ਸਰਕਾਰ ਦਾ ਵੱਡਾ ਫੈਸਲਾ
ਅਪ੍ਰੈਲ ਮਹੀਨੇ ਵਿੱਚ ਬਿਨਾਂ ਕਿਸੇ ਛੁੱਟੀ ਤੋਂ ਜਾਰੀ ਰਹੇਗੀ ਕੋਰੋਨਾ ਵੈਕਸੀਨੇਸ਼ਨ

ਚੰਡੀਗੜ੍ਹ, 1ਅਪ੍ਰੈਲ(ਵਿਸ਼ਵ ਵਾਰਤਾ): ਦੇਸ਼ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਰੋਕਣ ਲਈ ਕੇਂਦਰ ਦੀ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਵੈਕਸੀਨ ਦੀ ਮੁਹਿੰਮ ਨੁੰ ਤੇਜ਼ ਕਰਦਿਆਂ ਹੁਣ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਰੋਜ਼ਾਨਾ ਕੋਰੋਨਾ ਵੈਕਸੀਨ ਦੀ ਡੋਜ਼ ਦਿੱਤੀ ਜਾਵੇਗੀ। ਵੱਡੀ ਗੱਲ ਇਹ ਹੈ ਕਿ ਸਰਕਾਰੀ ਛੁੱਟੀ ਦੇ ਦਿਨ ਵੀ ਕੋਰੋਨਾ ਵੈਕਸੀਨ ਲੱਗੇਗੀ, ਨਾਲ ਹੀ ਦੁਪਹਿਰ ਤਿੰਨ ਵਜੇ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਵੈਕਸੀਨ ਦਿੱਤੀ ਜਾਵੇਗੀ, ਜਿਨ੍ਹਾਂ ਨੇ ਪਹਿਲਾਂ ਰਜਿਸਟ੍ਰੇਸ਼ਨ ਨਹੀਂ ਕਰਵਾਈ।
ਅੱਜ ਤੋਂ ਦੇਸ਼ ’ਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਵੈਕਸੀਨ ਦੇਣ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਵਰਨਣਯੋਗ ਗੱਲ ਇਹ ਹੈ ਕਿ ਹੁਣ ਤੱਕ ਦੇਸ਼ ਵਿੱਚ ਸਭ ਤੋਂ ਪਹਿਲਾਂ ਫ਼੍ਰੰਟਲਾਈਨ ਵਰਕਰਜ਼, ਬਜ਼ੁਰਗਾਂ ਤੇ ਗੰਭੀਰ ਬੀਮਾਰੀਆਂ ਨਾਲ ਪਹਿਲਾਂ ਤੋਂ ਜੂਝ ਰਹੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੀ ਟੀਕਾ ਲੱਗ ਰਿਹਾ ਸੀ ਪਰ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਹੁਣ 45 ਸਾਲ ਤੋਂ ਵੱਧ ਦੇ ਲੋਕਾਂ ਨੂੰ ਵੈਕਸੀਨ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।






















