ਪੰਚਾਇਤੀ ਜ਼ਮੀਨਾਂ ਲੁੱਟਣ ਦੇ ਸਰਕਾਰੀ ਮਨਸੂਬੇ ਸਫਲ ਨਹੀਂ ਹੋਣ ਦੇਵਾਂਗੇ- ਹਰਪਾਲ ਸਿੰਘ ਚੀਮਾ
ਅਧਿਆਪਕਾਂ ਨਾਲ ਬਦਜ਼ਬਾਨੀ ਕਰਨ ‘ਤੇ ਸਿੰਗਲਾ ਨੂੰ ਮੰਤਰੀ ਮੰਡਲ ‘ਚੋਂ ਬਰਖ਼ਾਸਤ ਕਰਨ ਦੀ ਵੀ ਕੀਤੀ ਮੰਗ
ਚੰਡੀਗੜ੍ਹ, 17 ਦਸੰਬਰ-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਇੱਕ ਵਫ਼ਦ ਨੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ 2 ਮੰਗ ਪੱਤਰ ਦੇ ਕੇ ਪੰਚਾਇਤਾਂ ਦੀਆਂ ਸਾਂਝੀਆਂ ਜ਼ਮੀਨਾਂ (ਸ਼ਾਮਲਾਟ) ਨੂੰ ਸਨਅਤੀ ਯੂਨਿਟਾਂ ਲਈ ਲੈਣ ਬਾਰੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਲਏ ਗਏ ਤੁਗ਼ਲਕੀ ਫ਼ੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ। ਜਦਕਿ ਦੂਸਰੇ ਮੰਗ ਪੱਤਰ ਰਾਹੀਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਮੰਤਰੀ ਮੰਡਲ ‘ਚੋਂ ਬਰਖ਼ਾਸਤ ਕਰਨ ਦੀ ਜ਼ੋਰਦਾਰ ਮੰਗ ਰੱਖੀ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਰਾਜਪਾਲ ਨੂੰ ਮਿਲੇ ਇਸ ਵਫ਼ਦ ‘ਚ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਰੁਪਿੰਦਰ ਕੌਰ ਰੂਬੀ, ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਹਰਚੰਦ ਸਿੰਘ ਬਰਸਟ, ਸੁਖਵਿੰਦਰ ਪਾਲ ਸਿੰਘ (ਸੁੱਖੀ), ਬਲਜਿੰਦਰ ਸਿੰਘ ਚੌਂਦਾ, ਨੀਨਾ ਮਿੱਤਲ, ਗੋਵਿੰਦਰ ਮਿੱਤਲ, ਇਕਬਾਲ ਸਿੰਘ, ਪ੍ਰਭਜੋਤ ਕੌਰ, ਮਨਜੀਤ ਸਿੰਘ ਸਿੱਧੂ ਸ਼ਾਮਲ ਸਨ।
‘ਆਪ’ ਮੁਤਾਬਿਕ ਪੰਜਾਬ ਮੰਤਰੀ ਮੰਡਲ ਨੇ ‘ਦਾ ਪੰਜਾਬ ਵਿਲੇਜ਼ ਕਾਮਨ ਲੈਂਡਜ਼’ (ਰੈਗੂਲੇਸ਼ਨ) ਰੂਲਜ਼ 1964 ਵਿਚ ਸੋਧ ਕਰਕੇ ਸ਼ਾਮਲਾਟ ਜ਼ਮੀਨ ਪੰਚਾਇਤਾਂ ਦੇ ਨਾਮ ਤੋਂ ਉਦਯੋਗ ਵਿਭਾਗ ਅਤੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ (ਪੀਐਸਆਈਈਸੀ) ਦੇ ਨਾਮ ਕਰਨ ਦਾ ਕਾਨੂੰਨੀ ਰਾਹ ਸਾਫ਼ ਕਰ ਦਿੱਤਾ ਹੈ। ਪੰਜਾਬ ‘ਚ 1 ਲੱਖ 35 ਹਜ਼ਾਰ ਏਕੜ ਦੇ ਲਗਭਗ ਹਰ ਸਾਲ ਬੋਲੀ ‘ਤੇ ਚੜ੍ਹਾਈ ਜਾਂਦੀ ਆਪਣੀ ਜ਼ਮੀਨ ਤੋਂ ਪੰਚਾਇਤਾਂ ਵਾਂਝੀਆਂ ਹੋ ਜਾਣਗੀਆਂ। ਗ੍ਰਾਮੀਣ ਉਦਯੋਗਿਕ ਵਿਕਾਸ ਦੇ ਨਾਮ ‘ਤੇ ਲਏ ਜਾ ਰਹੇ ਇਸ ਫ਼ੈਸਲੇ ਦੇ ਸਿੱਟੇ ਅਸਲ ‘ਚ ਭਿਆਨਕ ਸਾਬਤ ਹੋਣਗੇ।
‘ਆਪ’ ਦੇ ਵਫ਼ਦ ਨੇ ਦੱਸਿਆ ਕਿ ਫ਼ੈਸਲੇ ਮੁਤਾਬਿਕ ਪੰਚਾਇਤਾਂ ਆਪਣੀ ਜ਼ਮੀਨ ਪੀਐਸਆਈਈਸੀ ਨੂੰ ਵੇਚਣ ਲਈ ਮਤੇ ਪਾਉਣਗੀਆਂ ਅਤੇ ਸਰਕਾਰ ਦੀ ਮਨਜ਼ੂਰੀ ਪਿੱਛੋਂ ਇਹ ਜ਼ਮੀਨਾਂ ਅੱਗੇ ਵੇਚੀਆਂ ਜਾਣਗੀਆਂ, ਪਰੰਤੂ ਪੀਐਸਆਈਈਸੀ ਪੰਚਾਇਤਾਂ ਨੂੰ ਪੂਰਾ ਪੈਸਾ ਨਹੀਂ ਦੇਵੇਗੀ। ਸਰਕਾਰ ਦੀ ਨੀਅਤ ਅਤੇ ਨੀਤੀ ‘ਤੇ ਇਹ ਨੁਕਤਾ ਗੰਭੀਰ ਸਵਾਲ ਖੜ੍ਹਾ ਕਰਦਾ ਹੈ, ਕਿ ਕੀ ਸਰਕਾਰ ਸੱਚਮੁੱਚ ਗ੍ਰਾਮੀਣ ਉਦਯੋਗ ਨੂੰ ਹੁਲਾਰਾ ਦੇਣ ਲਈ ਸੁਹਿਰਦ ਹੈ ਜਾਂ ਫਿਰ ਵਿੱਤੀ ਐਮਰਜੈਂਸੀ ‘ਚ ਜਾਣ ਕਾਰਨ ਪੰਚਾਇਤੀ ਜ਼ਮੀਨਾਂ ਦੀ ਵੇਚ-ਵੱਟ ਕਰਕੇ ਕੁੱਝ ਸਮਾਂ ਆਪਣਾ ਹੋਰ ਵਿੱਤੀ ਬੁੱਤਾ ਮਾਰਨਾ (ਟਾਈਮ ਪਾਸ) ਚਾਹੁੰਦੀ ਹੈ? ਕਿਉਂਕਿ ਪੀਐਸਆਈਈਸੀ ਸਿਰਫ਼ 25 ਪ੍ਰਤੀਸ਼ਤ ਰਾਸ਼ੀ ਪੰਚਾਇਤਾਂ ਨੂੰ ਅਦਾ ਕਰਕੇ ਜ਼ਮੀਨ ਦੀ 100 ਪ੍ਰਤੀਸ਼ਤ ਮਾਲਕੀਅਤ ਆਪਣੇ ਨਾਮ ਕਰਵਾ ਲਵੇਗੀ, ਬਾਕੀ ਦੀ ਰਕਮ 4 ਬਰਾਬਰ ਦੀਆਂ ਕਿਸ਼ਤਾਂ ਨਾਲ ਬਾਅਦ ‘ਚ ਦੇਵੇਗੀ। ਸਿਧਾਂਤਕ ਫ਼ੈਸਲੇ ਮੁਤਾਬਿਕ ਕਿਸ਼ਤਾਂ ਜ਼ਮੀਨ ਦੀ ਖ਼ਰੀਦ ਤੋਂ 2 ਸਾਲ ਬਾਅਦ ਸ਼ੁਰੂ ਹੋਣਗੀਆਂ। ਖ਼ਤਮ ਕਦੋਂ ਹੋਣਗੀਆਂ? ਕੋਈ ਹਵਾਲਾ ਨਹੀਂ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸਲ ਵਿਚ ਇਹ ਪੰਜਾਬ ਦੇ ਲੋਕਾਂ ਅਤੇ ਪਿੰਡਾਂ ਨਾਲ ਕੀਤਾ ਜਾ ਰਿਹਾ ਇੱਕ ਵੱਡਾ ਫਰਜ਼ੀਵਾੜਾ ਹੈ। ਜਿਸ ਦਾ ਸਭ ਤੋਂ ਵੱਧ ਖ਼ਮਿਆਜ਼ਾ ਬੇਜ਼ਮੀਨੇ ਕਿਸਾਨ ਖ਼ਾਸ ਕਰਕੇ ਦਲਿਤ ਵਰਗ ਨੂੰ ਚੁਕਾਉਣਾ ਪਵੇਗਾ, ਜਿੰਨਾ ਲਈ ਵਿਲੇਜ਼ ਕਮਾਨ ਲੈਂਡ ਐਕਟ 1961 ਦੇ ਅਨੁਸਾਰ ਇੱਕ ਤਿਹਾਈ (ਵਨ ਥਰਡ) ਜ਼ਮੀਨ ਰਾਖਵੀਂ ਹੈ। ਇਹ ਬੇਜ਼ਮੀਨੇ ਦਲਿਤ ਅਤੇ ਕਿਸਾਨ ਜੋ ਹੁਣ ਸ਼ਾਮਲਾਟ ਦੀ ਇਸ ਜ਼ਮੀਨ ਨੂੰ ਸਸਤੇ ਠੇਕੇ ‘ਤੇ ਲੈ ਕੇ ਆਪਣੇ ਖਾਣ ਜੋਗੇ ਦਾਣੇ ਅਤੇ ਡੰਗਰ ਪਸ਼ੂਆਂ ਲਈ ਹਰਾ-ਚਾਰਾ ਪੂਰਦੇ ਸਨ, ਉਨ੍ਹਾਂ ਦਾ ਕੀ ਬਣੇਗਾ? ਇੱਥੋਂ ਤੱਕ ਕਿ ਬੇਘਰ ਗ਼ਰੀਬਾਂ ਅਤੇ ਦਲਿਤਾਂ ਨੂੰ ਜੋ ਪੰਜ ਮਰਲਿਆਂ ਦਾ ਪਲਾਟ ਇਨ੍ਹਾਂ ਪੰਚਾਇਤੀ ਜ਼ਮੀਨਾਂ ਵਿਚੋਂ ਕੱਟੇ ਜਾਣ ਦੀ ਉਮੀਦ ਸੀ, (ਕਈ ਪਿੰਡਾਂ ‘ਚ ਗ੍ਰਾਮ ਸਭਾਵਾਂ ਰਾਹੀਂ ਇਹ ਪਲਾਟ ਮਿਲੇ ਵੀ ਹਨ) ਉਸ ਪਲਾਟ ਦੇਣ ਵਾਲੀ ਯੋਜਨਾ ‘ਤੇ ਵੀ ਪੱਕੇ ਤੌਰ ‘ਤੇ ਪਾਣੀ ਫਿਰ ਗਿਆ ਹੈ।
ਚੀਮਾ ਨੇ ਸਵਾਲ ਕੀਤਾ ਕਿ ਇਹ ਕਿਹੋ ਜਿਹੀ ਸਰਕਾਰ ਹੈ ਜੋ ਪਿੰਡਾਂ ਦੀ ਸਦੀਆਂ ਪੁਰਾਣੀ ਸਾਂਝੀ ਵਿਰਾਸਤ ਦੀ ਮਹਿਜ਼ 25 ਫ਼ੀਸਦੀ ਪੈਸੇ ਨਾਲ ਰਜਿਸਟਰੀ ਆਪਣੇ ਨਾਮ ਕਰਕੇ ਹੜੱਪਣਾ ਚਾਹੁੰਦੀ ਹੈ। ਚੀਮਾ ਨੇ ਪੀਐਸਆਈਈਸੀ ਪਹਿਲਾਂ ਹੀ 1500 ਕਰੋੜ ਰੁਪਏ ਦੇ ਪਲਾਟ ਘੋਟਾਲੇ ਦੇ ਦੋਸ਼ਾਂ ‘ਚ ਘਿਰੀ ਹੋਈ ਹੈ। ਜੋ ਘੋਟਾਲੇ ਬਾਜ਼ ਅਫ਼ਸਰ ਵਿਜੀਲੈਂਸ ਬਿਊਰੋ ਦੀ ਜਾਂਚ ‘ਚ ਦੋਸ਼ੀ ਪਾਏ ਗਏ, ਉਹ ਮੁੱਖ ਮੰਤਰੀ ਦਫ਼ਤਰ ਦੀ ਛਤਰ-ਛਾਇਆ ਹੇਠ ਅੱਜ ਵੀ ਉਨ੍ਹਾਂ ਅਹਿਮ ਅਹੁਦਿਆਂ ‘ਤੇ ਡਟੇ ਹੋਏ ਹਨ, ਜਿੰਨਾ ਰਾਹੀਂ ਪੰਚਾਇਤੀ ਜ਼ਮੀਨ ਅੱਗੇ ਸਨਅਤੀ ਪ੍ਰਾਜੈਕਟਾਂ ਨੂੰ ਵੇਚਣ ਦੇ ਮਨਸੂਬੇ ਘੜੇ ਜਾ ਰਹੇ ਹਨ। ਜੇਕਰ ਪੰਚਾਇਤਾਂ ਕੋਲ ਜ਼ਮੀਨ ਹੀ ਨਾ ਬਚੀ ਤਾਂ ਮਨਰੇਗਾ ਅਤੇ ਵਿਕਾਸ ਯੋਜਨਾਵਾਂ ਦਾ ਭੋਗ ਤਾਂ ਪਵੇਗਾ ਹੀ ਨਾਲ ਪੰਚਾਇਤ ਵਿਭਾਗ ਦਾ ਸਟਾਫ਼ ਵੀ ਤਨਖ਼ਾਹਾਂ ਨੂੰ ਤਰਸੇਗਾ, ਕਿਉਂਕਿ ਪੰਜਾਬ ਦੇ ਵਿੱਤੀ ਹਾਲਤ ਬੇਹੱਦ ਨਾਜ਼ੁਕ ਹਨ। ਚਾਹੀਦਾ ਤਾਂ ਇਹ ਸੀ ਕਿ ਕੈਪਟਨ ਸਰਕਾਰ ਇਸ ਵਿੱਤੀ ਐਮਰਜੈਂਸੀ ‘ਤੇ ਫ਼ਤਿਹ ਪਾਉਣ ਲਈ ਪਿਛਲੀ ਬਾਦਲ ਸਰਕਾਰ ਵੱਲੋਂ ਪਾਲੇ ਗਏ ਰੇਤ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਸ਼ਰਾਬ ਮਾਫ਼ੀਆ, ਜ਼ਮੀਨ ਮਾਫ਼ੀਆ, ਲੱਕੜ ਮਾਫ਼ੀਆ, ਸਿੱਖਿਆ ਮਾਫ਼ੀਆ, ਮੰਡੀ ਮਾਫ਼ੀਆ, ਬਦਲੀ ਮਾਫ਼ੀਆ, ਕੇਬਲ ਮਾਫ਼ੀਆ ਅਤੇ ਬਿਜਲੀ ਮਾਫ਼ੀਆ ਆਦਿ ਨੂੰ ਨੱਥ ਪਾ ਕੇ ਇਸ ਅਰਬਾਂ-ਖਰਬਾਂ ਦੀ ਲੁੱਟ ਨੂੰ ਰੋਕਦੀ ਅਤੇ ਸਹੀ ਤੇ ਪਾਰਦਰਸ਼ੀ ਤਰੀਕੇ ਨਾਲ ਪੰਜਾਬ ਦਾ ਖ਼ਜ਼ਾਨਾ ਭਰਦੀ। ਇੱਕ ਇਮਾਨਦਾਰ ਤੇ ਜਨ ਹਿਤੈਸ਼ੀ ਸਰਕਾਰ ਲਈ ਇਹ ਬੇਹੱਦ ਆਸਾਨ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਇਸ ਦੀ ਸ਼ਾਨਦਾਰ ਮਿਸਾਲ ਹੈ, ਪਰੰਤੂ ਲੋਕਾਂ ਦੀਆਂ ਆਸਾ-ਉਮੀਦਾਂ ਨੂੰ ਕੁਚਲਦਿਆਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਬਾਦਲਾਂ ਦੇ ਮਾਫ਼ੀਆ ਰਾਜ ਦੀ ਹੂ-ਬ-ਹੂ ਕਮਾਨ ਆਪਣੇ ਹੱਥ ‘ਚ ਲੈ ਲਈ ਅਤੇ ਬਾਦਲਾਂ ਦੀ ਲੁੱਟ ਨੂੰ ਵੀ ਮਾਤ ਦੇ ਦਿੱਤੀ।
ਵਫ਼ਦ ਨੇ ਮੰਗ ਕੀਤੀ ਕਿ ਕੈਪਟਨ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਲੁੱਟਣ ਲਈ ਕੀਤੀ ਗਈ ਕਾਨੂੰਨਨ ਕਾਲੀ ਸੋਧ ਤੁਰੰਤ ਰੱਦ ਕੀਤੀ ਜਾਵੇ। ਇਹ ਵੀ ਮੰਗ ਰੱਖੀ ਕਿ ਪਿੰਡਾਂ ਦੀਆਂ ਸਾਂਝੀਆਂ ਸ਼ਾਮਲਾਟੀ ਸੰਪਤੀਆਂ ਸੰਬੰਧੀ ਕੋਈ ਵੀ ਫ਼ੈਸਲਾ ਜਾ ਮਤਾ ਗ੍ਰਾਮ ਪੰਚਾਇਤ ਨਹੀਂ ਸਗੋਂ ਗ੍ਰਾਮ ਸਭਾ ਦੀ ਬਕਾਇਦਾ ਬੈਠਕ ਬੁਲਾ ਕੇ ਲਿਆ ਜਾਵੇ।
‘ਆਪ’ ਦੇ ਵਫ਼ਦ ਨੇ ਇਹ ਵੀ ਮੰਗ ਰੱਖੀ ਕਿ ਪੰਜਾਬ ਦੀ ਆਰਥਿਕ ਮੰਦਹਾਲੀ ਨਾਲ ਨਜਿੱਠਣ ਲਈ ਸਭ ਤੋਂ ਪਹਿਲਾਂ ਸਰਕਾਰ ਨੂੰ ਵਾਈਟ ਪੇਪਰ ਜਨਤਕ ਕਰਨ ਦੇ ਨਿਰਦੇਸ਼ ਦਿੱਤੇ ਜਾਣ ਤਾਂ ਕਿ ਇਸ ਲਈ ਜ਼ਿੰਮੇਵਾਰ ਧਿਰਾਂ ਦਾ ਸੱਚ ਲੋਕਾਂ ਸਾਹਮਣੇ ਆ ਸਕੇ। ਇਸ ਉਪਰੰਤ ਸੂਬੇ ‘ਚ ਸਖ਼ਤੀ ਨਾਲ ਮਾਫ਼ੀਆ ਰਾਜ ਖ਼ਤਮ ਕੀਤਾ ਜਾਵੇ। ਜ਼ਰੂਰਤ ਪਵੇ ਤਾਂ ਸਰਕਾਰ ਹੀ ਭੰਗ ਕਰ ਦਿੱਤੀ ਜਾਵੇ।
ਬਾਕਸ ਲਈ
ਚੰਡੀਗੜ੍ਹ, 17 ਦਸੰਬਰ 2019
ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਮਿਲ ਕੇ ਆਮ ਆਦਮੀ ਪਾਰਟੀ (ਆਪ) ਦੇ ਵਫ਼ਦ ਨੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਮੰਤਰੀ ਮੰਡਲ ‘ਚੋਂ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮਾਮਲਾ ਪਿਛਲੇ ਦਿਨੀਂ ਬਰਨਾਲਾ ਦਾ ਹੈ, ਜਿੱਥੇ ਸਿੱਖਿਆ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਸੂਬਾ ਭਰ ‘ਚ ਈਟੀਟੀ/ਬੀਐਡ/ਐਮਐਡ/ ਟੈਟ ਪਾਸ (ਯੋਗ ਅਧਿਆਪਕ) ਲੜਕੇ ਅਤੇ ਲੜਕੀਆਂ ਸਰਕਾਰ ਵੱਲੋਂ ਆਪਣੇ ਵਾਅਦੇ ਮੁਤਾਬਿਕ ਨੌਕਰੀ ਨਾ ਦਿੱਤੇ ਜਾਣ ਵਿਰੁੱਧ ਜਮਹੂਰੀ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਸਿੱਖਿਆ ਮੰਤਰੀ ਆਪਣੀ ਡਿਊਟੀ ਅਤੇ ਜ਼ਿੰਮੇਵਾਰੀ ਸਮਝਦੇ ਹੋਏ ਉਨ੍ਹਾਂ ਯੋਗ ਅਤੇ ਹੋਣਹਾਰ ਨੌਜਵਾਨ ਲੜਕੇ-ਲੜਕੀਆਂ ਨਾਲ ਗੱਲਬਾਤ ਕਰਦੇ ਅਤੇ ਉਨ੍ਹਾਂ ਨੂੰ ਕਾਂਗਰਸ ਦੇ ਚੋਣ ਮੈਨੀਫੈਸਟੋ ਅਨੁਸਾਰ ਨੌਕਰੀ ਦੇਣ ਦਾ ਸਮਾਂਬੱਧ ਭਰੋਸਾ ਦਿੰਦੇ, ਪਰੰਤੂ ਸਿੱਖਿਆ ਮੰਤਰੀ ਨੇ ਜਨਤਕ ਤੌਰ ‘ਤੇ ਨਾ ਸਿਰਫ਼ ਭੱਦੀਆਂ ਗਾਲ੍ਹਾਂ ਕੱਢੀਆਂ, ਸਗੋਂ ਮੌਕੇ ‘ਤੇ ਮੌਜੂਦ ਸਥਾਨਕ ਪੁਲਸ ਅਫ਼ਸਰਾਂ ਨੂੰ ਹੁਕਮ ਦਿੱਤੇ ਕਿ ਇਨ੍ਹਾਂ ਅਧਿਆਪਕ/ਅਧਿਆਪਕਾਵਾਂ ਨੂੰ ਚੁੱਕ ਕੇ ਥਾਣੇ ‘ਚ ਸੁੱਟੋ।
‘ਆਪ’ ਦੇ ਵਫ਼ਦ ਨੇ ਕਿਹਾ ਕਿ ਪੰਜਾਬ ਨੂੰ ਅਜਿਹੇ ਬਦਜ਼ਬਾਨ, ਬੇਲਗ਼ਾਮ ਅਤੇ ਬੇਹੂਦਾ ਸਿੱਖਿਆ ਮੰਤਰੀ ਦੀ ਬਿਲਕੁਲ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੰਸਕ੍ਰਿਤੀ ਅਤੇ ਪੰਜਾਬੀ ਸਮਾਜ ‘ਚ ਅਧਿਆਪਕ ਦਾ ਰੁਤਬਾ ਹਮੇਸ਼ਾ ਉੱਚਾ ਰਿਹਾ ਹੈ। ਅਧਿਆਪਕ ਨੂੰ ਦੇਸ਼ ਦੇ ਨਿਰਮਾਤਾ ਵਜੋਂ ਸਤਿਕਾਰ ਦਿੱਤਾ ਜਾਂਦਾ ਹੈ। ਜੇਕਰ ਅਧਿਆਪਕ ਗਾਲ੍ਹਾਂ ਅਤੇ ਡਾਂਗਾਂ ਖਾ ਕੇ ਨੌਕਰੀਆਂ ਲੈਣਗੇ ਜਾਂ ਕਰਨਗੇ ਤਾਂ ਉਨ੍ਹਾਂ ਤੋਂ ਦੇਸ਼ ਦੇ ਅੱਛੇ ਨਿਰਮਾਤਾ ਬਣਨ ਦੀ ਆਸ ਕਰਨਾ ਬੇਮਾਨਾ ਹੋਵੇਗੀ। ਅਧਿਆਪਕਾਂ ਦੇ ਮੰਤਰੀ ਵਜੋਂ ਸਿੱਖਿਆ ਮੰਤਰੀ ਦਾ ਰੁਤਬਾ ਹੋਰ ਵੀ ਉੱਚਾ ਅਤੇ ਸਨਮਾਨਯੋਗ ਹੈ। ਵਿਜੈਇੰਦਰ ਸਿੰਗਲਾ ਨੇ ਹਰ ਲਿਹਾਜ਼ ਨਾਲ ਆਪਣੇ ਇਸ ਉੱਚੇ ਰੁਤਬੇ ਦੀ ਤੌਹੀਨ ਕੀਤੀ ਹੈ ਅਤੇ ਉਹ ਇਸ ਰੁਤਬੇ (ਸਿੱਖਿਆ ਮੰਤਰੀ) ਦੇ ਬਿਲਕੁਲ ਕਾਬਲ ਨਹੀਂ ਹੈ। ਇਸ ਲਈ ਵਿਜੈਇੰਦਰ ਸਿੰਗਲਾ ਨੂੰ ਮੰਤਰੀ ਮੰਡਲ ‘ਚੋਂ ਤੁਰੰਤ ਬਰਖ਼ਾਸਤ ਕੀਤਾ ਜਾਵੇ ਅਤੇ ਕਿਸੇ ਯੋਗ ਅਤੇ ਸਿਆਣੇ ਆਗੂ ਨੂੰ ਸਿੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਜਾਵੇ, ਜੋ ਅਧਿਆਪਕ ਦਾ ਸਨਮਾਨ ਬਹਾਲ ਕਰਨ ਅਤੇ ਯੋਗ ਅਧਿਆਪਕਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਮੰਨਣ ਦਾ ਮਾਦਾ ਰੱਖਦਾ ਹੋਵੇ।