ਲੰਡਨ ਤੋਂ ਅਮ੍ਰਿਤਸਰ ਆਏ ਯਾਤਰੀਆਂ ਨੂੰ ਹਵਾਈ ਅੱਡੇ ਤੇ ਰੋਕਣ ਖਿਲਾਫ ਰਿਸ਼ਤੇਦਾਰਾਂ ਵੱਲੋਂ ਭਾਰੀ ਹੰਗਾਮਾ
ਕੋਰੋਨਾ ਟੈਸਟ ਜ਼ਰੂਰੀ ਹੋਣ ਕਾਰਨ ਹੋਈ ਇਹ ਦੇਰੀ-ਅਥਾਰਟੀ
ਲੰਡਨ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਖ਼ਤਰਨਾਕ ਬਿਮਾਰੀ ਆਉਣ ਕਾਰਨ ਕੋਰੋਨਾ ਟੈਸਟ ਜ਼ਰੂਰੀ-ਸਿਵਲ ਸਰਜਨ
ਅੱਜ ਰਾਤ ਤੋਂ ਇੰਗਲੈਂਡ ਤੋਂ ਆਉਣ ਤੇ ਜਾਣ ਵਾਲੀਆਂ ਸਾਰੀਆਂ ਫਲਾਇਟਾਂ ਉਤੇ ਇਕ ਹਫਤੇ ਤੱਕ ਮੁਕੰਮਲ ਪਾਬੰਦੀ

ਚੰਡੀਗੜ੍ਹ, 22 ਦਸੰਬਰ(ਵਿਸ਼ਵ ਵਾਰਤਾ)- ਬੀਤੀ ਰਾਤ ਲੰਡਨ ਦੇ ਇਥਰੋ ਹਵਾਈ ਅੱਡੇ ਤੋਂ ਆਏ ਜਹਾਜ਼ ਦੇ 244 ਯਾਤਰੀਆਂ ਨੂੰ ਅਮ੍ਰਿਤਸਰ ਦੇ ਰਾਜਾ ਸਾਂਸੀ ਹਵਾਈ ਅੱਡੇ ਤੇ ਰੋਕਣ ਕਾਰਨ ਯਾਤਰੀਆਂ ਅਤੇ ਉਹਨਾਂ ਨੂੰ ਲੈਣ ਆਏ ਰਿਸ਼ਤੇਦਾਰਾਂ ਦੋਸਤਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦ ਕਿ ਹਵਾਈ ਅੱਡੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੰਗਲੈਂਡ ਵਿੱਚ ਕੋਰੋਨਾ ਵਾਇਰਸ ਨਾਲ ਸੰਬੰਧਤ ਇਕ ਹੋਰ ਖ਼ਤਰਨਾਕ ਵਾਇਰਸ ਆਉਣ ਕਾਰਨ ਇਹਨਾਂ ਯਾਤਰੀਆਂ ਦੇ ਕੋਰੋਨਾ ਟੈਸਟ ਕਰਵਾਉਣੇ ਜ਼ਰੂਰੀ ਹਨ ਤਾਂ ਹੀ ਯਾਤਰੀਆਂ ਦੇ ਹਵਾਈ ਅੱਡੇ ਵਿੱਚੋਂ ਬਾਹਰ ਨਿਕਲਣ ਵਿੱਚ ਦੇਰੀ ਹੋ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਯਾਤਰੀਆਂ ਨੂੰ ਹੀ ਬਾਹਰ ਆਉਣ ਦਿੱਤਾ ਜਾਵੇਗਾ ਜਿਹਨਾਂ ਦੀ ਰਿਪੋਰਟ ਨੈਗੇਟਿਵ ਆਏਗੀ। ਬੀਤੀ ਰਾਤ ਸਾਢੇ ਬਾਰਾਂ ਵਜੇ ਦੇ ਕਰੀਬ ਆਏ ਇਸ ਜਹਾਜ ਦੇ ਯਾਤਰੀ ਜਿਥੇ ਹੋ ਰਹੀ ਖੱਜ਼ਲ-ਖੁਆਰੀ ਤੋਂ ਪਰੇਸ਼ਾਨ ਹਨ ਉਥੇ ਪੈ ਰਹੀ ਕੜਾਕੇ ਦੀ ਠੰਢ ਵਿਚ ਬਾਹਰ ਖੜੇ ਉਹਨਾਂ ਨੂੰ ਲੈਣ ਆਏ ਰਿਸ਼ਤੇਦਾਰ-ਦੋਸਤ ਵੀ ਖੱਜ਼ਲ ਖੁਆਰ ਹੋ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਸ ਟੈਸਟ ਬਾਰੇ ਅਗਾਂਊ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਪਰ ਅਧਿਕਾਰੀ ਯਾਤਰੀਆਂ ਦੇ ਟੈਸਟ ਕਰਨ ਉਤੇ ਬਜ਼ਿਦ ਹਨ।






















