ਰੂਪਨਗਰ ਪ੍ਰਸ਼ਾਸਨ ਦਾ ਵੱਡਾ ਫੈਸਲਾ
ਖੋਲ੍ਹੇ ਜਾਣਗੇ ਸਕੂਲ, ਕਾਲਜ ਅਤੇ ਕੋਚਿੰਗ ਸੈਂਟਰ
ਬਾਰਾਂ, ਸਿਨੇਮਾ ਹਾਲ, ਰੈਸਟੋਰੈਂਟ ਤੇ ਸਪਾ ਆਦਿ ਨੂੰ ਖੋਲ੍ਹਣ ਦੀ ਇਜ਼ਾਜਤ
ਕਰਨੀ ਪਵੇਗੀ ਕੋਰੋਨਾ ਪ੍ਰੋਟੋਕਾਲ ਦੀ ਪਾਲਣਾ
ਚੰਡੀਗੜ੍ਹ, 21ਜੁਲਾਈ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਆਉਣ ਕਰਕੇ ਸੂਬੇ ਵਿੱਚ ਢਿੱਲ ਦਿੱਤੀ ਗਈ ਹੈ। ਦਿਸ ਦੇ ਮੱਦੇਨਜ਼ਰ ਹੁਣ ਰੂਪਨਗਰ ਪ੍ਰਸ਼ਾਸਨ ਨੇ ਵੀ ਜ਼ਿਲ੍ਹੇ ਦੇ ਲੋਕਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜਿਸ ਮੁਤਾਬਕ ਜ਼ਿਲ੍ਹੇ ਵਿੱਚ 10ਵੀਂ ਤੋਂ 12ਵੀਂ ਤੱਕ ਸਕੂਲਾਂ ਨੂੰ 26 ਜੁਲਾਈ ਤੋਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਹਾਲਾਂਕਿ ਕੋਰੋਨਾ ਪਾਬੰਦੀਆਂ ਨੂੰ 31 ਜੁਲਾਈ ਤੱਕ ਵਧਾ ਦਿੱਤਾ ਗਿਆ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਸੋਨਾਲੀ ਗਿਰੀ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਹਾਲਾਤ ਕਾਬੂ ਵਿੱਚ ਰਹਿੰਦੇ ਹਨ ਤਾਂ 2 ਅਗਸਤ ਤੋਂ ਬਾਕੀ ਕਲਾਸਾਂ ਲਗਾਉਣ ਦੀ ਵੀ ਇਜਾਜ਼ਤ ਦੇ ਦਿੱਤੀ ਜਾਵੇਗੀ। ਇਸ ਦੌਰਾਨ ਸਕੂਲ ਸਿੱਖਿਆ ਵਿਭਾਗ ਵੱਲੋਂ ਕੋਰੋਨਾ ਪ੍ਰੋਟੋਕਾਲ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਜ਼ਿਲ੍ਹੇ ਵਿੱਚ ਕਾਲਜ, ਕੋਚਿੰਗ ਸੈਂਟਰ ਅਤੇ ਹੋਰ ਸਿੱਖਿਅਕ ਸੰਸਥਾਵਾਂ ਨੂੰ ਵੀ ਟੀਚਿੰਗ, ਨਾਨ-ਟੀਚਿੰਗ ਸਟਾਫ ਤੇ ਵਿਦਿਆਰਥੀਆਂ ਨੂੰ ਵੈਕਸੀਨੇਸ਼ਨ ਦੀ ਸ਼ਰਤ ਨਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।
ਜ਼ਿਲ੍ਹੇ ਵਿੱਚ ਸਟਾਫ ਦੀ ਪੂਰੀ ਵੈਕਸੀਨੇਸ਼ਨ ਦੇ ਨਾਲ ਬਾਰਾਂ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਖੇਡ ਕੰਪਲੈਕਸ, ਜਿੰਮ,
ਮਾਲ, ਅਜਾਇਬ ਘਰ, ਚਿੜੀਆਘਰ, ਆਦਿ ਨੂੰ 50 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ। ਸਵਮਿੰਗ, ਸਪੋਰਟਸ ਤੇ ਜਿੰਮ ਦੀਆਂ ਸਹੂਲਤਾਂ ਨੂੰ ਇਸਤੇਮਾਲ ਕਰਨ ਵਾਲਿਆਂ 18 ਸਾਲ ਤੋਂ ਉਪਰ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਕੋਰੋਨਾ ਟੀਕੇ ਦੀ ਘੱਟੋ-ਘੱਟ ਇੱਕ ਖੁਰਾਕ ਲੱਗੀ ਹੋਵੇ।
ਇਸ ਤੋਂ ਇਲਾਵਾ 50 ਫੀਸਦੀ ਦੀ ਸਮਰੱਥਾ ਦੀ ਉਪਰਲੀ ਸੀਮਾ ਦੀ ਸ਼ਰਤ ਨਾਲ ਇਨਡੋਰ 150 ਅਤੇ ਆਊਟਡੋਰ 300 ਲੋਕਾਂ ਦਾ ਇਕੱਠ ਕੀਤਾ ਜਾ ਸਕੇਗਾ। ਸਮਾਜਿਕ ਇਕੱਠਾਂ ਦੇ ਸੰਬੰਧ ਵਿੱਚ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਦੇ ਨਾਲ ਕਲਾਕਾਰਾਂ / ਸੰਗੀਤਕਾਰਾਂ ਨੂੰ ਸਾਰੇ ਖੇਤਰਾਂ ਵਿੱਚ ਅਜਿਹੇ ਸਮਾਗਮਾਂ / ਜਸ਼ਨਾਂ ਦੀ ਇਜਾਜ਼ਤ ਦੇ ਦਿੱਤੀ ਗਈ ਹੈ।