ਸਰਕਾਰੀ ਕਾਲਜ-42 ਦੇ ਪੰਜਾਬੀ ਵਿਭਾਗ ਵਲੋਂ ਮਨਾਇਆ ਗਿਆ ‘ਕੌਮਾਂਤਰੀ ਮਾਂ -ਬੋਲੀ ਦਿਵਸ’
ਚੰਡੀਗੜ੍ਹ,21 ਫਰਵਰੀ (ਵਿਸ਼ਵ ਵਾਰਤਾ)- ਪੋਸਟ ਗਰੈਜੂਏਟ ਸਰਕਾਰੀ ਕਾਲਜ ਲੜਕੀਆਂ ਸੈਕਟਰ-42 ਚੰਡੀਗੜ੍ਹ ਦੇ ਪ੍ਰਿੰਸੀਪਲ ਨਿਸ਼ਾ ਅਗਰਵਾਲ ਦੀ ਅਗਵਾਈ ਵਿਚ ਪੰਜਾਬੀ ਵਿਭਾਗ ਵਲੋਂ ਕੌਮਾਂਤਰੀ ਮਾਂ-ਬੋਲੀ ਦਿਵਸ ਮਨਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ‘ਤੇ ਸ੍ਰੀ ਪੰਡਿਤ ਰਾਓ ਧਰੇਨਵਰ ਅਤੇ ਡਾ. ਇਕਬਾਲ ਸਿੰਘ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ.ਜਗਨ ਨਾਥ ਤੇ ਡੀਨ ਡਾ. ਸੁਰੇਸ਼ ਕੁਮਾਰ ਸ਼ਾਮਿਲ ਹੋਏ ।ਕਾਲਜ ਦੇ ਆਡੀਟੋਰੀਅਮ ਵਿਚ ਕਰਵਾਏ ਗਏ ਸਮਾਗਮ ਦੌਰਾਨ ਵਿਭਾਗ ਦੇ ਮੁਖੀ ਡਾ. ਜਗਜੀਤ ਕੌਰ ਨੇ ਆਏ ਮਹਿਮਾਨਾਂ ਨੂੰ ‘ਜੀ-ਆਇਆਂ’ ਕਿਹਾ ਅਤੇ ਮਾਂ ਬੋਲੀ ਦਿਵਸ ਮਨਾਉਣ ਦਾ ਮੰਤਵ ਅਤੇ ਵਿਭਾਗ ਦੀਆਂ ਵੱਖ ਵੱਖ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਡਾ. ਕਿਰਨਜੀਤ ਕੌਰ ਨੇ ਮੁੱਖ ਮਹਿਮਾਨਾਂ ਨੂੰ ਸਰੋਤਿਆਂ ਦੇ ਰੂ-ਬ-ਰੂ ਕਰਵਾਇਆ। ਇਸ ਮੌਕੇ ‘ਤੇ ਪੰਡਿਤ ਰਾਓ ਧਰੇਨਵਰ ਨੇ ਆਪਣੇ ਸਿਰ ਦੇ ਉੱਪਰ ਚੁੱਕੀ 35 ਅੱਖ਼ਰੀ ਦੀ ਫੱਟੀ ਸਮੇਤ ਵਿਦਿਆਰਥੀਆਂ ਨੂੰ ਮਾਂ ਬੋਲੀ ਦੀ ਮਹੱਤਤਾ ਤੋਂ ਜਾਣੂੰ ਕਰਵਾਉਂਦਿਆਂ ਜਿੱਥੇ ਆਪਣੀ ਮਾਤ ਭਾਸ਼ਾ ‘ਕੰਨੜ’ ਪ੍ਰਤੀ ਮੋਹ ਅਤੇ ਆਦਰ ਦਰਸਾਇਆ ਉਥੇ ਪੰਜਾਬੀਆਂ ਦੀ ਮਾਂ ਬੋਲੀ ‘ਪੰਜਾਬੀ’ ਰੂਹਾਨੀਅਤ ਭਰੀ ਬੋਲੀ ਕਹਿ ਕੇ ਵਡਿਆਈ ਦਿੱਤੀ। ਡਾ. ਇਕਬਾਲ ਸਿੰਘ ਨੇ ਆਪਣੇ ਭਾਸ਼ਣ ਵਿਚ ਪੰਜਾਬੀਆਂ ਵਿਚ ਦਿਨੋਂ ਦਿਨ ਵੱਧ ਰਹੇ ਪ੍ਰਵਾਸ ਦੇ ਰੁਝਾਨ ਦਾ ਜ਼ਿਕਰ ਕਰਦਿਆਂ ਲੋਕਾਂ ਵਿਚ ਅੰਗਰੇਜ਼ੀ ਭਾਸ਼ਾ ਪ੍ਰਤੀ ਵੱਧ ਰਹੀ ਆਕਰਸ਼ਨ ਦੀ ਰੁਚੀ ਵੱਲ ਸੰਕੇਤ ਕੀਤਾ ਅਤੇ ਕਿਹਾ ਕਿ ਜੋ ਕੁਝ ਅਸੀਂ ਆਪਣੀ ਮਾਂ ਬੋਲੀ ਰਾਹੀਂ ਪ੍ਰਗਟ ਕਰ ਸਕਦੇ ਹਾਂ ਉਹ ਪਰਾਈ ਬੋਲੀ ਰਾਹੀਂ ਨਹੀਂ ਕਰ ਸਕਦੇ। ਇਸ ਮੌਕੇ ‘ਤੇ ਕਾਲਜ ਦੀਆਂ ਪੁਰਾਣੀਆਂ ਵਿਦਿਆਰਥਣਾਂ ਸੂਫ਼ੀ ਸਿਸਟਰਜ਼ ਚੰਡੀਗੜ੍ਹ ਮਨਪ੍ਰੀਤ ਅਤੇ ਅੰਬਿਕਾ ਵਲੋਂ ਸੂਫ਼ੀਆਨਾ ਕਲਾਮ ਵੀ ਪੇਸ਼ ਕੀਤਾ ਗਿਆ, ਮਾਤ ਭਾਸ਼ਾ ਦੀ ਮਹੱਤਤਾ ਨਾਲ ਸਬੰਧਤ ਸਲਾਈਡ ਸ਼ੋਅ ਵੀ ਕਰਵਾਇਆ ਗਿਆ। ਇਸ ਮੌਕੇ ‘ਤੇ ਸਲੋਗਨ ਮੁਕਾਬਲੇ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ ਅਤੇ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਹਿੰਦੀ ਵਿਭਾਗ ਤੋਂ ਡਾ. ਮੀਤਾ ਅਤੇ ਡਾ. ਸੰਗਮ ਵਰਮਾ ਨੇ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਇਸ ਤੋਂ ਪਹਿਲਾਂ ਸਮਾਗਮ ਦਾ ਆਰੰਭ ਮਾਂ-ਬੋਲੀ ਪੰਜਾਬੀ ਨਾਲ ਸਬੰਧਤ ਜਾਗਰੂਕਤਾ ਯਾਤਰਾ ਰਾਹੀਂ ਕੀਤਾ ਗਿਆ।ਇਸ ਯਾਤਰਾ ਵਿਚ ਵਿਦਿਆਰਥੀਆਂ ਨੇ ਮਾਂ ਬੋਲੀ ਨਾਲ ਸਬੰਧਤ ਸਲੋਗਨ ਅਤੇ ਹੱਥਾਂ ਵਿਚ ਬੈਨਰ ਫੜ ਕੇ ਸਲੋਗਨਾਂ ਦਾ ਉਚਾਰਨ ਕਰਦੇ ਹੋਏ ਮਾਂ ਬੋਲੀ ਦੀ ਮਹੱਤਤਾ ਨੂੰ ਉਜਾਗਰ ਕੀਤਾ। ਸਟੇਜ ਦੀ ਕਾਰਵਾਈ ਡਾ. ਕੰਚਨ ਸਿੰਘ ਨੇ ਬਾਖੂਬੀ ਚਲਾਈ ਅਤੇ ਅੰਤ ਵਿਚ ਡਾ ਸੁਰਿੰਦਰ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।