‘ਵਿਸ਼ਵ ਵਾਰਤਾ’ ਦੀ ਖ਼ਾਸ ਰਿਪੋਰਟ
ਪੰਜਾਬ ਵਿੱਚ ਨਵੀਂ ਸਰਕਾਰ ਬਣਾਉਣ ਨੂੰ ਲੈ ਕੇ ਕਿਆਸਰਾਈਆਂ ਦਾ ਦੌਰ ਜਾਰੀ
ਆਮ ਆਦਮੀ ਪਾਰਟੀ,ਕਾਂਗਰਸ,ਭਾਜਪਾ ਗੱਠਜੋੜ ਤੇ ਅਕਾਲੀ ਦਲ-ਬਸਪਾ ਵੱਲੋਂ ਸਰਕਾਰ ਬਣਾਉਣ ਦੇ ਦਾਅਵੇ
ਚੰਡੀਗੜ੍ਹ,26 ਫਰਵਰੀ(ਵਿਸ਼ਵ ਵਾਰਤਾ)-ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ 20 ਫਰਵਰੀ ਨੂੰ ਵੋਟਾਂ ਪੈਣ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਕਿਆਸਰਾਈਆਂ ਦਾ ਦੌਰ ਜੋਰਾਂ ‘ਤੇ ਹੈ। ਸੂਬੇ ਤੇ ਰਾਜ ਕਰ ਰਹੀ ਕਾਂਗਰਸ,ਆਮ ਆਦਮੀ ਪਾਰਟੀ,ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ‘ਤੇ ਭਾਜਪਾ ਦਾ ਗੱਠਜੋੜ ਅਤੇ ਅਕਾਲੀ ਦਲ-ਬਸਪਾ ਗੱਠਜੋੜ ਦੇ ਸੀਨੀਅਰ ਲੀਡਰਾਂ ਵੱਲੋਂ ਆਪੋ-ਆਪਣੀ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ‘ਵਿਸ਼ਵ ਵਾਰਤਾ’ ਵੱਲੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਪੰਜਾਬ ਦੇ ਚੋਣ ਨਤੀਜਿਆਂ ਨੂੰ ਲੈ ਕੇ ਇਸ ਤਰ੍ਹਾਂ ਦਾ ਭੰਬਲਭੂਸਾ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਇਸ ਵਾਰ ਹੋਏ ਪੰਜ ਕੋਣੇ ਮੁਕਾਬਲਿਆਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁ-ਮਤ ਮਿਲਣ ਦੇ ਅੰਦਾਜ਼ੇ ਲਾਉਣਾ ਮੁਸ਼ਕਿਲ ਹੋਇਆ ਪਿਆ ਹੈ।ਜਦੋਂਕਿ, ਬੇਸ਼ੱਕ ਇਸ ਮੁਕਾਬਲੇ ਵਿੱਚ ਹਰ ਕੋਈ ਆਮ ਆਦਮੀ ਪਾਰਟੀ ਨੂੰ ਅੱਗੇ ਦੱਸ ਰਿਹਾ ਹੈ। ‘ਵਿਸ਼ਵ ਵਾਰਤਾ’ ਵੱਲੋਂ ਆਪਣੇ ਪੱਤਰਕਾਰਾਂ ਰਾਹੀਂ ਕੀਤੇ ਗਏ ਸਰਵੇਖਣਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਚੋਣ ਲੜ ਰਹੀਆਂ ਇਹਨਾਂ ਪਾਰਟੀਆਂ ਵਿੱਚੋਂ ਕੋਈ ਵੀ ਪੰਜਾਬ ਦੇ ਮਾਲਵੇ,ਮਾਝੇ ਤੇ ਦੁਆਬੇ ਖੇਤਰ ਵਿੱਚ ਆਪਣਾ ਪ੍ਰਭਾਵ ਜਮਾਉਣ ਵਿੱਚ ਸਫਲ ਨਹੀਂ ਦਿਖ ਰਿਹਾ । ਵੱਖਰੇ-ਵੱਖਰੇ ਖੇਤਰਾਂ ਵਿੱਚ ਇਹਨਾਂ ਪਾਰਟੀਆਂ ਦਾ ਬੋਲਬਾਲਾ ਨਜ਼ਰ ਆਉਂਦਾ ਹੈ । ਪਰ,ਹਰ ਖੇਤਰ ਵਿੱਚ ਕੋਈ ਵੀ ਪਾਰਟੀ ਜਾਂ ਗੱਠਜੋੜ ਜੇਤੂ ਸਥਿਤੀ ਵਿੱਚ ਨਹੀਂ ਨਜ਼ਰ ਆ ਰਿਹਾ। ਇਹਨਾਂ ਅੰਦਾਜ਼ਿਆਂ ਤੋਂ ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਆਗੂ ਵੀ ਜਾਣੂ ਹੋ ਗਏ ਲੱਗਦੇ ਹਨ। ਇਸੇ ਕਰਕੇ ਹੁਣੇ ਤੋਂ ਹੀ ਇਹਨਾਂ ਪਾਰਟੀਆਂ ਦੇ ਵਿਉਂਤਘਾੜਿਆਂ ਨੇ ਨਵੇਂ ਗੱਠਜੋੜ ਬਣਾਉਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ, ਜਦੋਂਕਿ ਚੋਣ ਨਤੀਜੇ ਹਾਲਾਂ 10 ਮਾਰਚ ਆਉਣੇ ਹਨ।
‘ਵਿਸ਼ਵ ਵਾਰਤਾ’ ਨੂੰ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੀ ਸੀਨੀਅਰ,ਜੂਨੀਅਰ ਅਫਸਰਸ਼ਾਹੀ ਵੀ ਇਸ ਭੰਬਲਭੂਸੇ ਦਾ ਸ਼ਿਕਾਰ ਬਣੀ ਹੋਈ ਹੈ। ਅਫਸਰਸ਼ਾਹੀ ਜਿਹੜੀ ਕਿ ਪੰਜਾਬ ਦੀ ਸਿਆਸਤ ਵਿੱਚ ਆਪਣਾ ਪੂਰਾ ਪ੍ਰਭਾਵ ਰੱਖਦੀ ਹੈ,ਦੇ ਇਕ ਦਰਜਨ ਦੇ ਕਰੀਬ ਉੱਚ ਅਧਿਕਾਰੀਆਂ ਨੇ ਵੀ ਵਿਸ਼ਵ ਵਾਰਤਾ ਨਾਲ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਵਾਰ ਇਹ ਗੱਲ ਸਮਝਣੀ ਬੜੀ ਮੁਸ਼ਕਿਲ ਹੋਈ ਪਈ ਹੈ ਕਿ ਮਾਰਚ 2022 ਵਿੱਚ ਕਿਸ ਪਾਰਟੀ ਦੇ ਹੱਕ ਵਿੱਚ ਪੰਜਾਬ ਦੇ ਲੋਕਾਂ ਦਾ ਫਤਵਾ ਆਵੇਗਾ। ਇਹ ਵੀ ਪਤਾ ਲੱਗਿਆ ਹੈ ਕਿ ਜਿਆਦਾਤਰ ਅਧਿਕਾਰੀ ਆਮ ਆਦਮੀ ਪਾਰਟੀ ਦੀ ਸੀਨੀਅਰ ਜੂਨੀਅਰ ਲੀਡਸ਼ਿਪ ਨਾਲ ਰਾਬਤਾ ਬਣਾਉਂਦੀ ਜ਼ਰੂਰ ਨਜ਼ਰ ਆ ਰਹੀ ਹੈ।
ਪੰਜਾਬ ਵਿੱਚ ਪਏ ਇਸ ਭੰਬਲਭੂਸੇ ਪਿੱਛੇ 2 ਮੁੱਖ ਕਾਰਨ ਨਜ਼ਰ ਆ ਰਹੇ ਹਨ। ਪਹਿਲਾ ਇਹ ਕਿ ਪੰਜਾਬ ਦੇ ਵੋਟਰਾਂ ਨੇ ਇਸ ਵਾਰ ਬੜੀ ਸਿਆਣਪ ਤੋਂ ਕੰਮ ਲੈਂਦਿਆਂ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਖੁਸ਼ ਕੀਤਾ ਹੈ। ਧੜੇਬਾਜੀ ਤੋਂ ਗੁਰੇਜ਼ ਹੀ ਕੀਤਾ ਹੈ। ਪਿੰਡਾਂ ਸ਼ਹਿਰਾਂ ਵਿੱਚ ਸੀਨੀਅਰ ਲੀਡਰਾਂ ਦੀਆਂ ਹੋਈਆਂ ਰੈਲੀਆਂ ਇਕੱਠਾਂ ਵਿਚ ਬਰਾਬਰ ਦਾ ਹੀ ਹੁੰਗਾਰਾ ਭਰਿਆ ਦਿੱਸਦਾ ਹੈ। ਦੂਸਰਾ ਸਭ ਤੋਂ ਵੱਡਾ ਕਾਰਨ ਪੰਜਾਬ ਚੋਣ ਕਮੀਸ਼ਨ ਦੇ ਸੀਈਓ ਐਸ.ਕਰੁਣਾ ਰਾਜੂ ਆਈਏਐਸ ਵੱਲੋਂ ਪੂਰੀ ਮੁਸਤੈਦੀ ਨਾਲ ਕਰਾਈਆਂ ਗਈਆਂ ਵਿਧਾਨ ਸਭਾ ਚੋਣਾਂ ਹਨ। ਉਹਨਾਂ ਦੀ ਅਗਵਾਈ ਵਿੱਚ ਪੰਜਾਬ ਵਿੱਚ ਕਿਧਰੇ ਵੀ ਕੋਈ ਧੱਕਾ ਜਾਂ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਉਮੀਦਵਾਰਾਂ ਸ਼ਰੇਆਮ ਵੰਡੀ ਜਾਂਦੀ ਸ਼ਰਾਬ ਅਤੇ ਨਕਦੀ ਨੂੰ ਵੀ ਠੱਲ੍ਹ ਪਾਉਣ ਵਿੱਚ ਵੱਡਾ ਮਾਅਰਕਾ ਮਾਰਿਆ ਹੈ।
ਬੇਸ਼ੱਕ ਇਸ ਵਾਰ ਬਦਲਾਅ ਦਾ ਨਾਅਰਾ ਪੰਜਾਬ ਦੇ ਹਰ ਕੋਨੇ ਵਿੱਚ ਸਾਹਮਣੇ ਆਇਆ ਪਰੰਤੂ ਉਮੀਦਵਾਰਾਂ ਦੀ ਚੋਣ ਅੱਗੇ ਇਹ ਨਾਅਰਾ ਵੀ ਬਹੁਤਾ ਅਸਰ ਨਹੀਂ ਦਿਖਾ ਸਕਿਆ । ਪੰਜਾਬ ਦੇ ਲੋਕਾਂ ਨੇ ਕਿਸ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ ਹੈ ਇਹ ਤਾਂ 10 ਮਾਰਚ ਨੂੰ ਹੀ ਪਤਾ ਚੱਲੇਗਾ ਪਰੰਤੂ ਅੱਜ ਇਹੀ ਚਰਚਾ ਹੈ ਕਿ ਪੰਜਾਬ ਵਿੱਚ ਕਿਸੇ ਵੀ ਪਾਰਟੀ ਜਾਂ ਗੱਠਜੋੜ ਨੂੰ ਬਹੁਮਤ ਮਿਲਦਾ ਨਹੀਂ ਲੱਗ ਰਿਹਾ।























