ਲਹਿਰਾਗਾਗਾ ਵਿਖੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ‘ਤੇ ਲੋਕ ਚੇਤਨਾ ਮੰਚ ਨੇ ਕਰਵਾਇਆ ਇੰਨਕਲਾਬੀ ਸੱਭਿਆਚਾਰਕ ਪ੍ਰੋਗਰਾਮ
ਲਹਿਰਾਗਾਗਾ,23 ਮਾਰਚ (ਵਿਸ਼ਵ ਵਾਰਤਾ)- ਲੋਕ ਚੇਤਨਾ ਮੰਚ, ਲਹਿਰਾਗਾਗਾ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ 92ਵੇਂ ਸ਼ਹੀਦੀ ਦਿਹਾੜੇ ‘ਤੇ ਇੱਕ ਵਿਸ਼ਾਲ ਇੰਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਸਥਾਨਕ ਪੁਰਾਣੀ ਦਾਣਾ ਮੰਡੀ ਵਿੱਚ ਕਰਵਾਏ ਇਸ ਪ੍ਰੋਗਰਾਮ ਵਿੱਚ ਸ਼ਹਿਰ ਅਤੇ ਨੇੜਲੇ ਪਿੰਡਾਂ ਦੇ ਸੈਂਕੜੇ ਲੋਕਾਂ ਤੇ ਜਨਤਕ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਸ਼ਮੂਲੀਅਤ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਨੇ ਲੋਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਇਨਕਲਾਬੀ ਵਿਚਾਰਧਾਰਾ ਨੂੰ ਬੁਲੰਦ ਕਰਨ ਲਈ ਹੀ ਇਹ ਪ੍ਰੋਗਰਾਮ ਹਰ ਸਾਲ ਕਰਵਾਇਆ ਜਾਂਦਾ ਹੈ। ਇਹ ਪ੍ਰੋਗਰਾਮ ਜਮਹੂਰੀ ਹੱਕਾਂ ਦੇ ਨਿਧੜਕ ਜਰਨੈਲ ਮਰਹੂਮ ਹਰੀ ਸਿੰਘ ਤਰਕ ਦੀ ਨਿੱਘੀ ਤੇ ਪ੍ਰੇਰਨਾਮਈ ਯਾਦ ਨੂੰ ਸਮਰਪਿਤ ਕੀਤਾ ਜਾਂਦਾ ਹੈ। ਉਨ੍ਹਾਂ ਇਲਾਕੇ ਦੇ ਲੋਕਾਂ ਵੱਲੋਂ ਦਿੱਤੇ ਜਾਂਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਮਾਲਵਾ ਹੇਕ, ਲਹਿਰਾਗਾਗਾ ਦੇ ਕਲਾਕਾਰਾਂ ਵੱਲੋਂ ਜਗਦੀਸ਼ ਪਾਪੜਾ ਦੀ ਅਗਵਾਈ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਗੀਤ ਤੇ ਕਵੀਸ਼ਰੀਆਂ ਨਾਲ ਹੋਈ। ਉਪਰੰਤ ਲੋਕ ਸੰਗੀਤ ਮੰਡਲੀ, ਜੀਦਾ ਵੱਲੋਂ ਜਗਸੀਰ ਜੀਦਾ ਦੀ ਅਗਵਾਈ ਵਿੱਚ ਇਨਕਲਾਬੀ ਗੀਤਾਂ, ਬੋਲੀਆਂ, ਟੱਪਿਆਂ ਨਾਲ ਸ਼ਹੀਦਾਂ ਨੂੰ ਯਾਦ ਵੀ ਕੀਤਾ ਅਤੇ ਸਰਕਾਰਾਂ ਤੇ ਲੀਡਰਾਂ ‘ਤੇ ਵਿਅੰਗ-ਬਾਣ ਵੀ ਦਾਗੇ। ਪ੍ਰੋਗਰਾਮ ਦੌਰਾਨ ਮੰਚ ਵੱਲੋਂ ਤਿੰਨ ਕਾਲ਼ੇ ਖੇਤੀ ਕਾਨੂੰਨਾਂ ਖਿਲਾਫ਼ ਇਤਿਹਾਸਕ ਕਿਸਾਨ ਅੰਦੋਲਨ ਵਿੱਚ ਸਰਗਰਮ ਹਿੱਸਾ ਪਾਉਣ ਬਦਲੇ ਇਲਾਕੇ ਦੀਆਂ 7 ਕਿਸਾਨ ਜਥੇਬੰਦੀਆਂ ਦੀ ਇਲਾਕਾਈ ਲੀਡਰਸ਼ਿਪ ਨੂੰ ਇੱਕ-ਇੱਕ ਸਨਮਾਨ ਚਿੰਨ ਤੇ ਲੋਈਆਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿੱਚ ਭਾਰਤੀ ਕਿਸਾਨ ਯੂਨੀਅਨ(ਉਗਰਾਹਾਂ), ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ(ਡਕੌਂਦਾ), ਪੰਜਾਬ ਕਿਸਾਨ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ(ਸਿੱਧੂਪੁਰ), ਭਾਰਤੀ ਕਿਸਾਨ ਯੂਨੀਅਨ(ਰਾਜੇਵਾਲ) ਸ਼ਾਮਲ ਹਨ। ਮੰਚ ਵੱਲੋਂ ਸਾਲਾਨਾ ਹਰੀ ਸਿੰਘ ਤਰਕ ਯਾਦਗਾਰੀ ਐਵਾਰਡ ਇਤਿਹਾਸਕਾਰ ਰਾਕੇਸ਼ ਕੁਮਾਰ ਸੁਨਾਮ ਨੂੰ ਉਨ੍ਹਾਂ ਦੇ ਇਨਕਲਾਬੀ ਲਹਿਰਾਂ ਦੇ ਇਤਿਹਾਸ ਦੀ ਖੋਜਕਾਰੀ ਲਈ ਪ੍ਰਦਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਵਾਂ ਇਤਿਹਾਸ ਦੀ ਸਿਰਜਣਾ ਲਈ ਬੀਤੇ ਇਤਿਹਾਸ ਤੇ ਵਿਰਸੇ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ।
ਲੋਕ ਕਲਾ ਮੰਚ, ਮੰਡੀ ਮੁੱਲਾਂਪੁਰ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ “ਸ਼ਹੀਦ ਭਗਤ ਸਿੰਘ ਦੀ ਘੋੜੀ” ਕੋਰੀਓਗਰਾਫੀ ਪ੍ਰੋਗਰਾਮ ਦਾ ਸਿਖਰ ਹੋ ਨਿੱਬੜੀ। ਨਾਟਕ ਮੰਡਲੀ ਵੱਲੋਂ ਪੇਸ਼ ਕੀਤੇ ਨਾਟਕ “ਉੱਠਣ ਦਾ ਵੇਲਾ” ਨੇ ਇਤਿਹਾਸਕ ਕਿਸਾਨ ਅੰਦੋਲਨ ਦੀ ਕਹਾਣੀ ਅੱਗੇ ਤੋਰਦਿਆਂ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਲੋਕ ਘੋਲ ਹਰ ਜਣੇ ਦੀ ਸ਼ਮੂਲੀਅਤ ਤੇ ਹਿੱਸੇਦਾਰੀ ਨਾਲ ਹੀ ਉੱਸਰਦੇ ਹਨ। ਇਹ ਸਭ ਦੀ ਜੁੰਮੇਵਾਰੀ ਹੈ।
ਪ੍ਰੋਗਰਾਮ ਦੀ ਸਟੇਜ਼ ਦੀ ਜੁੰਮੇਵਾਰੀ ਮਾਸਟਰ ਹਰਭਗਵਾਨ ਗੁਰਨੇ ਨੇ ਨਿਭਾਈ ਅਤੇ ਪ੍ਰੋਗਰਾਮ ਦੀ ਸਫਲਤਾ ਲਈ ਮੰਚ ਦੇ ਆਗੂ ਨਾਮਦੇਵ ਭੁਟਾਲ, ਸ਼ਮਿੰਦਰ ਸਿੰਘ, ਰਣਜੀਤ ਲਹਿਰਾ, ਹਰੀ ਸਿੰਘ ਅੜਕਵਾਸ, ਪੂਰਨ ਸਿੰਘ ਖਾਈ, ਗੁਰਪਿਆਰ ਸਿੰਘ, ਗੁਰਚਰਨ ਸਿੰਘ, ਮਹਿੰਦਰ ਸਿੰਘ, ਰਘਬੀਰ ਭੁਟਾਲ, ਤਰਸੇਮ ਭੋਲੂ, ਪ੍ਰਿੰਸੀਪਲ ਪਿਆਰਾ ਲਾਲ, ਗੁਰਪ੍ਰੀਤ ਬੱਬੀ, ਮਾਸਟਰ ਜੀਵਨ ਰਾਮ ਚੋਟੀਆਂ, ਰਾਮਚੰਦਰ ਸਿੰਘ ਖਾਈ, ਸੁਖਜਿੰਦਰ ਲਾਲੀ ਆਦਿ ਨੇ ਅਹਿਮ ਰੋਲ ਨਿਭਾਇਆ। ਪ੍ਰੋਗਰਾਮ ਵਿੱਚ ਚਾਹ ਦਾ ਲੰਗਰ ਅਤੁੱਟ ਵਰਤਿਆ। ਕਿਤਾਬਾਂ ਦੀਆਂ ਸਟਾਲਾਂ ਤੋਂ ਲੋਕਾਂ ਨੇ ਅਗਾਂਹਵਧੂ ਸਾਹਿਤ ਦੀ ਖਰੀਦਦਾਰੀ ਕੀਤੀ।























