ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸਮਝੌਤੇ ਦੀਆਂ ਖਬਰਾਂ ਦਾ ਸ਼੍ਰੋਮਣੀ ਅਕਾਲੀ ਦਲ(ਸੰਯੁਕਤ) ਵੱਲੋਂ ਖੰਡਨ
ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਤੇ ਮਾਫ਼ ਕਰਨ ਵਾਲੇ ਕਦੇ ਮੁੱਖ ਮੰਤਰੀ ਨਹੀਂ ਬਣ ਸਕਦੇ : ਭਾਈ ਮੋਹਕਮ ਸਿੰਘ , ਭੋਮਾ
ਚੰਡੀਗੜ੍ਹ,28 ਫਰਵਰੀ(ਵਿਸ਼ਵ ਵਾਰਤਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਸੰਬੰਧਿਤ ਵੱਡੇ ਧਾਰਮਿਕ ਤੇ ਪੰਥਕ ਆਗੂ ਭਾਈ ਮੋਹਕਮ ਸਿੰਘ ਜਨਰਲ ਸਕੱਤਰ ਅਤੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਅੱਜ ਇਥੇ ਜਾਰੀ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ “ਪੰਜਾਬ ਵਿਧਾਨ ਸਭਾ ਚੋਣਾਂ ਦੇ ਚੌਣ ਨਤੀਜੇ ਕੁੱਝ ਵੀ ਕਿਉਂ ਨਾ ਹੋਣ ਪਰ ਬਰਗਾੜੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਤੇ ਉਹਨਾਂ ਨੂੰ ਮੁਆਫ਼ ਕਰਨ ਵਾਲੇ ਕਦੇ ਵੀ ਭਵਿੱਖ ਵਿੱਚ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣ ਸਕਦੇ । ਇਹਨਾਂ ਦੋਸ਼ੀਆਂ ਨੂੰ ਚੌਣ ਨਤੀਜੇ ਸਖ਼ਤ ਸਜ਼ਾ ਦੇਣਗੇ” । ਉਹਨਾਂ ਕਿਹਾ ”ਜਿਵੇਂ ਸ੍ਰੀ ਦਰਬਾਰ ਸਾਹਿਬ ਹਮਲੇ ਦਾ ਦੋਸ਼ੀ ਗਾਂਧੀ ਪ੍ਰਵਾਰ ਅੱਜ ਤੱਕ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬਣ ਸਕਿਆ । ਇਸੇ ਤਰਾਂ ਹੀ ਸ੍ਰੀ ਦਰਬਾਰ ਵਿੱਚ ਪੁਲੀਸ ਭੇਜਣ ਵਾਲਾ ਸੁਰਜੀਤ ਸਿੰਘ ਬਰਨਾਲਾ ਤੇ ਉਸਦਾ ਪ੍ਰਵਾਰ ਸਦਾ ਲਈ ਪੰਜਾਬ ਤੇ ਪੰਥ ਦੀ ਰਾਜਨੀਤੀ ਵਿੱਚੋਂ ਗ਼ਾਇਬ ਹੋ ਚੁੱਕਾ ਹੈ“ । ਉਹਨਾਂ ਕਿਹਾ ”ਗੁਰੂ ਘਰ ਨਾਲ ਮੱਥਾ ਲਾਉਣ ਵਾਲਿਆਂ ਨੂੰ ਪੰਥ ਨੇ ਕਦੇ ਪ੍ਰਵਾਨ ਨਹੀਂ ਕੀਤਾ ।
ਉਹਨਾਂ ਕਿਹਾ ਪੰਜਾਬ ਦੇ ਨਤੀਜੇ ਕੁੱਝ ਵੀ ਹੋਣ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਪੰਜਾਬ ਤੇ ਪੰਥਕ ਹਿੱਤਾਂ ਖ਼ਾਤਰ ਹਮੇਸ਼ਾ ਸ਼ਾਂਤਮਈ ਸੰਘਰਸ਼ ਕਰਦਾ ਰਹੇਗਾ” । ਉਹਨਾਂ ਇਹਨਾਂ ਅਫਵਾਹਾਂ ਦਾ ਸਖ਼ਤ ਸ਼ਬਦਾਂ ਵਿੱਚ ਖੰਡਨ ਕੀਤਾ ਹੈ ਜਿਸ ਵਿੱਚ ਬਾਦਲ ਕੈਂਪ ਵਲੋਂ ਇਹ ਝੂਠੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਪੰਜਾਬ ਵਿਧਾਨ ਸਭਾ ਦੇ ਚੌਣ ਨਤੀਜਿਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਬਾਦਲਾਂ ਨਾਲ਼ ਸਮਝੌਤਾ ਹੋ ਸਕਦਾ ਹੈ । ਉਹਨਾਂ ਸਪੱਸ਼ਟ ਸ਼ਬਦਾਂ ਵਿੱਚ ਦੋ ਟੁੱਕ ਕਿਹਾ ਕਿ ਹਾਲਾਤ ਕੁੱਝ ਵੀ ਹੋਣ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਕਦੇ ਬਾਦਲਾਂ ਨਾਲ਼ ਸਮਝੌਤਾ ਨਹੀ ਕਰੇਗਾ । ਉਹਨਾਂ ਕਿਹਾ 10 ਮਾਰਚ ਦੇ ਚੋਣ ਨਤੀਜਿਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੱਕ ਤੋੜਵੀਂ ਹਾਰ ਤੋਂ ਬਾਅਦ ਬਾਦਲ ਦਲ ਵਿੱਚ ਵੱਡੀ ਬਗ਼ਾਵਤ ਹੋਵੇਗੀ ਤੇ ਵੱਡੇ ਵੱਡੇ ਅਕਾਲੀ ਲੀਡਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋਣਗੇ ਜੋ ਹੁਣ ਤੋਂ ਹੀ ਸ ਸੁਖਦੇਵ ਸਿੰਘ ਢੀਂਡਸਾ ਤੇ ਸ ਪਰਮਿੰਦਰ ਸਿੰਘ ਢੀਂਡਸਾ ਦੇ ਸੰਪਰਕ ਵਿੱਚ ਹਨ ।
ਉਹਨਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦਾ ਮੁੱਖ ਮਕਸਦ ਹੈ ਕਿ ਜਿੰਨੀਂ ਦੇਰ ਤੱਕ ਅਸੀਂ ਬਾਦਲਾਂ ਤੋਂ ਤਖ਼ਤ ਸਾਹਿਬਾਨਾਂ , ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੂੰ ਅਜ਼ਾਦ ਨਹੀਂ ਕਰਵਾ ਲੈਂਦੇ ਅਤੇ ਬਰਗਾੜੀ ਬੇਅਦਬੀ ਕਾਂਡ , ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਤੇ 328 ਪਾਵਨ ਸਰੂਪਾਂ ਦਾ ਹਿਸਾਬ ਤੇ ਇਨਸਾਫ਼ ਨਹੀਂ ਲੈ ਲੈਂਦੇ । ਉਹਨਾਂ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਚੈਨ ਨਾਲ਼ ਨਹੀਂ ਬੈਠਾਂਗਾ ।























