ਲੁਧਿਆਣਾ ਬੰਬ ਧਮਾਕਾ- ਐਨਆਈਏ ਵੱਲੋਂ ‘ਸਿੱਖਸ ਫਾਰ ਜਸਟਿਸ’ ਦੇ ਜਸਵਿੰਦਰ ਮੁਲਤਾਨੀ ਵਿਰੁੱਧ ਮਾਮਲਾ ਦਰਜ,ਜਰਮਨੀ ਜਾ ਕੇ ਕਰੇਗੀ ਪੁੱਛਗਿੱਛ

ਚੰਡੀਗੜ੍ਹ,31 ਦਸੰਬਰ(ਵਿਸ਼ਵ ਵਾਰਤਾ)- ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੀ ਜਾਂਚ ਕਰ ਰਹੀ ਕੇਂਦਰੀ ਸੁਰੱਖਿਆ ਏਜੰਸੀ ਐਨਆਈਏ ਨੇ ਮਾਮਲੇ ਵਿੱਚ ਸਿੱਖਸ ਫਾਰ ਜਸਟਿਸ ਦੇ ਜਸਵਿੰਦਰ ਸਿੰਘ ਮੁਲਤਾਨੀ ਵਿਰੁੱਧ ਕੇਸ ਦਰਜ ਕੀਤਾ ਹੈ। ਐਨਆਈਏ ਦੀ ਇੱਕ ਟੀਮ ਵੱਲੋਂ ਜਰਮਨੀ ਜਾ ਕੇ ਉਸ ਕੋਲੋਂ ਪੁੱਛਗਿੱਛ ਕੀਤੇ ਜਾਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ 23 ਦਸੰਬਰ ਨੂੰ ਲੁੁਧਿਆਣਾ ਦੇ ਕੋਰਟ ਕੰਪਲੈਕਸ ਵਿੱਚ ਹੋਏ ਧਮਾਕੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 6 ਹੋਰ ਜਖਮੀ ਹੋਏ ਸਨ। ਧਮਾਕੇ ਵਿੱਚ ਮਰਨ ਵਾਲਾ ਵਿਅਕਤੀ ਹੀ ਮੁੱਖ ਦੋਸ਼ੀ ਸੀ ਅਤੇ ਪੰਜਾਬ ਪੁਲਿਸ ਦਾ ਸਾਬਕਾ ਕਾਂਸਟੇਬਲ ਸੀ। ਜਾਂਚ ਤੋਂ ਬਾਅਦ ਉਸਦੇ ਐਸਐਫਜੇ ਦੇ ਜਸਵਿੰਦਰ ਮੁਲਤਾਨੀ ਅਤੇ ਹੋਰਨਾਂ ਖਾਲਿਸਤਾਨੀ ਤੱਤਾਂ ਨਾਲ ਰਲ ਕੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਗੱਲ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਮੁਲਤਾਨੀ ਨੂੰ ਭਾਰਤ ਸਰਕਾਰ ਦੇ ਕੂਟਨੀਤਕ ਦਬਾਅ ਦੇ ਮੱਦੇਨਜ਼ਰ ਜਰਮਨੀ ਵਿੱਚ ਹੀ ਉੱਥੋਂ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।






















