– ਸਿੱਖਿਆ ਮੰਤਰੀ ਵੱਲੋਂ ਅਧਿਆਪਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਨਾਲ ਮੁਲਾਕਾਤ
– ਹੋਰ ਮੰਗਾਂ ਮੰਨਣ ਦਾ ਵੀ ਦਿੱਤਾ ਭਰੋਸਾ
ਚੰਡੀਗੜ੍ਹ, 27 ਜੁਲਾਈ (ਵਿਸ਼ਵ ਵਾਰਤਾ)- ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਮਾਸਟਰ ਕੇਡਰ ਤੋਂ ਲੈਕਚਰਾਰ ਅਤੇ ਲੈਕਚਰਾਰਾਂ ਤੋਂ ਹੈÎੱਡ ਮਾਸਟਰ ਕੇਡਰ ਵਿੱਚ ਤਰੱਕੀਆਂ ਜਲਦੀ ਕਰਨ ਦਾ ਭਰੋਸਾ ਦਿੱਤਾ।
ਇੱਥੇ ਅਧਿਆਪਕਾਂ ਦੇ ਸਾਂਝੇ ਮੋਰਚੇ ਦੇ ਵਫ਼ਦ ਨਾਲ ਮੁਲਾਕਾਤ ਦੌਰਾਨ ਸ੍ਰੀ ਸੋਨੀ ਨੇ ਕਿਹਾ ਕਿ ਰੈਸ਼ਨੇਲਾਈਜੇਸ਼ਨ ਤੇ ਬਦਲੀਆਂ ਸਬੰਧੀ ਮੰਗਾਂ ਉਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ। ਉਨ੍ਹਾਂ 5178 ਅਧਿਆਪਕਾਂ, ਜਿਨ੍ਹਾਂ ਨੂੰ ਮੌਜੂਦਾ ਸਮੇਂ 7500 ਰੁਪਏ ਤਨਖ਼ਾਹ ਮਿਲਦੀ ਹੈ, ਨੂੰ ਰੈਗੂਲਰ ਕਰਨ ਦੀ ਨਵੀਂ ਤਜਵੀਜ਼ ਮੋਰਚੇ ਅੱਗੇ ਰੱਖੀ। ਇਨ੍ਹਾਂ ਅਧਿਆਪਕਾਂ ਨੂੰ ਜਦੋਂ ਤੱਕ ਪੂਰਾ ਤਨਖ਼ਾਹ ਸਕੇਲ ਨਹੀਂ ਮਿਲਦਾ, ਉਦੋਂ ਤੱਕ ਉਨ੍ਹਾਂ ਦੀ ਤਨਖ਼ਾਹ ਵਿੱਚ ਪਹਿਲੀ ਅਪਰੈਲ ਤੋਂ ਹਰ ਸਾਲ 10-10 ਹਜ਼ਾਰ ਰੁਪਏ ਦਾ ਵਾਧਾ ਕਰਨ ਦੀ ਤਜਵੀਜ਼ ਰੱਖੀ ਗਈ। ਇਸ ਤੋਂ ਇਲਾਵਾ ਸਿੱਖਿਆ ਮੰਤਰੀ ਨੇ ਐਜੂਕੇਸ਼ਨ ਵਾਲੰਟੀਅਰਾਂ ਅਤੇ ਇਸ ਵਰਗ ਵਿੱਚ ਆਉਂਦੇ ਅਧਿਆਪਕਾਂ ਦੀਆਂ ਤਨਖ਼ਾਹਾਂ ਵਿੱਚ ਵਾਧੇ ਦੀ ਤਜਵੀਜ਼ ਵੀ ਮੋਰਚੇ ਅੱਗੇ ਰੱਖੀ।
ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਇਕ ਸਲਾਹਕਾਰ ਕਮੇਟੀ ਬਣਾਉਣ ਦਾ ਵਿਚਾਰ ਹੈ। ਮੀਟਿੰਗ ਦੌਰਾਨ ਪੰਜ ਸੁਸਾਇਟੀਆਂ ਦੇ ਅਧਿਆਪਕਾਂ ਨੂੰ ਦੋ ਆਪਸ਼ਨਾਂ ਦਿੱਤੀਆਂ ਗਈਆਂ। ਇਕ ਤਜਵੀਜ਼ 10300 ਉਤੇ ਰੈਗੂਲਰ ਹੋਣ ਅਤੇ ਦੂਜੀ ਸਬੰਧਤ ਸੁਸਾਇਟੀ ਵਿੱਚ ਮੌਜੂਦਾ ਤਨਖ਼ਾਹ ਉਤੇ ਕੰਮ ਕਰਦੇ ਰਹਿਣ ਬਾਰੇ ਸੀ।
ਸ੍ਰੀ ਸੋਨੀ ਨੇ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਦਾ ਵਿਰੋਧ ਕਰਨ ਵਾਲਿਆਂ ਖ਼ਿਲਾਫ਼ ਦਰਜ ਪਰਚਿਆਂ ਬਾਰੇ ਕਿਹਾ ਕਿ ਉਹ ਜਾਰੀ ਹੋਏ ਕਾਰਨ ਦੱਸੋ ਨੋਟਿਸਾਂ ਦਾ ਜਵਾਬ ਦੇ ਦੇਣ। ਇਸ ਤੋਂ ਬਾਅਦ ਮਾਮਲਿਆਂ ਦਾ ਨਿਬੇੜਾ ਕਰ ਦਿੱਤਾ ਜਾਵੇਗਾ। ਸਿੱਖਿਆ ਸਰਵਿਸ ਪ੍ਰੋਵਾਈਡਰ ਤੇ ਹੋਰ ਵਰਗਾਂ ਜਿਨ੍ਹਾਂ ਨੂੰ ਬਹੁਤ ਘੱਟ ਤਨਖ਼ਾਹ ਮਿਲ ਰਹੀ ਹੈ, ਉਨ੍ਹਾਂ ਦੀ ਤਨਖ਼ਾਹ ਵਿੱਚ ਹਰ ਸਾਲ ਪੰਜ ਫੀਸਦੀ ਦਾ ਵਾਧਾ ਕਰਨ ਦੀ ਤਜਵੀਜ਼ ਰੱਖੀ ਗਈ। ਉਨ੍ਹਾਂ ਅਧਿਆਪਕਾਂ ਨੂੰ ਇਨ੍ਹਾਂ ਤਜਵੀਜ਼ਾਂ ਬਾਰੇ ਇਕ ਹਫ਼ਤੇ ਵਿੱਚ ਜਵਾਬ ਦੇਣ ਲਈ ਕਿਹਾ।
ਬਦਲੀਆਂ ਬਾਰੇ ਅਧਿਆਪਕਾਂ ਵੱਲੋਂ ਕੀਤੇ ਸਵਾਲ ਉਤੇ ਸ੍ਰੀ ਸੋਨੀ ਨੇ ਕਿਹਾ ਕਿ ਅਧਿਆਪਕਾਂ ਦੀਆਂ ਬਦਲੀਆਂ ਪੂਰੇ ਪਾਰਦਰਸ਼ੀ ਤਰੀਕੇ ਨਾਲ ਹੋਈਆਂ ਹਨ ਅਤੇ ਇਸ ਸਬੰਧੀ ਨੀਤੀ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ। ਬਦਲੀਆਂ ਤੇ ਰੈਸ਼ਨੇਲਾਈਜੇਸ਼ਨ ਬਾਰੇ ਨੀਤੀਆਂ ਜਲਦੀ ਤਿਆਰ ਕੀਤੀਆਂ ਜਾ ਰਹੀਆਂ ਹਨ।