ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਮਹਿਲਾ ਪ੍ਰੀਮੀਅਰ ਲੀਗ ‘ਚ ਦਰਜ ਕੀਤੀ ਪਹਿਲੀ ਜਿੱਤ
ਚੰਡੀਗੜ੍ਹ,16(ਵਿਸ਼ਵ ਵਾਰਤਾ)-ਸਮ੍ਰਿਤੀ ਮੰਧਾਨਾ ਦੀ ਕਪਤਾਨੀ ਵਾਲੀ ਰਾਇਲ ਚੈਲੰਜਰਜ਼ ਬੰਗਲੌਰ ਨੇ ਮਹਿਲਾ ਪ੍ਰੀਮੀਅਰ ਲੀਗ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਟੀਮ ਨੇ ਯੂਪੀ ਵਾਰੀਅਰਜ਼ ਨੂੰ 5 ਵਿਕਟਾਂ ਨਾਲ ਹਰਾਇਆ। ਇਸ ਜਿੱਤ ਨਾਲ ਬੈਂਗਲੁਰੂ ਨੇ ਲੀਗ ਦੇ ਪਲੇਆਫ ‘ਚ ਪ੍ਰਵੇਸ਼ ਕਰਨ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਬੁੱਧਵਾਰ ਰਾਤ ਨੂੰ ਬੈਂਗਲੁਰੂ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਯੂਪੀ ਨੇ ਹੈਰਿਸ-ਦੀਪਤੀ ਦੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਦੇ ਦਮ ‘ਤੇ 135 ਦੌੜਾਂ ਬਣਾਈਆਂ। ਬੈਂਗਲੁਰੂ ਨੇ 18 ਓਵਰਾਂ ‘ਚ 5 ਵਿਕਟਾਂ ‘ਤੇ 136 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਕਨਿਕਾ ਆਹੂਜਾ ਨੇ ਸਭ ਤੋਂ ਵੱਧ 46 ਦੌੜਾਂ ਦੀ ਪਾਰੀ ਖੇਡੀ। ਹੀਥਰ ਨਾਈਟ ਨੇ 24 ਦੌੜਾਂ ਦਾ ਯੋਗਦਾਨ ਪਾਇਆ। ਦੀਪਤੀ ਸ਼ਰਮਾ ਨੂੰ ਦੋ ਸਫ਼ਲਤਾ ਮਿਲੀ। ਗ੍ਰੇਸ ਹੈਰਿਸ, ਸੋਫੀ ਏਕਲਸਟਨ ਅਤੇ ਦੇਵਿਕਾ ਵੈਦਿਆ ਨੂੰ ਇਕ-ਇਕ ਵਿਕਟ ਮਿਲੀ।