ਸਕੂਲ ਖੋਲ੍ਹਣ ਦੇ ਫੈਸਲੇ ਤੇ ਆਮ ਆਦਮੀ ਪਾਰਟੀ ਨੇ ਚੁੱਕੇ ਸਵਾਲ
ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਉਣ ਸੰਬੰਧੀ ਸਰਕਾਰ ਤੋਂ ਮੰਗਿਆ ਸਪਸ਼ਟੀਕਰਨ
ਮੁੱਖ ਮੰਤਰੀ, ਸਿਹਤ ਮੰਤਰੀ ਅਤੇ ਸਿੱਖਿਆ ਮੰਤਰੀ ਸਮੇਤ ਨਵਜੋਤ ਸਿੱਧੂ ‘ਤੇ ਵੀ ਦਾਗੇ ਸਵਾਲ
ਚੰਡੀਗੜ੍ਹ, 1 ਅਗਸਤ 2021(ਵਿਸ਼ਵ ਵਾਰਤਾ) ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੋਲ੍ਹਣ ਦੇ ਫ਼ੈਸਲੇ ਬਾਰੇ ਪੈਦਾ ਹੋਏ ਤੌਖਲਿਆਂ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਥਿਤੀ ਸਪਸ਼ਟ ਕਰਨ ਦੀ ਅਪੀਲ ਕੀਤੀ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੂਬਾ ਸਰਕਾਰ ਕੋਲੋਂ ਪੁੱਛਿਆ ਹੈ ਕਿ ਡਾਕਟਰਾਂ ਅਤੇ ਸਿੱਖਿਆ ਮਾਹਿਰਾਂ ਦੀ ਕਿਹੜੀ ਰਿਪੋਰਟ ਦੇ ਆਧਾਰ ਉੱਤੇ ਐਨਾ ਵੱਡਾ ਫੈਸਲਾ ਅਚਾਨਕ ਲੈ ਲਿਆ ਗਿਆ ਹੈ?
ਚੀਮਾ ਨੇ ਕਿਹਾ ਕਿ ਇਹ 60.5 ਲੱਖ ਬੱਚਿਆਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਫੈਸਲਾ ਹੈ, ਜੋ ਸੂਬੇ ਦੀ ਕੁੱਲ ਆਬਾਦੀ ਦੀ 20 ਫੀਸਦੀ ਹਿੱਸਾ ਅਤੇ ਪੰਜਾਬ ਦਾ ਭਵਿੱਖ ਵੀ ਹਨ।
ਚੀਮਾ ਨੇ ਕਿਹਾ ਕਿ ਲੱਖਾਂ ਮਾਪਿਆਂ ਦੀਆਂ ਚਿੰਤਾਵਾਂ ਅਤੇ ਤੌਖਲੇ ਦੂਰ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਕੂਲ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ ਸੱਤਾਧਾਰੀ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਸੂਬਾ ਕਰੋਨਾ ਦੇ ਪ੍ਰਕੋਪ ਤੋਂ ਮੁਕੰਮਲ ਤੌਰ ਉੱਤੇ ਮੁਕਤ ਹੋ ਗਿਆ ਹੈ? ਕੀ ਕੋਰੋਨਾ ਦੀ ਦੂਸਰੀ ਅਤੇ ਚਰਚਿਤ ਤੀਸਰੀ ਲਹਿਰ ਸਮੇਤ ਡੈਲਟਾ ਵੈਰੀਏਂਟ ਦੇ ਖਤਰੇ ਤੋਂ ਹੁਣ ਪੰਜਾਬ ਪੂਰੀ ਤਰ੍ਹਾਂ ਸੁਰੱਖਿਅਤ ਹੈ? ਕੀ ਮਾਪਿਆਂ ਅਤੇ ਅਧਿਆਪਕਾਂ ਨੂੰ ਪਿਛਲੇ ਤਿੰਨ-ਚਾਰ ਦਿਨਾਂ ਤੋਂ ਦੇਸ਼ ਭਰ ਵਿਚ ਵਧ ਰਹੇ ਕੋਰੋਨਾ ਦੇ ਨਵੇਂ ਕੇਸਾਂ ਦੀ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ? ਕੀ ਸਕੂਲ ਖੋਲ੍ਹਣ ਤੋਂ ਪਹਿਲਾਂ ਸਾਰੇ 19500 ਸਰਕਾਰੀ ਅਤੇ 9500 ਪ੍ਰਾਈਵੇਟ ਸਕੂਲਾਂ ਅੰਦਰ ਕੋਰੋਨਾ ਰੋਕੂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਕਨੀਕੀ, ਡਾਕਟਰੀ ਅਤੇ ਵਿਸ਼ੇਸ਼ ਕਰਕੇ 6 ਫੁਟ ਦੀ ਸਰੀਰਕ ਦੂਰੀ (ਫਿਜ਼ੀਕਲ ਡਿਸਟੈਂਸ) ਸਬੰਧੀ ਸਾਰੇ ਪ੍ਰਬੰਧ ਯਕੀਨੀ ਬਣਾ ਲਏ ਗਏ ਹਨ? ਸਰਕਾਰ ਖਾਸ ਕਰਕੇ ਸਿੱਖਿਆ ਅਤੇ ਸਿਹਤ ਮਹਿਕਮੇ ਨੂੰ ਤਸੱਲੀ ਹੋ ਚੁੱਕੀ ਹੈ ਕਿ ਸਰਕਾਰੀ ਸਕੂਲਾਂ ਦੇ ਸਾਰੇ 22,08339 ਅਤੇ ਪ੍ਰਾਈਵੇਟ ਸਕੂਲਾਂ ਦੇ ਕਰੀਬ 38 ਲੱਖ ਵਿਦਿਆਰਥੀਆਂ ਲਈ ਮਾਪਿਆਂ ਜਾਂ ਸਰਕਾਰ ਵੱਲੋਂ ਮਾਸਕਾਂ ਦਾ ਪੂਰਾ ਪ੍ਰਬੰਧ ਹੈ ਅਤੇ ਕੋਈ ਵੀ ਵਿਦਿਆਰਥੀ ਸਕੂਲ ਅੰਦਰ ਬਿਨਾਂ ਮਾਸਕ ਪ੍ਰਵੇਸ਼ ਨਹੀਂ ਕਰੇਗਾ?
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਅਚਾਨਕ ਸਕੂਲ ਖੋਲ੍ਹਣ ਦਾ ਫੈਸਲਾ ਬਿਨਾਂ ਕਿਸੇ ਦਬਾਅ ਤੋਂ ਡਾਕਟਰੀ, ਸਿੱਖਿਆ ਅਤੇ ਤਕਨੀਕੀ ਮਾਹਿਰਾਂ ਦੀਆਂ ਜ਼ਮੀਨੀ ਰਿਪੋਰਟਾਂ ਸਮੇਤ ਸੰਭਾਵੀ ਖ਼ਤਰਿਆਂ ਬਾਰੇ ਚੰਗੀ ਤਰ੍ਹਾਂ ਘੋਖ ਪਰਖ ਕੇ ਲਿਆ ਹੈ ਤਾਂ ਆਮ ਆਦਮੀ ਪਾਰਟੀ ਨੂੰ ਸਰਕਾਰ ਦੇ ਫੈਸਲੇ ਉੱਤੇ ਕੋਈ ਇਤਰਾਜ਼ ਨਹੀਂ ਹੈ ਅਤੇ ਨਾ ਹੀ ਮਾਪਿਆਂ ਜਾਂ ਪੰਜਾਬ ਵਾਸੀਆਂ ਨੂੰ ਹੋਣਾ ਚਾਹੀਦਾ ਹੈ। ਬਸ਼ਰਤੇ ਇਨ੍ਹਾਂ ਤੌਖਲਿਆਂ ਬਾਰੇ ਮੁੱਖ ਮੰਤਰੀ, ਸਿਹਤ ਮੰਤਰੀ ਅਤੇ ਸਿੱਖਿਆ ਮੰਤਰੀ ਸਪਸ਼ਟ ਸ਼ਬਦਾਂ ਵਿੱਚ ਜ਼ਿੰਮੇਵਾਰੀ ਅਤੇ ਗਰੰਟੀ ਲੈਣ ਕਿ ਸਕੂਲ ਗਿਆ ਹਰ ਬੱਚਾ ਉਨ੍ਹਾਂ ਦੀ ਦੂਸਰੀ ਅਤੇ ਸੰਭਾਵਿਤ ਤੀਸਰੀ ਲਹਿਰ ਸਮੇਤ ਡੈਲਟਾ ਦੀ ਲਾਗ ਤੋਂ ਪੂਰੀ ਤਰਾਂ ਸੁਰੱਖਿਅਤ ਰਹੇਗਾ।
ਹਰਪਾਲ ਸਿੰਘ ਚੀਮਾ ਨੇ ਕਿਹਾ, “ਸਾਰਿਆਂ ਵਾਂਗ ਅਸੀਂ ਵੀ ਕਰੋਨਾ ਦੇ ਪ੍ਰਕੋਪ ਅਤੇ ਭੈਅ ਤੋਂ ਮੁਕੰਮਲ ਮੁਕਤੀ ਦੀ ਦੁਆ ਕਰਦੇ ਹਾਂ। ਚਾਹੁੰਦੇ ਹਾਂ ਕਿ ਬੱਚੇ ਪਹਿਲਾਂ ਵਾਂਗ ਸਕੂਲ ਜਾਣ, ਕਿਉਂਕਿ ਡੇਢ ਸਾਲ ਤੋਂ ਘਰਾਂ ਚ ਬੰਦ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿਚ ਚਿੰਤਾਜਨਕ ਖੜੋਤ ਆਈ ਹੈ। ਖਾਸ ਕਰਕੇ ਆਮ ਅਤੇ ਗਰੀਬ ਘਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ ਹੈ, ਪ੍ਰੰਤੂ ਅੱਖਾਂ ਦੇ ਤਾਰੇ ਅਤੇ ਜਿਗਰ ਦੇ ਟੋਟਿਆਂ ਤੋਂ ਵੱਧ ਕੇ ਕੁਝ ਵੀ ਨਹੀਂ ਹੈ। “
ਚੀਮਾ ਮੁਤਾਬਕ, “ਸਾਡੀ ਚਿੰਤਾ ਜ਼ਮੀਨੀ ਹਕੀਕਤਾਂ ਅਤੇ ਕੋਰੋਨਾ ਡੈਲਟਾ ਬਾਰੇ ਦੇਸ਼-ਦੁਨੀਆ ਦੀ ਤਾਜਾ ਖਬਰਾਂ ਨੂੰ ਲੈ ਕੇ ਹੈ। “
ਜ਼ਮੀਨੀ ਹਕੀਕਤ ਬਾਰੇ ਅੰਕੜਿਆਂ ਦੇ ਹਵਾਲੇ ਨਾਲ ਚੀਮਾ ਨੇ ਦੱਸਿਆ ਕਿ ਸਰਕਾਰੀ ਅਤੇ ਸਾਰੇ ਪ੍ਰਾਈਵੇਟ ਸਕੂਲਾਂ ਦੇ ਸਾਢੇ 60 ਲੱਖ ਵਿਦਿਆਰਥੀਆਂ ਲਈ ਕਲਾਸ ਰੂਮਾਂ, ਬੈਂਚਾਂ, ਟਰਾਂਸਪੋਰਟ ਅਤੇ ਹੋਰ ਪ੍ਰਬੰਧਾਂ ਦੀ ਕਮੀ ਸਮੇਤ ਬੱਚਿਆਂ ਨੂੰ ਸੰਭਾਲਣ ਵਾਲੇ ਅਧਿਆਪਕਾਂ ਦਾ ਅਨੁਪਾਤ ਬੱਚਿਆਂ ਦੀ ਸੁਰੱਖਿਆ ਬਾਰੇ ਗੰਭੀਰ ਚਿੰਤਾ ਪੈਦਾ ਕਰਦਾ ਹੈ। ਜਿਥੇ ਸਰਕਾਰੀ ਸਕੂਲਾਂ ਦੇ 22,08339 ਵਿਦਿਆਰਥੀਆਂ ਲਈ 1,16442 ਅਧਿਆਪਕ ਹਨ। ਉਥੇ ਪ੍ਰਾਈਵੇਟ ਸਕੂਲਾਂ ਦੇ 38 ਲੱਖ ਵਿਦਿਆਰਥੀਆਂ ਲਈ ਲਗਭਗ 1,60000 ਅਧਿਆਪਕ ਹਨ।
ਚੀਮਾ ਨੇ ਨਾਲ ਹੀ ਕਿਹਾ ਬੇਸ਼ਕ ਸਰਕਾਰੀ ਸਕੂਲਾਂ ਦਾ ਵਿਦਿਆਰਥੀ ਅਧਿਆਪਕ ਅਨੁਪਾਤ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਬਿਹਤਰ ਜਾਪਦਾ ਹੈ, ਪਰੰਤੂ ਸਰਕਾਰੀ ਸਕੂਲਾਂ ਵਿਚ ਰਿਸ਼ਵਤ ਅਤੇ ਸਿਆਸੀ ਦਖਲ ਅੰਦਾਜੀ ਨਾਲ ਹੁੰਦੀ ਬਦਲੀ ਪੋਸਟ ਪੋਸਟਿੰਗ ਕਾਰਨ ਕਿਸੇ ਸਕੂਲ ਵਿਚ 400 ਬੱਚਿਆਂ ਪਿੱਛੇ ਵੀ ਇੱਕ ਜਾਂ ਦੋ ਅਧਿਆਪਕ ਹਨ (ਸਰਹੱਦੀ ਅਤੇ ਦੂਰ-ਦੁਰਾਡੇ ਦੇ ਪੇਂਡੂ ਖੇਤਰਾਂ ਵਿਚ ਅਜਿਹੀਆਂ ਦਰਜਨਾਂ ਮਿਸਾਲਾਂ ਹਨ), ਦੂਜੇ ਪਾਸੇ ਚੰਗੇ ਸ਼ਹਿਰਾਂ ਅਤੇ ਆਸ-ਪਾਸ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਮੁਕਾਬਲੇ ਅਧਿਆਪਕਾਂ ਦੀ ਬਹੁਤਾਤ ਹੈ।
ਚੀਮਾ ਨੇ ਕਿਹਾ ਕੀ ਅਜਿਹੀਆਂ ਜ਼ਮੀਨੀ ਹਕੀਕਤਾਂ ਕਾਰਨ ਹੀ ਉਹ (ਆਮ ਆਦਮੀ ਪਾਰਟੀ) ਮੁੱਖ ਮੰਤਰੀ ਪੰਜਾਬ ਕੋਲੋਂ ਵੱਡੇ ਫੈਸਲੇ ਬਾਰੇ ਸਪਸ਼ਟੀਕਰਨ ਮੰਗ ਰਹੀ ਹੈ।