ਖੋਲ੍ਹਣ ਦਾ ਫ਼ੈਸਲਾ ਬਹੁਤ ਦੇਰੀ ਨਾਲ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਡੀਟੀਐੱਫ ਪੰਜਾਬ ਪਿਛਲੇ ਲੰਬੇ ਸਮੇਂ ਤੋਂ ਆਨਲਾਈਨ ਸਿੱਖਿਆ ਦਾ ਡਰਾਮਾ ਬੰਦ ਕਰਕੇ ਸਾਰੇ ਵਿਦਿਆਰਥੀਆਂ ਲਈ ਸਕੂਲ/ਕਾਲਜ਼ ਖੋਲ੍ਹਣ ਲਈ ਲਗਾਤਾਰ ਸੰਘਰਸ਼ ਜ਼ਰੀਏ ਮੰਗ ਉਠਾਉਂਦਾ ਆ ਰਿਹਾ ਸੀ।
ਜੱਥੇਬੰਦੀ ਦੇ ਆਗੂਆਂ ਗੁਰਮੀਤ ਸੁਖਪੁਰ, ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਜਗਪਾਲ ਬੰਗੀ, ਜਸਵਿੰਦਰ ਔਜਲਾ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਸਿੰਘ ਜੋਸਨ, ਨਛੱਤਰ ਸਿੰਘ ਤਰਨਤਾਰਨ, ਰੁਪਿੰਦਰ ਪਾਲ ਗਿੱਲ, ਤੇਜਿੰਦਰ ਸਿੰਘ, ਸੁਖਦੇਵ ਡਾਨਸੀਵਾਲ ਤੋਂ ਇਲਾਵਾ ਡੇਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਜਨਰਲ ਸਕੱਤਰ ਹਰਦੀਪ ਟੋਡਰਪੁਰ ਨੇ ਕਿਹਾ ਕਿ ਲਗਾਤਾਰ ਲੰਮਾਂ ਸਮਾਂ ਸਕੂਲ ਕਾਲਜ਼ ਬੰਦ ਰੱਖਣ ਕਾਰਨ ਵਿਦਿਆਰਥੀਆਂ ਦੀ ਸਿੱਖਿਆ ਦਾ ਜੋ ਵੀ ਨੁਕਸਾਨ ਹੋਇਆ ਹੈ ਉਹ ਕਦੇ ਵੀ ਪੂਰਿਆ ਨਹੀਂ ਜਾ ਸਕਦਾ। ਉਨ੍ਹਾਂ ਪੰਜਾਬ ਸਰਕਾਰ ਤੋਂ ਜ਼ੋਰਦਾਰ ਸ਼ਬਦਾਂ ‘ਚ ਮੰਗ ਕੀਤੀ ਕਿ ਸਾਰੀਆਂ ਜਮਾਤਾਂ ਲਈ ਸਮੁੱਚੇ ਸਕੂਲ ਖੋਲ੍ਹੇ ਜਾਣ, ਭਵਿੱਖ ਵਿੱਚ ਸਕੂਲ ਲਗਾਤਾਰ ਖੁੱਲੇ ਰੱਖੇ ਜਾਣ, ਕਰੋਨਾ ਦੀ ਆੜ ਹੇਠ ਭਵਿੱਖ ਵਿੱਚ ਸਿੱਖਿਆ ਨੂੰ ਉਜਾੜਣ ਵਾਲੇ ਫ਼ੈਸਲੇ ਨਾ ਕੀਤੇ ਜਾਣ ਅਤੇ ਨਿੱਜੀਕਰਨ ਪੱਖੀ ਤੇ ਵਿਤਕਰੇ ਭਰਪੂਰ ਆਨਲਾਈਨ ਸਿੱਖਿਆ ਦੇ ਡਰਾਮੇ ਕਰਨ ਦੀ ਬਜਾਏ ਵਿੱਦਿਅਕ ਅਦਾਰਿਆਂ ਵਿੱਚ ਹਕੀਕੀ ਸਿੱਖਿਆ ਦਾ ਮਾਹੌਲ ਬਣਾਇਆ ਜਾਵੇ।