ਰੂਸ-ਯੂਕਰੇਨ ਜੰਗ ਦੌਰਾਨ ਭਾਰਤੀਆਂ ਨੂੰ ਰਾਹਤ
ਵੀਜ਼ਾ ਤੋਂ ਬਗੈਰ ਪਾਰ ਕਰ ਸਕਣਗੇ ਪੋਲੈਂਡ ਦੀ ਸਰਹੱਦ
ਚੰਡੀਗੜ੍ਹ, 1 ਮਾਰਚ(ਵਿਸ਼ਵ ਵਾਰਤਾ) ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ, ਜਿਸ ਦੇ ਚਲਦਿਆਂ ਭਾਰਤੀ ਨਾਗਰਿਕਾਂ ਨੂੰ ਬਿਨਾਂ ਵਿਜ਼ੇ ਦੇ ਪੋਲੈਂਡ ਦੀ ਸਰਹੱਦ ਪਾਰ ਕਰਨ ਦੀ ਆਗਿਆ ਮਿਲ ਗਈ ਹੈ । ਕਈ ਭਾਰਤੀ ਜੰਗ ਪ੍ਰਭਾਵਿਤ ਯੂਕਰੇਨ ਵਿੱਚ ਫਸੇ ਹੋਏ ਹਨ। ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਸੜਕ ਰਾਹੀਂ ਪੋਲੈਂਡ, ਹੰਗਰੀ ਅਤੇ ਰੋਮਾਨੀਆ ਲਿਆਂਦਾ ਜਾ ਰਿਹਾ ਹੈ ਅਤੇ ਉਥੋਂ ਉਨ੍ਹਾਂ ਨੂੰ ਭਾਰਤ ਭੇਜਿਆ ਜਾ ਰਿਹਾ ਹੈ। ਇਸ ਦੌਰਾਨ ਭਾਰਤ ਵਿੱਚ ਪੋਲੈਂਡ ਦੇ ਰਾਜਦੂਤ ਨੇ ਕਈ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਕਰੀਬ 2 ਲੱਖ ਲੋਕ ਸਰਹੱਦ ਪਾਰ ਕਰਕੇ ਪੋਲੈਂਡ ਗਏ ਹਨ, ਜਿਨ੍ਹਾਂ ਵਿੱਚ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ। ਰੂਸ-ਯੂਕਰੇਨ ਜੰਗ ਦੇ ਵਿਚਕਾਰ ਭਾਰਤ ਵਿੱਚ ਪੋਲੈਂਡ ਦੇ ਰਾਜਦੂਤ ਐਡਮ ਬੁਰਾਕੋਵਸਕੀ ਨੇ ਦੱਸਿਆ ਕਿ ਭਾਰਤੀ ਵਿਦਿਆਰਥੀਆਂ ਲਈ ਵਿਸ਼ੇਸ਼ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਪੋਲੈਂਡ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਭਾਰਤ ਦੇ ਉੱਚ ਪੱਧਰੀ ਵਫ਼ਦ ਦੀ ਮਦਦ ਕਰ ਰਿਹਾ ਹੈ ਅਤੇ ਮਦਦ ਕਰੇਗਾ। ਭਾਰਤੀ ਨਾਗਰਿਕ ਬਗੈਰ ਵੀਜ਼ੇ ਦੇ ਪੋਲੈਂਡ ਦੀ ਸਰਹੱਦ ਤੇ ਆ ਸਕਦੇ ਹਨ।























