ਰੋਹਤਕ ਵਿੱਚ ਫਟਿਆ ਗੈਸ ਸਿਲੰਡਰ 2 ਬੱਚਿਆਂ ਸਮੇਤ 7 ਜ਼ਖਮੀ
ਚੰਡੀਗੜ੍ਹ 12 ਅਕਤੂਬਰ(ਵਿਸ਼ਵ ਵਾਰਤਾ)- ਹਰਿਆਣਾ ਦੇ ਰੋਹਤਕ ਸ਼ਹਿਰ ਦੀ ਏਕਤਾ ਕਾਲੋਨੀ ‘ਚ ਅੱਜ ਸਵੇਰੇ ਇਕ ਘਰ ‘ਚ ਸਿਲੰਡਰ ਫਟ ਗਿਆ। ਇਸ ਨਾਲ ਘਰ ਦੀ ਕੰਧ ਅਤੇ ਛੱਤ ਉੱਡ ਗਈ। ਹਾਦਸੇ ‘ਚ 2 ਬੱਚਿਆਂ ਸਮੇਤ 7 ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰੋਹਤਕ ਪੀ.ਜੀ.ਆਈ. ਵਿਖੇ ਭਰਤੀ ਕਰਵਾਇਆ ਗਿਆ ਹੈ। ਸਿਲੰਡਰ ਦਾ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਇਕ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਅਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਈ। ਮੁੱਢਲੀ ਜਾਣਕਾਰੀ ਅਨੁਸਾਰ ਘਰ ‘ਚ ਗਰਮ ਪਾਣੀ ਲਈ ਗੈਸ ਗੀਜ਼ਰ ਲਗਾਏ ਗਏ ਸਨ। ਗੈਸ ਗੀਜ਼ਰ ਲਈ ਫਿੱਟ ਕੀਤਾ ਸਿਲੰਡਰ ਫਟ ਗਿਆ। ਜਿਸ ਘਰ ‘ਚ ਧਮਾਕਾ ਹੋਇਆ, ਉਸ ਨੂੰ ਨਾ ਸਿਰਫ ਨੁਕਸਾਨ ਹੋਇਆ, ਸਗੋਂ ਆਲੇ-ਦੁਆਲੇ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ।