ਯੂਕਰੇਨ ਨਾਲ ਲੜਾਈ ਕਾਰਨ ਰੂਸ ਨੂੰ ਆਰਥਿਕ ਨੁਕਸਾਨ
ਡਾਲਰ ਦੇ ਮੁਕਾਬਲੇ ਰੂਬਲ ਵਿੱਚ ਰਿਕਾਰਡ ਗਿਰਾਵਟ
ਪੜ੍ਹੋ, ਪੂਰੀ ਖ਼ਬਰ
ਚੰਡੀਗੜ੍ਹ, 1 ਮਾਰਚ(ਵਿਸ਼ਵ ਵਾਰਤਾ)-ਯੂਕਰੇਨ ‘ਤੇ ਹਮਲੇ ਤੋਂ ਬਾਅਦ ਰੂਸ ਆਰਥਿਕ ਤੌਰ ਤੇ ਕਮਜ਼ੋਰ ਹੋ ਰਿਹਾ ਹੈ। ਪਿਛਲੇ ਕੁਝ ਦਿਨਾਂ ‘ਚ ਅਮਰੀਕੀ ਡਾਲਰ ਦੇ ਮੁਕਾਬਲੇ ਰੂਸੀ ਕਰੰਸੀ ਰੂਬਲ 117 ਤੇ ਆ ਗਿਆ ਹੈ। ਇਹ 41 ਫੀਸਦੀ ਦੀ ਗਿਰਾਵਟ ਦੱਸੀ ਜਾ ਰਹੀ ਹੈ। ਇਹ ਗਿਰਾਵਟ ਯੂਰਪੀ ਸੰਘ ਵੱਲੋਂ ਰੂਸ ‘ਤੇ ਲਾਈਆਂ ਗਈਆਂ ਆਰਥਿਕ ਪਾਬੰਦੀਆਂ ਦਾ ਨਤੀਜਾ ਦੱਸਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰੂਸ ਨੂੰ ਜੰਗ ਕਾਰਨ ਹਰ ਰੋਜ਼ 1.2 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਇਹ ਗਿਰਾਵਟ 26 ਅਗਸਤ 1998 ਦੇ ਰੂਸੀ ਵਿੱਤੀ ਸੰਕਟ ਦੇ ਸਭ ਤੋਂ ਉੱਚੇ ਸਮੇਂ ਤੋਂ ਵੀ ਵੱਧ ਹੈ। ਰੂਸੀ ਕਰੰਸੀ ਦੇ ਡਿੱਗਦੇ ਪੱਧਰ ਦੇ ਮੱਦੇਨਜ਼ਰ ਬੈਂਕਾਂ ਦੇ ਬਾਹਰ ਵੱਡੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਘਬਰਾਏ ਹੋਏ ਲੋਕ ਆਪਣੇ ਪੈਸੇ ਵਾਪਸ ਲੈਣਾ ਚਾਹੁੰਦੇ ਹਨ। ਰਸ਼ੀਅਨ ਸੈਂਟਰਲ ਬੈਂਕ ਨੇ ਲੋਕਾਂ ਨੂੰ ਬੇਰੋਕ ਪੈਸੇ ਕਢਵਾਉਣ ਦਾ ਭਰੋਸਾ ਦਿੱਤਾ ਹੈ, ਪਰ ਲੋਕ ਹੁਣ ਇਸ ‘ਤੇ ਵਿਸ਼ਵਾਸ ਨਹੀਂ ਕਰ ਰਹੇ ਹਨ। ਜੌਨਸ ਹੌਪਕਿੰਸ ਯੂਨੀਵਰਸਿਟੀ ਦੇ ਅਰਥ ਸ਼ਾਸਤਰੀ ਦਾ ਕਹਿਣਾ ਹੈ ਕਿ ਰੂਸੀ ਰੂਬਲ ਡਾਲਰ ਦੇ ਮੁਕਾਬਲੇ 117.62 RUB ‘ਤੇ ਵਪਾਰ ਕਰਦੇ ਹੋਏ, ਇੱਕ ਨਵੇਂ ਸਭ ਤੋਂ ਹੇਠਲੇ ਪੱਧਰ ‘ਤੇ ਆ ਗਿਆ ਹੈ। 1 ਜਨਵਰੀ 2022 ਤੋਂ ਅਮਰੀਕੀ ਡਾਲਰ ਦੇ ਮੁਕਾਬਲੇ ਰੂਬਲ ਦੀ ਕੀਮਤ 47.33 ਫੀਸਦੀ ਘਟੀ ਹੈ। ਪੂਰਬੀ ਯੂਰਪ ਵਿੱਚ ਟਕਰਾਅ ਨੇ ਇਸ ਨੂੰ ਬਹੁਤ ਵਧਾਇਆ ਹੈ। ਰੂਸ ਦੀ ਮਹਿੰਗਾਈ ਇਸ ਸਮੇਂ 69.4 ਫੀਸਦੀ ‘ਤੇ ਹੈ।