ਰੂਸ -ਯੂਕਰੇਨ ਸੰਕਟ,ਜੰਗ 33 ਵੇਂ ਦਿਨ ਵੀ ਜਾਰੀ
ਜੰਗ ਵਿੱਚ ਹੁਣ ਤੱਕ 143 ਬੱਚਿਆਂ ਦੀ ਹੋ ਚੁੱਕੀ ਹੈ ਮੌਤ
ਚੰਡੀਗੜ੍ਹ, 29ਮਾਰਚ(ਵਿਸ਼ਵ ਵਾਰਤਾ)-ਯੂਕਰੇਨ ਅਤੇ ਰੂਸ ਵਿਚਾਲੇ 33 ਦਿਨਾਂ ਤੋਂ ਜੰਗ ਜਾਰੀ ਹੈ। ਖਾਰਕਿਵ ਦੇ ਗਵਰਨਰ ਦਾ ਕਹਿਣਾ ਹੈ ਕਿ ਰੂਸੀ ਬਲਾਂ ਨੇ ਪਿਛਲੇ 24 ਘੰਟਿਆਂ ਵਿੱਚ ਸ਼ਹਿਰ ਉੱਤੇ 200 ਤੋਂ ਵੱਧ ਹਵਾਈ ਹਮਲੇ ਕੀਤੇ ਹਨ। ਦੂਜੇ ਪਾਸੇ ਯੂਕਰੇਨ ਦਾ ਦਾਅਵਾ ਹੈ ਕਿ ਰੂਸੀ ਹਮਲੇ ਵਿੱਚ ਹੁਣ ਤੱਕ ਯੂਕਰੇਨ ਦੇ 143 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਜਦਕਿ 216 ਤੋਂ ਵੱਧ ਜ਼ਖਮੀ ਹਨ। ਇਹ ਅੰਕੜਾ ਹੋਰ ਵਧ ਸਕਦਾ ਹੈ।
ਯੂਕਰੇਨੀ ਸ਼ਹਿਰਾਂ ‘ਤੇ ਰੂਸੀ ਹਮਲਿਆਂ ਦੇ ਵਿਚਕਾਰ, ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀ ਅੱਜ ਸ਼ਾਂਤੀ ਵਾਰਤਾ ਦੇ ਚੌਥੇ ਦੌਰ ਲਈ ਤੁਰਕੀ ਦੇ ਇਸਤਾਂਬੁਲ ਵਿੱਚ ਮਿਲਣਗੇ। ਜ਼ਿਕਰਯੋਗ ਹੈ ਕਿ ਰੂਸ-ਯੂਕਰੇਨ ਸ਼ਾਂਤੀ ਵਾਰਤਾ ਹੁਣ ਤੱਕ 28 ਫਰਵਰੀ, 1 ਮਾਰਚ ਅਤੇ 7 ਮਾਰਚ ਨੂੰ ਹੋ ਚੁੱਕੀ ਹੈ, ਜਿਸ ਦਾ ਕੋਈ ਸਿੱਟਾ ਨਹੀਂ ਨਿਕਲਿਆ ਹੈ। ਸੋਮਵਾਰ ਦੀ ਬੈਠਕ ਤੋਂ ਪਹਿਲਾਂ, ਤੁਰਕੀ ਦੇ ਰਾਸ਼ਟਰਪਤੀ ਤਾਈਪੇ ਏਰਦੋਗਨ ਨੇ ਕਿਹਾ ਕਿ ਦੋਵੇਂ ਦੇਸ਼ਾਂ ‘ਚ 6 ਵਿਚੋਂ ਚਾਰ ਬਿੰਦੂਆਂ ‘ਤੇ ਸਹਿਮਤੀ ਬਣ ਗਈ ਹੈ, ਜਿਸ ਵਿੱਚ ਯੂਕਰੇਨ ਦੇ ਨਾਟੋ ਵਿੱਚ ਸ਼ਾਮਲ ਨਾ ਹੋਣ ਦੀ ਸ਼ਰਤ ਵੀ ਸ਼ਾਮਲ ਹੈ।
ਦੂਜੇ ਪਾਸੇ ਯੂਕਰੇਨ ਡਿਫੈਂਸ ਇੰਟੈਲੀਜੈਂਸ ਦਾ ਦਾਅਵਾ ਹੈ ਕਿ ਪੁਤਿਨ ਕੋਰੀਆ ਦੀ ਤਰਜ਼ ‘ਤੇ ਯੂਕਰੇਨ ਨੂੰ ਦੋ ਹਿੱਸਿਆਂ ‘ਚ ਤੋੜ ਕੇ ਪੂਰਬੀ ਅਤੇ ਪੱਛਮੀ ਯੂਕਰੇਨ ਬਣਾਉਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਰੂਸ ਆਪਣੀ ਸਰਹੱਦ ਤੋਂ ਕ੍ਰੀਮੀਆ ਤੱਕ ਜ਼ਮੀਨੀ ਗਲਿਆਰਾ ਬਣਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ।ਦੱਸ ਦੇਈਏ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇੱਕ ਰੂਸੀ ਪੱਤਰਕਾਰ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਅਸੀਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ ਸ਼ਰਤਾਂ ਤਹਿਤ ਸਮਝੌਤਾ ਨਹੀਂ ਕਰਾਂਗੇ। ਹਾਲਾਂਕਿ ਅਸੀਂ ਸ਼ਾਂਤੀ ਵਾਰਤਾ ਨੂੰ ਲੈ ਕੇ ਨਿਰਪੱਖ ਨੀਤੀ ਅਪਣਾ ਰਹੇ ਹਾਂ।