ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ
– ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀ ਸੌਂਪੀਆਂ
-21 ਤੇ 22 ਨਵੰਬਰ ਅਤੇ 5 ਤੇ 6 ਦਸੰਬਰ ਨੂੰ ਲਗਾਏ ਜਾਣਗੇ ਵਿਸ਼ੇਸ਼ ਕੈਂਪ
-ਵੋਟ ਬਣਵਾਉਣ ਲਈ ਆਪਣੇ ਇਲਾਕੇ ਦੇ ਬੀ.ਐਲ.ਓ ਕੋਲ ਬਿਨੈ ਕਰ ਸਕਦੇ ਹਨ ਵੋਟਰ
-ਵੋਟਰ ਆਨ ਲਾਈਨ ਵੀ ਭਰ ਸਕਦੇ ਨੇ ਫਾਰਮ
-ਵਧੇਰੇ ਜਾਣਕਾਰੀ ਲਈ ਟੋਲ ਫ਼ਰੀ ਨੰ. 1950 ‘ਤੇ ਕੀਤਾ ਸਕਦੇ ਸੰਪਰਕ

ਪਟਿਆਲਾ, 16 ਨਵੰਬਰ (ਵਿਸ਼ਵ ਵਾਰਤਾ)-ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੂਜਾ ਸਿਆਲ ਗਰੇਵਾਲ ਨੇ ਅੱਜ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਵੋਟਰਾਂ ਦੀ ਸੂਚੀ ਦੀ ਸਾਫ਼ਟਕਾਪੀ ਸੀ.ਡੀ. ਵਿੱਚ ਮੁਹੱਈਆ ਕਰਵਾਈ ਅਤੇ ਨਾਲ ਹੀ ਚੋਣ ਹਲਕਿਆਂ ਅਨੁਸਾਰ ਵੋਟਰ ਸੂਚੀਆਂ ਵੀ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲਾ ਪਟਿਆਲਾ ਦੇ ਕੁਲ 08 ਵਿਧਾਨ ਸਭਾ ਚੋਣ ਹਲਕਿਆਂ 109-ਨਾਭਾ, 110-ਪਟਿਆਲਾ ਦਿਹਾਤੀ, 111-ਰਾਜਪੁਰਾ, 113-ਘਨੌਰ, 114-ਸਨੌਰ, 115-ਪਟਿਆਲਾ, 116-ਸਮਾਣਾ ਅਤੇ 117-ਸ਼ੁਤਰਾਣਾ ਵਿੱਚ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2021 ਦੇ ਅਧਾਰ ‘ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਅੱਜ 16 ਨਵੰਬਰ ਤੋਂ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਅਧਾਰ ‘ਤੇ ਵੋਟਰ ਸੂਚੀਆਂ ਦੀ ਪ੍ਰਕਾਸ਼ਨਾਂ ਮਿਤੀ 15.01.2021 ਨੂੰ ਕੀਤੀ ਜਾਣੀ ਹੈ। ਉਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ ਵਿੱਚ ਸੁਧਾਈ ਲਈ ਚੋਣ ਕਮਿਸ਼ਨ ਵੱਲੋਂ ਦਿੱਤੇ ਨਿਰਦੇਸ਼ਾਂ ਤੋਂ ਵੀ ਜਾਣੂ ਕਰਵਾਇਆ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਲੋਕਤੰਤਰੀ ਢਾਂਚੇ ਵਿੱਚ ਚੋਣਾਂ ਦਾ ਸਭ ਤੋਂ ਵੱਧ ਮਹੱਤਵ ਹੁੰਦਾ ਹੈ ਅਤੇ ਇਹ ਤਾਂ ਹੀ ਸਹੀ ਤਰਾਂ ਕਰਵਾਈਆਂ ਜਾ ਸਕਦੀ ਹਨ ਜੇਕਰ ਵੋਟਰ ਸੂਚੀਆਂ ਸਹੀ ਹੋਣ ਇਸ ਲਈ ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਸੁਧਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਅਨੁਸਾਰ ਮਿਤੀ 16.11.2020 ਤੋਂ 15.12.2020 ਤੱਕ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣੇ ਹਨ। ਇਸ ਲਈ ਜਿਨ੍ਹਾਂ ਵਿਅਕਤੀਆਂ ਦੀ ਉਮਰ ਮਿਤੀ 01.01.2021 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਵੇ ਜਾਂ ਕਿਸੇ ਹੋਰ ਇਲਾਕੇ ਤੋਂ ਤਬਦੀਲ ਹੋ ਕੇ ਆਇਆ ਹੈ ਜਾਂ ਕਿਸੇ ਵੋਟਰ ਦੀ ਉਸਦੇ ਸਬੰਧਤ ਬੂਥ ਵਿੱਚ ਭਾਵ ਜਿਥੇ ਉਸ ਦੀ ਰਿਹਾਇਸ਼ ਹੈ, ਵਿੱਚ ਉਸਦੀ ਵੋਟ ਨਹੀਂ ਬਣੀ ਹੋਈ ਤਾਂ ਉਹ ਇਨ੍ਹਾਂ ਮਿਤੀਆਂ ਦੌਰਾਨ ਆਪਣੀ ਨਵੀਂ ਵੋਟ ਬਣਾਉਣ ਲਈ ਨਿਰਧਾਰਤ ਫਾਰਮ ਨੰ:6 ਵਿੱਚ ਆਪਣੇ ਇਲਾਕੇ ਦੇ ਪੋਲਿੰਗ ਸਟੇਸ਼ਨ ਦੇ ਬੀ.ਐਲ.ਓ ਕੋਲ ਬਿਨੈ ਕਰ ਸਕਦਾ ਹੈ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਨਵੀਆਂ ਵੋਟਾਂ ਬਣਾਉਣ, ਵੋਟਰ ਕਾਰਡ ਵਿੱਚ ਸੁਧਾਈ ਜਾ ਫੇਰ ਵੋਟ ਡਲੀਟ ਕਰਨ ਲਈ ਆਨ-ਲਾਈਨ ਅਪਲਾਈ ਕਰਨ ਲਈ ਪ੍ਰੇਰਿਤ ਕਰਨ ਇਸ ਨਾਲ ਵੋਟਰ ਨੂੰ ਕਿਸੇ ਸਥਾਨ ਉਪਰ ਜਾਣ ਦੀ ਜ਼ਰੂਰਤ ਨਹੀਂ ਉਹ ਆਨ-ਲਾਈਨ www.nvsp.in (ਨੈਸ਼ਨਲ ਵੋਟਰ ਸਰਵਿਸ ਪੋਰਟਲ) ਜਾਂ ਵੋਟਰ ਹੈਲਪ ਲਾਈਨ ਮੋਬਾਈਲ ਐਪ ‘ਤੇ ਅਪਲਾਈ ਕਰਕੇ ਵੋਟ ਬਣਵਾ ਸਕਦਾ ਹੈ ਅਤੇ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਟੋਲ ਫ਼ਰੀ ਨੰਬਰ 1950 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਬੀ.ਐਲ.ਓ. ਕੋਲ ਵੀ ਫਾਰਮ ਨੰਬਰ 6 ਨਾਲ ਬਿਨੈਕਾਰ ਆਪਣੀ 2 ਪਾਸਪੋਰਟ ਸਾਈਜ਼ ਦੀਆਂ ਤਾਜ਼ਾ ਫੋਟੋਆਂ, ਰਿਹਾਇਸ਼ ਦਾ ਪਰੂਫ਼ ਅਤੇ ਜਨਮ ਮਿਤੀ ਦਾ ਸਬੂਤ ਫਾਰਮ ਨਾਲ ਨੱਥੀ ਕਰਕੇ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵੋਟਰ ਸੂਚੀ ਦੀ ਸੋਧ ਲਈ ਫਾਰਮ ਨੰਬਰ 8 ਅਤੇ ਇਕ ਚੋਣ ਹਲਕੇ ‘ਚ ਪਤੇ ਦੀ ਅਦਲਾ ਬਦਲੀ ਲਈ 8-ਏ ਵਿੱਚ ਬਿਨੈ ਪੱਤਰ ਪ੍ਰਾਪਤ ਕੀਤਾ ਜਾਣਾ ਹੈ, ਜੋ ਵੋਟਰ ਮਰ ਚੁੱਕੇ ਹਨ, ਉਹਨਾਂ ਦੀ ਸ਼ਨਾਖਤ ਕਰਕੇ ਉਹਨਾਂ ਦਾ ਫਾਰਮ ਨੰਬਰ 7 ਭਰਿਆ ਜਾਣਾ ਹੈ।
ਉਨ੍ਹਾਂ ਕਿਹਾ ਕਿ ਆਮ ਜਨਤਾ ਦੀ ਸਹੂਲਤ ਲਈ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਸ ਸਰਸਰੀ ਸੁਧਾਈ ਦੌਰਾਨ ਮਿਤੀ 21 ਤੇ 22 ਨਵੰਬਰ ਅਤੇ 5 ਤੇ 6 ਦਸੰਬਰ ਨੂੰ ਸਪੈਸ਼ਲ ਕੈਂਪ ਵੀ ਲਗਾਏ ਜਾਣਗੇ। ਇਹ ਕੈਂਪ ਪੋਲਿੰਗ ਸਟੇਸ਼ਨਾਂ ‘ਤੇ ਸਥਾਪਤ ਕੀਤੇ ਜਾਣਗੇ, ਇਨ੍ਹਾਂ ਪੋਲਿੰਗ ਸਟੇਸ਼ਨਾਂ ‘ਤੇ ਬੀ.ਐਲ.ਓ ਵੱਲੋਂ ਫਾਰਮ ਲਏ ਜਾਣਗੇ। ਯੋਗ ਉਮੀਦਵਾਰ ਇਨ੍ਹਾਂ ਮਿਤੀਆਂ ਨੂੰ ਆਪਣੇ ਏਰੀਏ ਦੇ ਪੋਲਿੰਗ ਸਟੇਸ਼ਨ ਤੇ ਜਾ ਕੇ ਆਪਣੇ ਫਾਰਮ ਮੁਕੰਮਲ ਭਰਕੇ ਬੀ.ਐਲ.ਓ ਨੂੰ ਦੇ ਸਕਦੇ ਹਨ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਉਕਤ ਮਿਤੀਆਂ ਦੌਰਾਨ ਪ੍ਰਾਪਤ ਹੋਏ ਦਾਅਵੇ ਤੇ ਇਤਰਾਜ਼ਾਂ ਦਾ ਨਿਪਟਾਰਾ ਨਾਲੋਂ ਨਾਲ ਕਰਕੇ ਮਿਤੀ 5 ਜਨਵਰੀ ਤੱਕ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵਲੋਂ ਇਹ ਕੰਮ ਮੁਕੰਮਲ ਕੀਤਾ ਜਾਵੇਗਾ। ਜ਼ਿਲਾ ਪਟਿਆਲਾ ‘ਚ ਕੁੱਲ 1663 ਪੋਲਿੰਗ ਸਟੇਸ਼ਨ ਹਨ ਅਤੇ ਹਰੇਕ ਪੋਲਿੰਗ ਸਟੇਸ਼ਨ ਤੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਲੋਂ ਬੀ.ਐਲ.ਓ ਦੀ ਨਿਯੁਕਤੀ ਕੀਤੀ ਗਈ ਹੈ। ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ ਮਿਤੀ 15.01.2021 ਨੂੰ ਕੀਤੀ ਜਾਣੀ ਹੈ।
ਇਸ ਮੌਕੇ ਚੋਣ ਤਹਿਸੀਲਦਾਰ ਸ਼੍ਰੀ ਰਾਮਜੀ ਲਾਲ, ਚੋਣ ਕਾਨੂੰਗੋ ਸ੍ਰੀ ਵਿਜੈ ਕੁਮਾਰ, ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਸ੍ਰੀ ਕੇ. ਕੇ. ਮਲਹੋਤਰਾ, ਕਾਂਗਰਸ ਦਿਹਾਤੀ ਦੇ ਪ੍ਰਧਾਨ ਸ. ਗੁਰਦੀਪ ਸਿੰਘ ਉਟਸਰ, ਮਹਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਫ਼ਤਰ ਇੰਚਾਰਜ ਭੋਲਾ ਸਿੰਘ ਹਾਜ਼ਰ ਸਨ।






















