ਮੀਂਹ ਦੇ ਪਾਣੀ ਦੀ ਨਿਕਾਸੀ ਲਈ ਦਿੱਤੇ ਸਖਤ ਦਿਸ਼ਾ ਨਿਰਦੇਸ਼
ਡਿਸਪੋਜ਼ਲ ਪੁਆਇੰਟ ਦੇ ਕੰਮ ਦੀ ਸ਼ੁਰੂਆਤ ਕਰਵਾਈ
ਬਠਿੰਡਾ, 13 ਜੂਨ (ਵਿਸ਼ਵ ਵਾਰਤਾ/ਕੁਲਬੀਰ ਬੀਰਾ )ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ ਸ਼ਹਿਰ ਦੇ ਦੌਰੇ ਦੌਰਾਨ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦਾ ਅਧਿਕਾਰੀਆਂ ਤੋਂ ਜਾਇਜ਼ਾ ਲਿਆ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੀਂਹ ਦੇ ਪਾਣੀ ਦੀ ਨਿਕਾਸੀ ਸਬੰਧੀ ਪੂਰੇ ਪ੍ਰਬੰਧ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ । ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁਰੂ ਰਾਮਦਾਸ ਨਗਰ ਵਿੱਖੇ ਨਵੇਂ ਡਿਸਪੋਜ਼ਲ ਪੁਆਇੰਟ ਦੇ ਕੰਮ ਦੀ ਸ਼ੁਰੂਆਤ ਕਰਵਾਈ, ਜਿਸ ਨਾਲ ਕਰਨੈਲ ਨਗਰ, ਗੁਰੂ ਰਾਮ ਦਾਸ ਨਗਰ, ਦੀਪ ਨਗਰ ਅਤੇ ਨਾਲ ਲਗਦੇ ਮੁਹੱਲਿਆਂ ਨੂੰ ਫਾਇਦਾ ਹੋਵੇਗਾ। ਇਸ ਮੌਕੇ ਐਮਸੀ ਬਲਰਾਜ ਸਿੰਘ ਪੱਕਾ ਹਾਜ਼ਰ ਸਨ । ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਮੀਂਹ ਦੇ ਦਿਨਾਂ ਵਿੱਚ ਬਠਿੰਡਾ ਵਾਸੀਆਂ ਲਈ ਵੱਡੀ ਮੁਸ਼ਕਲ ਖੜ੍ਹੀ ਹੋ ਜਾਂਦੀ ਸੀ ਨੀਵੇਂ ਖੇਤਰਾਂ ਵਿਚ ਕਈ ਕਈ ਫੁੱਟ ਪਾਣੀ ਭਰ ਜਾਂਦਾ ਸੀ, ਪਰ ਹੁਣ ਉਨ੍ਹਾਂ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਉਚੇਚੇ ਪ੍ਰਬੰਧ ਕਰਨ ਲਈ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਕਾਫ਼ੀ ਹੱਦ ਤਕ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਦੋ ਦਿਨ ਪਹਿਲਾਂ ਹੀ ਪਾਣੀ ਦੀ ਨਿਕਾਸੀ ਸਬੰਧੀ ਸਾਰੇ ਡਿਸਪੋਜ਼ਲਾਂ ਦਾ ਦੌਰਾ ਵੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬਾਰਸ਼ ਦੇ ਦਿਨਾਂ ਵਿੱਚ ਮੀਂਹ ਦੇ ਪਾਣੀ ਨਾਲ ਨਜਿੱਠਣ ਲਈ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਗੁਰੂ ਰਾਮਦਾਸ ਨਗਰ ਦੇ ਡਿਸਪੋਜ਼ਲ ਲਈ 35 ਲੱਖ ਰੁਪਏ ਗਰਾਂਟ ਦੇਣ ਦਾ ਐਲਾਨ ਕੀਤਾ । ਵਿੱਤ ਮੰਤਰੀ ਨੇ ਇਸ ਮੌਕੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਰਹਿੰਦੇ ਅਧੂਰੇ ਵਿਕਾਸ ਕਾਰਜ ਜਲਦੀ ਹੀ ਪੂਰੇ ਕੀਤੇ ਜਾਣਗੇ। ਇਸ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਸਾਬਕਾ ਮੰਤਰੀ ਚਰੰਜੀ ਲਾਲ ਗਰਗ ਅਤੇ ਸੀਨੀਅਰ ਕਾਂਗਰਸ ਲੀਡਰ ਰਾਜਨ ਗਰਗ ਦੀ ਮੌਜੂਦਗੀ ਵਿੱਚ ਸ਼੍ਰੀ ਸਨਾਤਨ ਧਰਮ ਮਹਾਬੀਰ ਦਲ ਵਿਖੇ ਦਲ ਦੀ ਪ੍ਰਬੰਧਕ ਕਮੇਟੀ ਨਾਲ ਮੁਲਾਕਾਤ ਕੀਤੀ ਅਤੇ ਨਵੇਂ ਹਾਲ ਦੇ ਨਿਰਮਾਣ ਅਤੇ ਹੋਰਨਾਂ ਕੰਮਾਂ ਲਈ 70 ਲੱਖ ਰੁਪਏ ਦਾ ਚੈਕ ਸੌਪਿਆਂ। ਇਸ ਤੋਂ ਬਾਅਦ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਸ਼ੋਰੀ ਰਾਮ ਰੋਡ ਸਥਿਤ ਕਬੀਰ ਧਰਮਸ਼ਾਲਾ ਦੇ ਪ੍ਰਬਧਕਾਂ ਨਾਲ ਮੀਟਿੰਗ ਕੀਤੀ ਅਤੇ ਸਥਾਨਕ ਕੌਂਸਲਰ ਬਲਜਿੰਦਰ ਠੇਕੇਦਾਰ ਦੀ ਹਾਜਰੀ ਵਿੱਚ ਧਰਮਸ਼ਾਲਾ ਲਈ 20 ਲੱਖ ਰੁਪਏ ਦਾ ਚੈੱਕ ਦਿੱਤਾ। ਇਸ ਉਪਰੰਤ ਵਿੱਤ ਮੰਤਰੀ ਕਰੋਨਾ ਕਾਲ ਅਤੇ ਹੋਰਨਾਂ ਕਾਰਨਾਂ ਨਾਲ ਹੋਈਆ ਮੌਤਾਂ ਦੇ ਸਬੰਧ ਵਿੱਚ ਪਰਸ ਰਾਮ ਨਗਰ, ਪਰਤਾਪ ਨਗਰ, ਸੁਰਖਪੀਰ ਰੋਡ, ਮੁਲਤਾਨੀਆ ਰੋਡ,ਵਿਸ਼ਾਲ ਨਗਰ, ਪਾਵਰ ਹਾਊਸ ਰੋਡ ਵਿੱਖੇ ਪਰਿਵਾਰਾਂ ਨਾਲ ਅਫਸੋਸ ਕਰਨ ਪਹੁੰਚੇ। ਉਨ੍ਹਾਂ ਗੁਡਵਿੱਲ ਭਵਨ ਸਕੂਲ, ਪਰਸ ਰਾਮ ਨਗਰ ਦਾ ਵੀ ਦੌਰਾ ਕੀਤਾ ਅਤੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ । ਇਸ ਦੌਰਾਨ ਉਨ੍ਹਾਂ ਗੁਡਵਿੱਲ ਭਵਨ ਵਿੱਚ ਰੁੱਖ ਵੀ ਲਗਾਏ।
ਇਸ ਮੌਕੇ ਅਰੁਣ ਵਧਾਵਨ,ਕੇ ਕੇ ਅਗਰਵਾਲ , ਜੈਜੀਤ ਸਿੰਘ ਜੌਹਲ, ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਪਵਨ ਮਾਨੀ, ਬਲਜਿੰਦਰ ਠੇਕੇਦਾਰ, ਬਲਰਾਜ ਸਿੰਘ ਪੱਕਾ, ਕੌਂਸਲਰ ਰਾਜੂ ਸਰਾਂ,ਸੁਖਰਾਜ ਸਿੰਘ, ਰਤਨ ਰਾਹੀ,ਪਰਵਿੰਦਰ ਸਿੰਘ, ਕੰਵਲਜੀਤ ਸਿੰਘ, ਆਦਿ ਹਾਜ਼ਰ ਸਨ























