ਬਾਹਰੋਂ ਆਉਣ ਵਾਲਿਆਂ ਨੂੰ ਰੱਖਿਆ ਜਾਵੇ ਇਕਾਂਤਵਾਸ ਵਿਚ
ਬਠਿੰਡਾ, 29 ਅਪ੍ਰੈਲ ( ਵਿਸ਼ਵ ਵਾਰਤਾ) :– ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰਾਂ ਸ੍ਰੀ ਸੰਜੈ ਕੁਮਾਰ ਆਈ.ਏ.ਐਸ. ਨੇ ਅੱਜ ਬਠਿੰਡਾ ਦਾ ਦੌਰਾ ਕਰਕੇ ਕੋਵਿਡ ਰਾਹਤ ਕਾਰਜਾਂ ਅਤੇ ਕਣਕ ਦੇ ਖਰੀਦ ਪ੍ਰਬੰਧਾਂ ਦੀ ਸਮੀਖਿਆ ਲਈ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਅਤੇ ਐਸਐਸਪੀ ਡਾ: ਨਾਨਕ ਸਿੰਘ ਸਮੇਤ ਬਾਕੀ ਸੀਨਿਅਰ ਅਧਿਕਾਰੀਆਂ ਨਾਲ ਬੈਠਕ ਕੀਤੀ।
ਇਸ ਮੌਕੇ ਸ੍ਰੀ ਸੰਜੈ ਕੁਮਾਰ, ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰਾਂ ਨੇ ਦੱਸਿਆ ਕਿ ਜਿ਼ਲ੍ਹਾ ਬਠਿੰਡਾ ਹਾਲੇ ਤੱਕ ਗਰੀਨ ਜੋਨ ਵਿਚ ਬਣਿਆ ਹੋਇਆ ਹੈ ਅਤੇ ਕੋਈ ਵੀ ਕਨਫਰਮ ਕਰੋਨਾ ਮਰੀਜ ਨਹੀਂ ਹੈ ਪਰ ਜਿ਼ਲ੍ਹਾ ਪ੍ਰਸ਼ਾਸਨ ਆਪਣੀ ਚੌਕਸੀ ਇਸੇ ਤਰਾਂ ਬਣਾਈ ਰੱਖੇ।ਉਨ੍ਹਾਂ ਨੇ ਕਿਹਾ ਕਿ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਦੀ ਬਕਾਇਦਾ ਮੈਡੀਕਲ ਜਾਂਚ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਕਾਂਤਵਾਸ ਵਿਚ ਰੱਖਿਆ ਜਾਵੇ।ਉਨ੍ਹਾਂ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰ ਜਿ਼ਲ੍ਹੇ ਵਿਚ ਚਲ ਰਹੇ ਰਾਹਤ ਕਾਰਜਾਂ ਅਤੇ ਕਣਕ ਦੀ ਖਰੀਦ ਪ੍ਰਕ੍ਰਿਆ ਦੀ ਨਿੱਜੀ ਤੌਰ ਤੇ ਨਿਗਰਾਨੀ ਕਰ ਰਹੇ ਹਨ ਅਤੇ ਇਸੇ ਲਈ ਸੀਨਿਅਰ ਅਧਿਕਾਰੀਆਂ ਨੂੰ ਜਿ਼ਲ੍ਹਿਆਂ ਵਿਚ ਭੇਜਿਆ ਜਾ ਰਿਹਾ ਹੈ।
ਵਧੀਕ ਮੁੱਖ ਸਕੱਤਰ ਨੇ ਇਸ ਮੌਕੇ ਕਿਹਾ ਕਿ ਕੋਵਿਡ ਕਾਰਨ ਲੱਗੇ ਕਰਫਿਊ ਦੌਰਾਨ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਭੁੱਖਾ ਨਾ ਸੌਂਵੇ ਅਤੇ ਹਰੇਕ ਲੋੜਵੰਦ ਤੱਕ ਮਦਦ ਮੁਹਈਆ ਕਰਵਾਈ ਜਾਵੇ।ਉਨ੍ਹਾਂ ਨੇ ਜਿ਼ਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਘਰਾਂ ਦੇ ਅੰਦਰ ਹੀ ਰਹਿਣ ਅਤੇ ਕਰਫਿਊ ਦਾ ਪਾਲਣ ਕਰਨ ਕਿਉਂਕਿ ਇਹੀ ਇਕ ਤਰੀਕਾ ਹੈ ਇਸ ਬਿਮਾਰੀ ਦੇ ਪਸਾਰ ਨੂੰ ਰੋਕਣ ਦਾ।
ਸ੍ਰੀ ਸੰਜੈ ਕੁਮਾਰ ਨੇ ਮੌਕੇ ਨਿਰਦੇਸ਼ ਦਿੱਤੇ ਕਿ ਕਰੋਨਾ ਤੋਂ ਇਲਾਵਾ ਮਲੇਰੀਆਂ ਅਤੇ ਡੇਂਗੂ ਦੀ ਬਿਮਾਰੀ ਦੇ ਪਸਾਰ ਪੱਖੋਂ ਵੀ ਇਹ ਸਮਾਂ ਸੰਵੇਨਸ਼ੀਲ ਹੈ। ਇਸ ਲਈ ਜਰੂਰੀ ਇੰਤਜਾਮ ਕੀਤੇ ਜਾਣ ਕਿ ਇਨ੍ਹਾਂ ਬਿਮਾਰੀਆਂ ਦਾ ਫੈਲਾਅ ਨਾ ਹੋਵੇ।ਇਸੇ ਤਰਾਂ ਉਨ੍ਹਾਂ ਨੇ ਪੀਣ ਵਾਲੇ ਪਾਣੀ ਦੇ ਨਿਯਮਿਤ ਤੌਰ ਤੇ ਨਮੂਨੇ ਲੈਣ, ਘਰਾਂ ਤੋਂ 100 ਫੀਸਦੀ ਕੂੜਾ ਚੁੱਕਣ, ਕੂੜੇ ਦੇ ਵਰਗੀਕਰਨ ਕਰਨ ਅਤੇ ਸਟਰੀਟ ਲਾਇਟਾਂ ਦੇ ਪ੍ਰਬੰਧ ਕਰਨ ਲਈ ਵੀ ਕਿਹਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਬਠਿੰਡਾ ਜਿ਼ਲ੍ਹੇ ਤੋਂ ਹਾਲੇ ਤੱਕ 575 ਨਮੂਨੇ ਜਾਂਚ ਲਈ ਲਏ ਗਏ ਹਨ। ਇੰਨ੍ਹਾਂ ਵਿਚੇ 491 ਦੀ ਰਿਪੋਟ ਨੈਗੇਟਿਵ ਪ੍ਰਾਪਤ ਹੋ ਚੁੱਕੀ ਹੈ ਜਦ ਕਿ 84 ਦੀ ਰਿਪੋਟ ਆਉਣੀ ਬਕਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਜਿ਼ਲ੍ਹੇ ਦੀਆਂ ਸਰਹੱਦਾਂ ਤੇ ਪੂਰੀ ਚੌਕਸੀ ਰੱਖੀ ਜਾ ਰਹੀ ਹੈ।ਉਨ੍ਹਾਂ ਨੇ ਕਿਹਾਕਿ ਬਾਹਰਲੇ ਜਿ਼ਲ੍ਹਿਆਂ ਤੋਂ ਕਰੋਨਾ ਦੀ ਲਾਗ ਨਾ ਆਵੇ ਇਸ ਲਈ ਫਿਲਹਾਲ ਦੂਜੇ ਰਾਜਾਂ ਤੋਂ ਆਉਣ ਵਾਲੀ ਸਬਜੀ ਤੇ ਰੋਕ ਲਗਾਈ ਗਈ ਹੈ। ਐਸਐਸਪੀ ਡਾ: ਨਾਨਕ ਸਿੰਘ ਨੇ ਦੱਸਿਆ ਕਿ ਜਿ਼ਲ੍ਹੇ ਦੇ ਲੋਕ ਪੂਰਾ ਸਹਿਯੋਗ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਕਰਫਿਊ ਤੋੜਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਨਿਗਮ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸੁੱਕਾ ਰਾਸ਼ਨ ਅਤੇ ਪੱਕਿਆ ਹੋਇਆ ਭੋਜਨ ਲੋੜਵੰਦ ਲੋਕਾਂ ਨੂੰ ਮੁਹਈਆ ਕਰਵਾਇਆ ਜਾ ਰਿਹਾ ਹੈ। ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਜਰੂਰਤ ਅਨੁਸਾਰ ਸੁਰੱਖਿਆ ਕਿੱਟਾਂ ਉਪਲਬੱਧ ਹਨ।
ਜਿ਼ਲ੍ਹਾ ਫੂਡ ਸਪਲਾਈ ਕੰਟਰੋਲਰ ਮਨਦੀਪ ਸਿੰਘ ਨੇ ਦੱਸਿਆ ਕਿ 55 ਫੀਸਦੀ ਕਣਕ ਦੀ ਖਰੀਦ ਹੋ ਚੁੱਕੀ ਹੈ। ਜਿ਼ਲ੍ਹਾ ਮੰਡੀ ਅਫ਼ਸਰ ਪ੍ਰੀਤ ਕੰਵਰ ਸਿੰਘ ਬਰਾੜ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਮੰਡੀਆਂ ਵਿਚ 25000 ਮਾਸਕ ਵੰਡੇ ਗਏ ਹਨ