ਵੱਡਾ ਸਨਮਾਨ – ਯਾਦਗਾਰੀ ਪਾਰਕ : ਨਵਤੇਜ ਕੌਰ ਦਰਸ਼ੀ
ਚੰਡੀਗੜ੍ਹ,26ਅਪ੍ਰੈਲ(ਵਿਸ਼ਵ ਵਾਰਤਾ)
ਕਿੰਨਾਂ ਵੱਡਾ ਸਨਮਾਨ ਹੈ ਇਹ
ਹੱਦਾਂ ਤੇ ਬੰਨਿਆਂ ਤੋਂ
ਉੱਚਾ ਉੱਠ ਜਾਣਾ
ਕਿੰਨਾਂ ਵੱਡਾ ਸਨਮਾਨ ਹੈ ਇਹ
ਗੁਰੂ ਨਾਨਕ ਦਾ ਸਿੱਖ ਹੋਣਾ
ਲੈਨਿਨ ਦਾ ਸਿਪਾਹੀ ਹੋਣਾ
(ਜਦੋਂ ਅਸੀਂ ਆਵਾਂਗੇ)
ਮੁਹਾਲੀ ਵਿੱਚ ਭਾਪਾ ਜੀ ਦਾ ਪੱਕਾ ਪਤਾ ਕੋਠੀ ਨੰਬਰ 689,ਫੇਜ਼ 10,ਸਾਹਿਬਜ਼ਾਦਾ ਅਜੀਤ ਸਿੰਘ ਨਗਰ(ਜ਼ਿਲ੍ਹਾ ਮੋਹਾਲੀ)
ਫੌਨ ਨੰ:0172-221920ਸੀ, ਮੋਬਾਇਲ ਫੌਨ ਕੋਈ ਨਹੀਂ ਸੀ।
ਪਿਛਲੇ ਦਿਨੀਂ ਵੱਖ-ਵੱਖ ਅਖ਼ਬਾਰਾਂ ਵਿੱਚ ਵਿੱਚ ਖ਼ਬਰਾਂ ਲੱਗੀਆਂ ਕਿ ਮੁਹਾਲੀ ਦੇ ਸਭ ਤੋਂ ਵੱਡੇ ਪਾਰਕ ਸਿਲਵੀ ਗਾਰਡਨ ਫੇਜ਼-10 ਦਾ ਨਾਂ ਬਦਲ ਕੇ ਸ੍ਰੋਮਣੀ ਸਾਹਿਤਕਾਰ ਸ੍ਰੀ ਸੰਤੋਖ ਸਿੰਘ ਧੀਰ ਦੇ ਨਾਂ ਤੇ ਰੱਖ ਦਿੱਤਾ ਹੈ। ਪਾਰਕ ਵਿਚਲੀ ਲਾਇਬ੍ਰੇਰੀ ਅਤੇ ਓਪਨ ਥਿਏਟਰ ਵੀ ਸਮਰਪਿਤ ਕੀਤਾ ਹੈ। ਸਮੁੱਚਾ ਪਰਿਵਾਰ ਖੁਸ਼ ਹੈ। ਸਾਹਿਤਕ ਪ੍ਰੇਮੀਆਂ ਵਿੱਚ ਵੀ ਖੁਸ਼ੀ ਦੀ ਲਹਿਰ ਫੈਲ ਗਈ ਹੈ। ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਖੁਸ਼ੀ ਸਾਂਝੀ ਕੀਤੀ ਗਈ ਹੈ। ਕਿਉਂਕਿ ਆਉਣ ਵਾਲੇ ਸਮੇਂ ਵਿੱਚ ਸਾਹਿਤਕ ਖੇਤਰ ਦੀਆਂ ਮਹਾਨ ਹਸਤੀਆਂ ਦਾ ਨਾਂ ਸਕੂਲ ,ਕਾਲਜ, ਸੜਕਾਂ ,ਪਹੈ ਅਤੇ ਗਲ਼ੀਆਂ ਤੇ ਲਿਖਿਆ ਜਾਵੇਗਾ। ਹੋਣਾਂ ਵੀ ਚਾਹੀਦਾ ਹੈ। ਸਾਹਿਤਕਾਰ ਦਾ ਕੰਮ ਆਪਣੀਆਂ ਲਿਖਤਾਂ ਵਿੱਚ ਲੋਕਾਂ ਨੂੰ ਸੇਧ ਦੇਣ ਦਾ ਹੁੰਦਾ ਹੈ। ਇਸੇ ਤਰੀਕੇ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾ ਸਕਦਾ ਹੈ। ਨਗਰ ਨਿਗਮ ਮੁਹਾਲੀ ਇਸ ਕਾਰਜ ਲਈ ਵਧਾਈ ਦੀ ਪਾਤਰ ਹੈ।
ਬਚਪਨ ਵਿੱਚ ਜਦੋਂ ਕਦੀਂ ਮੈਂ ਮਾਣ-ਸਨਮਾਨ ਬਾਰੇ ਗੱਲ ਕਰਦੀ ਤਾਂ ਏਹੀ ਕਹਿੰਦੇ ਕਿ ਇਹ ਥੋੜ੍ਹਾ ਮਾਣ-ਸਨਮਾਨ ਹੈ ਕਿ ਮੇਰੇ ਪਾਤਰ ਅੱਜ ਵੀ ਜੀਉਂਦੇ ਜਾਗਦੇ ਹਨ। ਅੱਜ ਮਹਿਸੂਸ ਵੀ ਕਰਦੀ ਹਾਂ ਤੇ ਖੁਸ਼ੀ ਵੀ ਹੈ। ਭਾਪਾ ਜੀ ਦਾ ਮਾਣ-ਸਨਮਾਨ ਰਹਿੰਦੀ ਦੁਨੀਆ ਤੱਕ ਕਾਇਮ ਰਹੇਗਾ। 8ਫਰਵਰੀ 2010 ਨੂੰ ਭਾਪਾ ਜੀ ਸਾਡੇ ਤੋਂ ਵਿਛੜ ਗਏ ਸਨ। ਸਾਰੇ ਪਰਿਵਾਰ ਦੀ ਸਹਿਮਤੀ ਨਾਲ ਦੇਹ ਪੀ.ਜੀ.ਆਈ ਨੂੰ ਸੌਂਪੀ ਗਈ ਸੀ। ਪੀ.ਜੀ.ਆਈ ਦੀ ਅਨਾਟਮੀ ਵਿਭਾਗ ਦੇ ਮੁਖੀ ਡਾ.ਡੇਜ਼ੀ ਸਾਹਨੀ ਨੇ ਦੱਸਿਆ ਸੀ ਕਿ ਮੈਡੀਕਲ ਦੇ ਵਿਦਿਆਰਥੀ ਦੇਹ ਉੱਤੇ ਪੜ੍ਹਾਈ ਅਤੇ ਖੋਜ ਕਰਨਗੇ। ਅੱਖਾਂ ਦਾਨ ਕਰਨ ਦੀ ਇੱਛਾ ਆਪਣੇ ਜੀਉਂਦੇ ਜੀਅ ਕਰ ਗਏ ਸੀ। ਭਾਪਾ ਜੀ ਦੀ ਆਖ਼ਰੀ ਕਾਵਿ-ਪੁਸਤਕ ‘ਕੋਧਰੇ ਦਾ ਮਹਾਂਗੀਤ’ ਸੀ, ਜੋ ਬਿਮਾਰੀ ਦੀ ਹਾਲਤ ਵਿੱਚ ਲਿਖੀ।
ਮੈਂ ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ ਹੈ ਕਿ ਆਪਣੇ ਜੱਦੀ ਪੁਸ਼ਤੀ ਪਿੰਡ ਡਡਹੇੜੀ ਜ਼ਿਲ੍ਹਾ ਫਹਿਤਗੜ੍ਹ ਰਹਿੰਦੇ ਸੀ। ਭਾਪਾ ਜੀ ਦਾ ਸਾਹਿਤਕ ਸਫਰ ਵੀ ਇੱਕ ਛੋਟੇ ਜਿਹੇ ਘਰ ਤੋਂ ਸ਼ੁਰੂ ਹੋਇਆ। ਗੁੱਡੀਆਂ ਪਟੋਲੇ, ਪਹੁ ਫੁਟਾਲਾ, ਧਰਤੀ ਮੰਗਦੀ ਮੀਂਹ ਵੇ, ਬਿਰਹੜੇ ਤੋਂ ਇਲਾਵਾ ਪ੍ਰਸਿੱਧ ਕਹਾਣੀਆਂ ਸਾਂਝੀ ਕੰਧ, ਸਵੇਰ ਹੋਣ ਤੱਕ, ਇਕ ਸਧਾਰਨ ਆਦਮੀ, ਮੇਰਾ ਉਜੜਿਆ ਗੁਆਂਢੀ, ਕੋਈ ਇੱਕ ਸਵਾਰ ਦੀ ਰਚਨਾ ਕੀਤੀ। ਇਨ੍ਹਾਂ ਕਹਾਣੀਆਂ ਦੇ ਪਾਤਰ ਅੱਜ ਵੀ ਜਿਉਂਦੇ ਜਾਗਦੇ ਹਨ। ਕੋਈ ਇੱਕ ਸਵਾਰ ਕਹਾਣੀ ਤਾਂ ਬੱਚੇ-ਬੱਚੇ ਦੇ ਜਵਾਨੀ ਯਾਦ ਹੈ। ਭਾਪਾ ਜੀ ਨੂੰ ਦੇਖਦੀ ਸਾਰ ਕਹਿ ਦਿੰਦੇ ਸਨ:-
“ਜਾਂਦਾ ਕੋਈ ਇੱਕ ਸਵਾਰ
ਖੰਨੇ ਦਾ ਬਈ ਓ…”
5 ਮਈ 1981 ਨੂੰ ਪਿੰਡ ਛੱਡ ਮੁਹਾਲੀ ਆ ਗਏ। ਮੁਹਾਲੀ ਆਉਣ ਦੇ ਦੋ-ਤਿੰਨ ਕਾਰਨ ਸਨ। ਇੱਕ ਤਾਂ ਪਿੰਡ ਛੱਡ ਕੇ ਕਿਸੇ ਸ਼ਹਿਰ ਵਿੱਚ ਵੱਸਣਾ ਚਾਹੁੰਦੇ ਸੀ। ਦੂਜਾ ਮੇਰਾ ਭਰਾ ਨਵਰੀਤ ਸਿੰਘ ਮੁਹਾਲੀ ਵਿਖੇ ਨਵੀਂ ਖੁੱਲ੍ਹੀ ਟੈਲੀਵਿਜ਼ਨ ਫੈਕਟਰੀ ‘ਪੰਜ ਸਟਾਰ ਸਟੈਡਰਡ ਟੀ.ਵੀ’ ਵਿੱਚ ਕੰਮ ਕਰਨ ਲੱਗ ਪਿਆ ਸੀ। ਉਹ ਇਕੱਲਾ ਕਿਸੇ ਮੁੰਡੇ ਨਾਲ ਰਹਿ ਰਿਹਾ ਸੀ। ਤੀਜਾ ਸਾਡਾ ਚਾਚਾ ਰਿਪੁਦਮਨ ਸਿੰਘ ਰੂਪ ਭਾਪਾ ਜੀ ਨੂੰ ਵਾਰ-ਵਾਰ ਕਹਿ ਰਿਹਾ ਸੀ ਵੀਰ ਪਿੰਡ ਛੱਡ ਮੁਹਾਲੀ ਆ ਜਾਵੋ, ਘਰ ਵੀ ਇੱਥੇ ਬਣਾਵਾਂਗੇ। 10 ਮਰਲੇ ਦਾ ਪਲਾਟ ਵੀ ਲੈ ਲਿਆ ਸੀ। ਮੁਹਾਲੀ ਆ ਕੇ ਫੇਜ਼-6 ਵਿੱਚ ਕੋਠੀ ਨੰਬਰ 18 ਨੇੜੇ ਦਾਰਾ ਸਟੂਡਿਓ ਵਿਖੇ ਇੱਕ ਕਮਰਾ ਪਹਿਲੀ ਮੰਜ਼ਿਲ ਤੇ ਕਿਰਾਏ ਤੇ ਲਿਆ, ਰਸੋਈ ਵੀ ਨਹੀਂ ਸੀ। ਇਸ ਵਿੱਚ ਭਾਪਾ ਜੀ, ਬੀਬੀ , ਮੈਂ ਤੇ ਮੇਰਾ ਭਰਾ ਰਹਿੰਦੇ ਸੀ। ਤਿੰਨ ਭੈਣਾਂ ਵਿਆਹੀਆਂ ਹੋਈਆਂ ਸਨ। ਇੱਥੇ ਥੋੜ੍ਹਾ ਸਮਾਂ ਹੀ ਰਹੇ, ਟੇਬਲ ਨਾਲ ਕੁਰਸੀ ਵੀ ਨਸੀਬ ਨਹੀਂ ਹੋਈ। ਕਾਨਿਆਂ ਦੇ ਮੂੜ੍ਹੇ ਉੱਤੇ ਗੱਦੀ ਰੱਖ ਕੇ ਲਿਖਦੇ ਸਨ। ਉਸ ਤੋਂ ਬਾਅਦ ਫੇਜ਼-9 ਵਿੱਚ ਸ਼ਿਫਟ ਕਰ ਲਿਆ। ਕਨਾਲ਼ ਦੀ ਕੋਠੀ ਸੀ, ਸਾਡੇ ਕੋਲ਼ ਇੱਕ ਕਾਰ ਗੈਰੇਜ਼ ਤੇ ਇੱਕ ਬੈੱਡਰੂਮ ਸੀ। ਰਸੋਈ ਵੀ ਖੁੱਲੀ ਸੀ। ਪਰ ਬੜੇ ਔਖੇ ਦਿਨ ਕੱਟੇ। ਮੁਹਾਲੀ ਸ਼ਹਿਰ ਵੱਸ ਰਿਹਾ ਸੀ। ਸਾਰੇ ਫੇਜ਼ ਬੇ-ਅਬਾਦ ਸਨ। ਉਜਾੜ ਏਰੀਏ ਵਿੱਚ ਇਕੱਲੀ ਕੋਠੀ ਸੀ। ਦੂਰ ਕਿਤੇ-ਕਿਤੇ ਘਰ ਜਾਂ ਕੋਠੀਆਂ ਦਿਖਾਈ ਦਿੰਦੀਆਂ ਸਨ। ਲੋਕਲ ਬੱਸ ਵੀ 9ਫੇਜ਼ ਤੱਕ ਹੀ ਆਉਂਦੀ ਸੀ। ਬੱਸ ਤੋਂ ਉੱਤਰ ਕੇ ਜਦੋਂ ਅਸੀਂ ਘਰ ਜਾਂਦੇ ਤਾਂ ਸਾਨੂੰ ਸ਼ਮਸ਼ਾਨ ਘਾਟ ਕੋਲੋਂ ਲੰਘਣਾ ਪੈਂਦਾ ਸੀ। ਹਰ ਰੋਜ਼ ਹੀ ਮੁਰਦਿਆਂ ਦਾ ਸਸਕਾਰ ਕੀਤਾ ਹੁੰਦਾ ਸੀ। ਧੂੰਆਂ ਵੀ ਉੱਡਦਾ ਰਹਿੰਦਾ ਸੀ, ਨੇੜੇ ਹੀ ਨਦੀ ਸੀ। ਹਰ ਰੋਜ਼ ਸੱਪ ਵੀ ਦਿਖਦੇ ਸਨ। ਨਦੀ ਪਾਰ ਕਰਕੇ ਫੇਜ਼ 10 ਜਾਣਾ ਪੈਂਦਾ ਸੀ। ਕਿਉਂਕਿ ਚਾਚਾ ਜੀ ਵੀ ਸਾਹਮਣੇ ਕਿਰਾਏ ਤੇ ਰਹਿੰਦੇ ਸੀ। ਬਾਅਦ ਵਿੱਚ ਉਹਨਾਂ ਨੇ ਫੇਜ਼ 10 ਵਿੱਚ ਹੀ 2249 ਨੰਬਰ ਕੋਠੀ ਬਣਾਈ, ਹੁਣ ਤੱਕ ਉੱਥੇ ਹੀ ਰਹਿੰਦੇ ਹਨ।
1984 ਵਿੱਚ ਸਾਡੀ ਕੋਠੀ ਬਣਨੀ ਸ਼ੁਰੂ ਹੋਈ। 11 ਅਪ੍ਰੈਲ1984 ਨੂੰ ਨੀਂਹ ਪੱਥਰ ਰੱਖਿਆ ਗਿਆ। ਘਰ ਬਣਾਉਣ ਲਈ ਇਥੇ ਵੀ ਕਿਰਾਏ ਤੇ ਮਕਾਨ ਲਿਆ। ਫੇਜ-9 ਛੱਡ ਦਿੱਤਾ ਸੀ। ਭਾਪਾ ਜੀ ਨੂੰ ਬਹੁਤ ਮੁਸ਼ੱਕਤ ਕਰਨੀ ਪਈ। ਚਾਲੀ ਹਜ਼ਾਰ ਰੁਪੈ ਕਰਜਾ ਵੀ ਲੈਣਾ ਪਿਆ। ਕੋਠੀ ਸ਼ੁਰੂ ਤਾਂ ਕਰ ਲਈ ਪਰ ਜਿੰਨੀਆਂ ਔਕੜਾਂ ਝੱਲਣੀਆਂ ਪਈਆਂ ਦੱਸ ਨਹੀਂ ਸਕਦੇ। ਉਜਾੜ ਬੀਆਬਾਨ ਏਰੀਆ ਸੀ। ਪਰ ਦੂਰ 704 ਨੰਬਰ ਕੋਠੀ ਕਿਸੇ ਤਹਿਸੀਲਦਾਰ ਦੀ ਸੀ। ਆਰਥਿਕ ਹਾਲਤ ਤਾਂ ਸਾਡੀ ਪਹਿਲਾਂ ਹੀ ਕੰਮਜ਼ੋਰ ਸੀ। ਉਲਟਾ ਕੋਠੀ ਸ਼ੁਰੂ ਕਰ ਲਈ। ਚਾਰ ਬੈੱਡਰੂਮ ਵਾਲਾ ਨਕਸ਼ਾ ਸੀ। ਪਰ ਬਜਟ ਅਨੁਸਾਰ ਦੋ ਬੈੱਡਰੂਮ ਹੀ ਬਣਾ ਸਕੇ। ਸਭ ਤੋਂ ਪਹਿਲੀ ਔਕੜ ਬਣ ਰਹੀ ਕੋਠੀ ਤੋਂ ਸਾਢੇ ਤਿੰਨ ਹਜ਼ਾਰ ਇੱਟਾਂ ਚੋਰੀ ਹੋ ਗਈਆਂ। ਮੀਂਹ ਦੇ ਸ਼ੋਰ ਸ਼ਰਾਬੇ ਵਿੱਚ ਇੱਟਾਂ ਚੁੱਕਣ ਦਾ ਖੜਾਕ ਦਾ ਪਤਾ ਹੀ ਨਹੀਂ ਲੱਗਿਆ। ਰਿਪੋਰਟ ਕਰਵਾਈ ਗਈ। ਲੇਖਕ ਕਰਕੇ ਪੁਲਿਸ ਵਾਲੇ ਬੜੇ ਸਤਿਕਾਰ ਨਾਲ ਪੇਸ਼ ਹੋਏ। ਭਾਪਾ ਜੀ ਕਹਿੰਦੇ ਕਿ ਮੈਨੂੰ ਸਤਿਕਾਰ ਨਹੀਂ ਸਗੋਂ ਇੱਟਾਂ ਵਾਪਸ ਆਉਣੀਆਂ ਚਾਹੀਦੀਆਂ ਹਨ। ਡੇਢ ਹਜ਼ਾਰ ਦੀਆਂ ਇੱਟਾਂ ਕੋਈ ਮਮੂਲੀ ਗੱਲ ਨਹੀਂ ਸੀ। ਇੱਟਾਂ ਵਾਪਸ ਆਈਆਂ। ਜਿਸ ਬੰਦੇ ਤੇ ਸ਼ੱਕ ਸੀ ਉਸੇ ਦੇ ਘਰੋਂ ਮਿਲੀਆਂ। ਪੁਲਿਸ ਵਾਲਿਆਂ ਨੇ ਭਾਪਾ ਜੀ ਦੇ ਲੇਖਕ ਹੋਣ ਦੀ ਬੜੀ ਕਦਰ ਕੀਤੀ। ਜਿਸ ਤਰ੍ਹਾਂ ਭਾਪਾ ਜੀ ਨੇ ਆਪਣੀਆਂ ਕਹਾਣੀਆਂ , ਕਵਿਤਾਵਾਂ ਵਿੱਚ ਪਰੂਫ ਰੀਡਿੰਗ ਦੀ ਗਲਤੀ ਬਰਦਾਸ਼ਤ ਨਹੀਂ ਕੀਤੀ। ਠੀਕ ਉਸੇ ਤਰ੍ਹਾਂ ਕੋਠੀ ਵਿੱਚ ਵੀ ਕੋਈ ਗਲਤੀ ਨਹੀਂ ਰਹਿਣ ਦੇਣਾ ਚਾਹੁੰਦੇ ਸਨ। ਉਸਾਰੀ ਸ਼ੁਰੂ ਹੋਈ ਤਾਂ ਕੰਧਾਂ ਵਿੰਗੀਆਂ ਦਿਸੀਆਂ। ਕੰਮ ਬੰਦ ਕਰਵਾ ਦਿੱਤਾ। ਦੁਬਾਰਾ ਉਸਾਰੀ ਢਾਹੀ ਜਾਵੇਗੀ। ਕਿਸੇ ਹੋਰ ਮਿਸਤਰੀ ਤੋਂ ਦੁਬਾਰਾ ਕਰਵਾਂਵਾਗਾਂ ਕੰਮ ਵਿੱਚ ਹੀ ਖਲੋ ਗਿਆ। ਬੈਂਕ ਕੋਲੋਂ ਚਾਲੀ ਹਜ਼ਾਰ ਲਏ ਕਰਜੇ ਦੀ ਪੰਜ ਹਜ਼ਾਰ ਚੌਵੀ ਕਿਸ਼ਤ ਸ਼ੁਰੂ ਹੋ ਗਈ। ਚੋਰਾਂ ਨੇ ਕੰਧ ਢਾਅ ਕੇ ਵਿੱਚੋਂ ਪਾਈਪ ਕੱਢ ਲਈ, ਦੂਜੀ ਵੀ ਕੱਢਣ ਲੱਗੇ ਸੀ ਪਰ ਬੀਮ ਪੈਣ ਕਾਰਨ ਕੰਧ ਵਿੱਚੋਂ ਪਾਇਪ ਨਹੀਂ ਨਿਕਲੀ। ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਦੂਜੀ ਘਟਨਾ ਵਾਪਰੀ। ਚੋਰ ਆਏ ਬਣ ਰਹੇ ਮਕਾਨ ਦੇ ਬੂਹਿਆਂ ਵਿੱਚ ਜੜ੍ਹੀਆਂ ਛੇ ਚੁਗਾਠਾਂ ਕੱਢ ਕੇ ਲੈ ਗਏ। ਭਾਪਾ ਜੀ ਬੜੇ ਦੁਖੀ ਹੋਏ। ਥਾਣੇ ਜਾਕੇ ਕੀ ਕਰਾਂਗਾ? ਪਾਇਪਾਂ ਮਿਲੀਆਂ ਨਹੀਂ ਚੁਗਾਠਾਂ ਵੀ ਲੈ ਗਏ। ਮੀਟਰ ਦਾ ਤਾਲਾ ਵੀ ਤੋੜਿਆ ਗਿਆ ਬਾਅਦ ਵਿੱਚ ਚੋਰੀ ਹੋਈਆਂ ਚੁਗਾਠਾਂ ਟੈਂਕੀ ਦੇ ਕੋਲ ਬਣ ਰਹੀ ਕਿਸੇ ਹੋਰ ਦੀ ਕੋਠੀ ਵਿੱਚ ਲਾਈਆਂ ਗਈਆਂ ਸਨ। ਬੜੀ ਹੀ ਖੱਜਲ-ਖੁਆਰੀ ਪਿੱਛੋਂ ਕਢਵਾਈਆਂ ਗਈਆਂ। ਪਰ ਫੇਰ ਵੀ ਮਕਾਨ ਤਾਂ ਆਪਣਾ ਹੀ ਬਣ ਰਿਹਾ ਸੀ। ਉਹ ਵੀ ਫੇਜ਼ 10 ਦੀ ਪੱਕੀ ਰਿਹਾਇਸ਼। ਕਹਾਣੀ ‘ਹਾਰੇ ਹੋਏ’ ਬਣ ਰਹੇ ਮਕਾਨ ਬਾਰੇ ਲਿਖੀ ਕਿਵੇਂ ਰੇਤਾ ,ਬਜਰੀ, ਸਰੀਏ ਵਾਲੇ ਲੋਕਾਂ ਦੀ ਲੁੱਟ ਖਸੁੱਟ ਕਰਦੇ ਹਨ। ਘੱਟ ਤੋਲਦੇ ਹਨ। ਪੈਸੇ ਵੱਧ ਲੈਂਦੇ ਹਨ। ਕਹਾਣੀ ਪੜ੍ਹਨ ਵਾਲੀ ਹੈ। ਅੱਜ ਵੀ ਜਿਹੜੇ ਲੋਕ ਆਪਣਾ ਘਰ ਬਣਾ ਰਹੇ ਹਨ ਉਹਨਾਂ ਲੋਕਾਂ ਲਈ ਸੇਧ ਦੇਣ ਵਾਲੀ ਕਹਾਣੀ ਹੈ।
ਘਰ ਦੀਆਂ ਕਬੀਲਦਾਰੀਆਂ, ਤੰਗੀਆਂ-ਤਰਸ਼ੀਆਂ ,ਔਕੜਾਂ ਅਤੇ ਆਰਥਿਕ ਤੰਗੀ ਵਿੱਚੋਂ ਗੁਜ਼ਰਦੇ ਹੋਏ ਆਪਣੇ ਅਤੇ ਕਿਰਾਏ ਦੇ ਮਕਾਨਾਂ ਵਿੱਚ ਰਹਿ ਕੇ ਆਪਣੀ ਕਲਮ ਨਹੀਂ ਰੋਕੀ, ਨਿਰੰਤਰ ਚਲਦੀ ਰਹੀ। ਮੈਂ ਉਹਨਾਂ ਦੇ ਹਾਵ-ਭਾਵ ਦੇਖਦੀ ਸੀ ਚਿਹਰਾ ਪੜ੍ਹਦੀ ਸੀ। ਕਹਿੰਦੇ ਕੀ ਕਰੀਏ ਬੜ੍ਹੀਆਂ ਹੀ ਮਜਬੂਰੀਆਂ ਵਿੱਚ ਗ੍ਰਹਸਤ ਹਾਂ ਅਸੀਂ ਪੰਜਾਬੀ ਲੇਖਕ- ਅਸੀਂ ਤਾਂ ਬੱਸ ਆਸ ਨਾਲ ਹੀ ਜੀਊਂਦੇ ਚਲੇ ਆ ਰਹੇ ਹਾਂ। ਸਾਡੀ ਹਾਲਤ ਤਾਂ ਇਹ ਹੈ :
“ਯਹੀ ਕਹਿਤੇ ਹੂਏ ਅਹਿਲੇ-ਹੁਨਰ ਨੇ ਜਿੰਦਗੀ ਕਾਟੀ,
ਭਲੇ ਦਿਨ ਆਨ ਵਾਲੇ ਹੈ, ਬੁਰੇ ਦਿਨ ਜਾਨੇ ਵਾਲੇ ਹੈ।”
(ਝਾੜੀਆਂ ਦੇ ਫੁੱਲ,ਡਾਇਰੀ ਦੇ ਪੰਨੇ)
6ਦਸੰਬਰ1991
ਕੁਲਵਕਤੀ ਲੇਖਕ ਸਨ। ਕਲਮ ਦੇ ਸਹਾਰੇ ਆਪਣਾ ਜੀਵਨ ਬਸਰ ਕੀਤਾ। ‘ਕਾਲੀ ਬਰਛੀ’(1981), ਸੰਜੀਵਨੀ(1983),ਸਿੰਘਾਵਲੀ(1983), ਆਉਣ ਵਾਲਾ ਸੂਰਜ(1985),ਜਦੋਂ ਅਸੀਂ ਆਵਾਂਗੇ(1988),ਪੈਰ(2000),ਝੱਖੜ ਝੂਲਣ(2005), ਕੋਧਰੇ ਦਾ ਮਹਾਂਗੀਤ(2010), ਸ਼ੇਰਾਂ ਦੀ ਅਵਾਜ਼(1988), ਊਸ਼ਾ ਭੈਣ ਜੀ ਚੁੱਪ ਸਨ(1991), ਪੱਖੀ(1991), ਇੱਕ ਕੁਤਾ ਤੇ ਮੈਂ(1995), ਪੱਕਾ ਰਾਗ(2001), ਅਤੇ ਖੱਬੇ ਪੱਖੀ(2007) ਕਹਾਣੀ ਸੰਗ੍ਰਹਿ ਹਨ। ਭਾਪਾ ਜੀ ਦੀਆਂ ਪ੍ਰਤੀਨਿਧ ਰਚਨਾਵਾਂ ਹਨ। ਮੇਰੀਆਂ ਸ੍ਰੇਸ਼ਟ ਕਹਾਣੀਆਂ , ਮੇਰੀ ਪ੍ਰਤੀਨਿਧ ਰਚਨਾ, ਲਿਖ ਰਿਹਾ ਧੀਰ, ਸੰਤੋਖ ਸਿੰਘ ਧੀਰ ਦੀਆਂ 51 ਕਹਾਣੀਆਂ ਅਤੇ ਮਿੱਸੇ ਦਾਣੇ ਤੋਂ ਇਲਾਵਾ ਸਾਹਿਤਕ ਸਫਰ ਹੋਰ ਵੀ ਲੰਬਾ ਹੈ। ਪ੍ਰਤੀਨਿਧ ਕਹਾਣੀਆਂ ਦੇ ਅਧਾਰਿਤ ਨਾਟਕੀ ਰੁਪਾਂਤਰਨ ਕੀਤਾ ਗਿਆ ਜਿਸ ਵਿੱਚ ਭੈਣ, ਮੇਰਾ ਉਜੜਇਆ ਗੁਆਂਢੀ , ਕਹਾਣੀ ਇੱਕ ਪਿੰਡ ਦੀ, ਸਾਂਝੀ ਕੰਧ , ਕੋਈ ਇੱਕ ਸਵਾਰ, ਸਵੇਰ ਹੋਣ ਤੱਕ, ਭੇਤ ਵਾਲੀ ਗੱਲ, ਸਾਰੇ ਨਾਟਕੀ ਰੁਪਾਂਤਰਨ, ਸਰਘੀ ਕਲਾਂ ਕੇਂਦਰ ਮੁਹਾਲੀ ਵੱਲੋਂ ਕੀਤਾ ਗਿਆ। ਸਾਹਿਤ ਸਫਰ ਚੱਲ ਸੋ ਚੱਲ ਸੀ। ਸਫਰਨਾਮਾ “ਮੇਰੀ ਇੰਗਲੈਂਡ ਯਾਤਰਾ” ਜੀਵਨੀ ਬ੍ਰਿਹਸਪਤੀ , ਸਾਹਿਤਕ ਜੀਵਨੀ ਮੇਰੀ ਕਲਮ, ਨਿਬੰਧ ਕਾਲੀਆਂ ਹਵਾਵਾਂ, ਚਾਰ ਵਰੇ(2001) ਕੇਂਦਰੀ ਪੰਜਾਬੀ ਲੇਖਕ ਸਭਾ ਦੀ ਪ੍ਰਧਾਨਗੀ ਸਮੇਂ। ਆਖਰੀ ਸਮੇਂ ਤੱਕ ਵੀ ਕਲਮ ਨਹੀਂ ਛੱਡੀ ‘ਕੋਧਰੇ ਦਾ ਮਹਾਂਗੀਤ’ ਕਾਵਿ ਸੰਗ੍ਰਹਿ ਆਖਰੀ ਸੀ।
ਮਾਨ-ਸਨਮਾਨ ਵੀ ਮਿਲੇ। ਸਰਕਾਰਾਂ ਆਉਂਦੀਆਂ ਰਹੀਆਂ, ਜਾਂਦੀਆਂ ਰਹੀਆਂ। ਪਰ ਕਿਸੇ ਸਰਕਾਰ ਤੱਕ ਕੋਈ ਪਹੁੰਚ ਨਹੀਂ ਕੀਤੀ। ਹੱਥ ਨਹੀਂ ਅੱਡਿਆ। ਮਾਨ-ਸਨਮਾਨ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਵੱਲੋਂ ਸਮੁੱਚੀਆਂ ਲਿਖਤਾਂ ਉਤੇ 1979 ਵਿੱਚ ਸਨਮਾਨ-3100 ਰੂਪੈ ਅਤੇ ਦੁਸ਼ਾਲਾ, ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵੱਲੋਂ 1980 ਵਿੱਚ ‘ਮੇਰੀ ਇੰਗਲੈਂਡ ਯਾਤਰਾ’ ਸਫਰਨਾਮਾ ਨੂੰ ਸਰਬੋਤਮ ਰਚਨਾ ਵਜੋਂ 1000 ਰੁਪੈ ਇਨਾਮ,ਨਾਵਲ ਯਾਦਗਾਰ ਨੂੰ 1980 ਦਾ ਸੋਵੀਅਤ ਦੇਸ਼ ਨਹਿਰੂ ਇਨਾਮ(1500ਰੁਪੈ ਮੈਡਲ ਅਤੇ ਮੈਰਿਟ ਸਰਟੀਫਿਕੇਟ), ਭਾਈ ਮੋਹਨ ਸਿੰਘ ਵੈਦ ਸਾਹਿਤ ਕੇਂਦਰ ਅੰਮ੍ਰਿਤਸਰ ਵੱਲੋਂ ਨਾਵਲ ‘ਯਾਦਗਾਰ’ ਨੂੰ 1981 ਦਾ ਭਾਈ ਮੋਹਨ ਸਿੰਘ ਵੈਦ ਸਾਹਿਤ ਪੁਰਸਕਾਰ(500 ਰੂਪੈ, ਮੋਮੈਂਟੋ, ਦੁਸ਼ਾਲਾ ਅਤੇ ਮੈਰਿਟ ਸਰਟੀਫਿਕੇਟ), ਪੰਜਾਬੀ ਸਾਹਿਤ ਟਰੱਸਟ ਢੁਡੀਕੇ ਵੱਲੋਂ 1981 ਲਈ ਬਾਵਾ ਬਲਵੰਤ ਸਨਮਾਨ(2500ਰੂਪੈ) ਦੁਸ਼ਾਲਾ ਅਤੇ ਟਰਾਫੀ , ਪੰਜਾਬੀ ਸਾਹਿਤ ਅਕਾਦਮੀ(ਪੰਜਾਬ ਆਰਟਸ ਕੌਂਸਲ ਦੀ ਸ਼ਾਖਾ ਚੰਡੀਗੜ੍ਹ ਵੱਲੋਂ 1983 ਲਈ 1000ਰੂਪੈ ਮਹੀਨੇ ਫੈਲੋਸ਼ਿਪ, ਇੰਟਰਨੈਸ਼ਨਲ ਪੰਜਾਬੀ ਲਿਟਰੇਰੀ ਟਰੱਸਟ (ਕਨੇਡਾ) ਵੱਲੋਂ ਕੌਮਾਂਤਰੀ ਸਾਹਿਤ-ਸ੍ਰੋਮਣੀ ਮਨਜੀਤ ਯਾਦਗਾਰੀ ਪੁਰਸਕਾਰ ਮਿਲਿਆ ਜੋ (500 ਕੈਨੇਡੀਅਨ ਡਾਲਰ ਦੇ ਬਰਾਬਰ ਰਕਮ ਅਤੇ ਸਨਮਾਨ ਪੱਤਰ)
ਭਾਪਾ ਜੀ ਦੀ ਲਿਖਾਈ ਮੋਤੀਆਂ ਵਰਗੀ ਸੀ। ਕਿਤਾਬ ਦਾ ਖਰੜਾ ਬੜੇ ਸਲੀਕੇ ਨਾਲ ਤਿਆਰ ਕਰਦੇ ਸਨ। ਕੋਈ ਗਲਤੀ ਵੀ ਨਹੀਂ ਹੁੰਦੀ ਸੀ। ਪਰੂਫ ਪੜ੍ਹਨ ਵਿੱਚ ਇੱਕ ਵੀ ਗਲਤੀ ਬਰਦਾਸ਼ਤ ਨਹੀਂ ਕਰਦੇ ਸੀ। ਛਪਾਈ ਵਾਲੀ ਕਿਤਾਬ ਵਿੱਚ ਅਗਰ ਗਲਤੀਆਂ ਹੋਣ, ਫੇਰ ਤਾਂ ਅੱਗ ਬਬੂਲੇ ਵਾਂਗ ਸਨ। ਇੱਥੇ ਇੱਕ ਉਦਾਹਰਣ ਦੇ ਰਹੀ ਹਾਂ। ਪੰਜਾਬ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਵੱਲੋਂ ‘ਸ਼ੇਰਾਂ ਦੀ ਅਵਾਜ਼’ ਪੁਸਤਕ ਛਾਪੀ ਗਈ। ਸਿੱਖ ਇਤਿਹਾਸ ਨਾਲ ਸੰਬੰਧਤ ਕਹਾਣੀਆਂ ਹਨ। ਕਿਤਾਬ ਵੀ ਏਨੀ ਵੱਡੀ ਨਹੀਂ ਸੀ। ਕੇਵਲ ਸਤੱਤਰ ਸਫੇ ਸਨ ਪਰ ਇਸ ਕਿਤਾਬ ਵਿੱਚ ਪਰੂਫਾਂ ਦੀਆਂ ਛੋਟੀਆਂ ਵੱਡੀਆਂ 273 ਗਲਤੀਆਂ ਹਨ। 45 ਗਲਤੀਆਂ ਵੱਡੀਆਂ ਹਨ। ਕਈ ਲਫਜ਼ ਅਤੇ ਕਈ ਲਾਇਨਾਂ ਛੱਡੀਆਂ ਹੋਈਆਂ। ਕਈ ਲਫਜ਼ ਆਪਣੇ ਵੱਲੋਂ ਵੀ ਬਦਲ ਦਿੱਤੇ ਗਏ। ਇਕ ਦੋ ਕਹਾਣੀਆਂ ਦੇ ਸਿਰਲੇਖ ਹੀ ਬਦਲ ਦਿੱਤੇ। ਸਾਰੀਆਂ ਗਲਤੀਆਂ ਨੂੰ ਬੜੀ ਬਰੀਕੀ ਨਾਲ ਘੋਖਿਆ ਤੇ ਬੜੇ ਦੁਖੀ ਹੋਏ। ਜਿਵੇਂ ਮੈਨੂੰ ਸਿਰਲੇਖ ਢੁੱਕਵੇਂ ਆਉਂਦੇ ਹੀ ਨਹੀਂ। ਪੰਜਾਬ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਵਿਰੁੱਧ ਸਦਾ ਹੀ ਇਤਰਾਜ਼ ਜਤਾਉਂਦੇ ਰਹੇ। ਭਾਪਾ ਜੀ ਦੀਆਂ ਜਿਆਦਾਤਰ ਕਹਾਣੀਆਂ ਸੱਚੀਆਂ ਘਟਨਾਵਾਂ ਦੇ ਅਧਾਰਿਤ ਹਨ। ‘ਭੁੱਲੇ ਹੋਏ’ ਕਹਾਣੀ ਸੱਚੀ ਘਟਨਾ ਤੇ ਲਿਖੀ ਗਈ। ਰਾਤ ਨੂੰ ਘਟਨਾ ਵਾਪਰੀ ਤੇ ਸਵੇਰੇ ਉੱਠ ਕੇ ਕਹਾਣੀ ਲਿਖ ਦਿੱਤੀ। ਪੰਜਾਬ ਦੇ ਕਾਲੇ ਦੌਰ ਵਿਚ ਅਗਰ ਕੋਈ ਅੱਧੀ ਰਾਤ ਨੂੰ ਕੋਠੀ ਦੀ ਬੈੱਲ ਕਰਦਾ ਸੀ ਤਾਂ ਸੁਭਾਵਿਕ ਹੀ ਪਰਿਵਾਰ ਡਰ ਜਾਂਦਾ ਸੀ, ਏਸੇ ਤਰ੍ਹਾਂ ਹੀ ਵਾਪਰਿਆ। ਕੋਠੀ ਦੀ ਇੱਕ ਬੈੱਲ ਵੱਜੀ, ਦੂਜੀ ਵੀ ਵੱਜੀ ਤਾਂ ਪਰਿਵਾਰ ਸਹਿਮ ਗਿਆ। ਜਦੋਂ ਡਰਦੇ-ਡਰਦੇ ਗੇਟ ਖੋਲ੍ਹਿਆ ਤਾਂ ਤਿੰਨ ਬੰਦੇ ਉਹ ਵੀ ਮੋਟਰ ਸਾਇਕਲ ਤੇ ਰਸਤਾ ਭੁੱਲੇ ਹੋਏ ਸਨ। ਸੱਚੀਆਂ ਘਟਨਾਵਾਂ ਤੇ ਲਿਖੀਆਂ ਕਹਾਣੀਆਂ ਸਰਬੋਤਮ ਕਹਾਣੀਆਂ ਸਾਬਤ ਹੋਈਆਂ। ‘ਪੈਰ’ ਕਵਿਤਾ ਵੀ ਸਰਬੋਤਮ ਕਵਿਤਾਵਾਂ ਵਿੱਚੋਂ ਹੈ। ਜਿਸ ਵਿੱਚ ਲਿਖਿਆ ਹੈ ਕਿ ਜਿੱਤ ਹਾਰ ਬਾਰੇ ਨਾ ਸੋਚੋ ਆਪਣਾ ਕੰਮ ਕਰਦੇ ਰਹੋ:
ਨਾ ਜਿੱਤ ਬਾਰੇ ਸੋਚੀ
ਨਾ ਹਾਰ ਬਾਰੇ
ਜਿੱਤ ਜਾਵੇ , ਠੀਕ
ਹਾਰ ਜਾਵੇ, ਤਾਂ ਵੀ ਠੀਕ
ਤੇਰਾ ਕੰਮ ਲੜਨਾ ਹੈ
ਆਪਣੇ ਪੂਰੇ ਤਾਣ ਨਾਲ ਲੜੀ
ਬੱਸ ਲੜੀਂ।(ਪੈਰ,ਪੰਨਾ-31)
ਸੁਲਤਾਨ ਬਾਹੂ ਦੀਆਂ ਲਿਖੀਆਂ ਸਤਰਾਂ ਵੀ ਯਾਦ ਆ ਰਹੀਆਂ ਹਨ। ਜੋ ਸ਼ਾਇਦ ਭਾਪਾ ਜੀ ਲਈ ਹੀ ਲਿਖੀਆਂ ਸਨ।
ਫਜ਼ਲ ਉਨ੍ਹਾਂ ਤੇ ਰੱਬ ਦਾ ਹੁੰਦਾ
ਕਬਰ ਜਿਨ੍ਹਾਂ ਦੀ ਜੀਵੇ ਹੂੰ।
ਸਾਲ 2001 ਵਿੱਚ ਬੀਬੀ ਜੀ ਵਿਛੜ ਗਏ ਸਨ। 8 ਫਰਵਰੀ 2010 ਨੂੰ ਭਾਪਾ ਜੀ ਵਿਛੜ ਗਏ ਅਤੇ ਕਲਮ ਰੁਕ ਗਈ। ਕੋਧਰੇ ਦੇ ਪ੍ਰਤੀਕ ਰਾਹੀ ਲੋਕਾਂ ਦੀ ਹੋ ਰਹੀ ਲੁੱਟ-ਖਸੁੱਟ ਦਾ ਵਿਰੋਧ ਵੀ ਕੀਤਾ। ਸਦਾ ਹੀ ‘ਅਣਖ ਦੀ ਪ੍ਰਤੀਕ’ ਉਹਨਾਂ ਦੀ ‘ਖੜ੍ਹੀ ਉਂਗਲ’ ਜੋ ਕਦੇ ਨਹੀਂ ਝੁਕੀ। ਝੱਖੜ ਝੂਲੇ, ਹਨੇਰੀਆਂ ਆਈਆਂ, ਹੌਂਸਲਾ ਨਹੀਂ ਹਾਰਿਆ। ਇਹ ਖੜ੍ਹੀ ਉਂਗਲ ਮੇਰੇ ਪਿਤਾ ਸੰਤੋਖ ਸਿੰਘ ਧੀਰ ਦੀ ਹੀ ਸੀ। ਕਿਸੇ ਹੋਰ ਦੀ ਨਹੀਂ ਹੋ ਸਕਦੀ। ਦ੍ਰਿੜ ਨਿਸ਼ਚੈ ਤੇ ਸਵੈ-ਵਿਸ਼ਵਾਸ ਦੀ ਨਿਸ਼ਾਨੀ ਮੰਨੀ ਜਾਂਦੀ ਸੀ। ਕੁਝ ਵੀ ਹੋਵੇ ਉਹ ਚੰਗੇ ਪਤੀ ਵੀ ਸਨ, ਤੇ ਚੰਗੇ ਪਿਤਾ ਵੀ। ਜਿਨ੍ਹਾਂ ਦੇ ਸਦਕਾ ਅੱਜ ਇਹ ਮਾਣ ਸਨਮਾਨ ਮਿਲਿਆ ਹੈ। ਭਾਪਾ ਜੀ ਦੇ ਤੁਰ ਜਾਣ ਪਿੱਛੋਂ ਚਾਚਾ ਜੀ ਦੀ ਲਿਖੀ ਕਵਿਤਾ ਵੀ ਹੌਂਸਲਾ ਦੇਣ ਵਾਲੀ ਸੀ :
ਅਸੀਂ ਤੇਰੇ ਮਗਰੋਂ
ਤੇਰੇ ਵਾਂਗ ਤੁਰਾਂਗੇ
ਤੇਰੇ ਵਾਂਗ ਵਿਚਰਾਂਗੇ
ਛਾਤੀਆਂ ਤਾਣ ਕੇ ਰੱਖਾਂਗੇ
ਉਂਗਲੀਆਂ ਖੜ੍ਹੀਆਂ ਰੱਖਾਂਗੇ
ਨਵਤੇਜ ਕੌਰ ਦਰਸ਼ੀ
9814700083