ਜ਼ਿਲ੍ਹੇ ਭਰ ਵਿਚ ਚਲਾਈ ਗਈ ਮੁਹਿੰਮ ਦੌਰਾਨ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਦਾ ਪਾਲਣ ਕਰਨ ਬਾਰੇ ਦੱਸਿਆ ਗਿਆ
ਨਵਾਂਸ਼ਹਿਰ, 4 ਜੁਲਾਈ (ਵਿਸ਼ਵ ਵਾਰਤਾ)-
ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਦੇ ਦੂਜੇ ਪੜਾਅ ਤਹਿਤ ਬੀਤੇ ਸ਼ਨੀਵਾਰ ਤੋਂ ਸ਼ੁਰੂ ਕੀਤੀਆਂ ਗਈਆਂ ਗਤੀਵਿਧੀਆਂ ਤਹਿਤ ਅੱਜ ਯੁਵਕ ਸੇਵਾਵਾਂ ਵਿਭਾਗ ਅਤੇ ਨਹਿਰੂ ਯੁਵਾ ਕੇਂਦਰ ਨਾਲ ਜੁੜੇ ਯੂਥ ਕਲੱਬਾਂ ਵੱਲੋਂ ਜ਼ਿਲ੍ਹੇ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਦਾ ਪਾਲਣ ਕਰਨ ਬਾਰੇ ਪ੍ਰੇਰਿਆ ਗਿਆ।
ਸਹਾਇਕ ਨਿਰਦੇਸ਼ਕ ਯੁਵਕ ਸੇਵਾਵਾਂ ਕੈਪਟਨ ਮਨਤੇਜ ਸਿੰਘ ਚੀਮਾ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਨਿਰਦੇਸ਼ਕ ਸ੍ਰੀ ਦਵਿੰਦਰ ਪਾਲ ਸਿੰਘ ਖਰਬੰਦਾ ਦੇ ਆਦੇਸ਼ਾਂ ’ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਵੱਖ-ਵੱਖ ਕਲੱਬਾਂ ਵੱਲੋਂ ਨੌਜੁਆਨਾਂ ਅਤੇ ਹੋਰ ਵਰਗਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਖਬਰਦਾਰ ਕੀਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕੇ ਇਨ੍ਹਾਂ ਕਲੱਬਾਂ ਵਿਚ ਗੁਰੂ ਨਾਨਕ ਯੂਥ ਸਪੋਰਟਸ ਕਲੱਬ ਨੰਗਲ ਜੱਟਾਂ, ਡਾਕਟਰ ਬੀ ਆਰ ਅੰਬੇਦਕਰ ਯੂਥ ਕਲੱਬ ਤਾਜਪੁਰ, ਮੀਰੀ ਪੀਰੀ ਯੂਥ ਕਲੱਬ ਓਟਾਲ ਮਜਾਰਾ, ਕਾਹਮਾ ਅਤੇ ਮੰਢਾਲੀ ਦੇ ਮਹਿਲਾ ਕਲੱਬਾਂ ਸਮੇਤ ਵੱਡੀ ਗਿਣਤੀ ’ਚ ਨੌਜਵਾਨਾਂ ਨੇ ਘਰ ਘਰ ਜਾ ਕੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਪ੍ਰਤੀ ਸੁਚੇਤ ਕੀਤਾ।
ਇਨ੍ਹਾਂ ਯੂਥ ਕਲੱਬਾਂ ਵੱਲੋਂ ਦੱਸਿਆ ਗਿਆ ਕਿ ਜੇਕਰ ਅਸੀਂ ਇਸ ਮਹਾਮਾਰੀ ਦਾ ਸਾਹਮਣਾ ਕਰਨਾ ਚਾਹੁੰਦੇ ਹਾਂ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਮੂੰਹ ’ਤੇ ਮਾਸਕ ਪਾਓ, ਬਾਹਰ ਜਾ ਕੇ ਭੀੜ ਦਾ ਹਿੱਸਾ ਨਾ ਬਣੋ ਬਲਕਿ ਘੱਟੋ ਘੱਟ ਦੋ ਗਜ਼ ਦੀ ਦੂਰੀ ਰੱਖੋ, ਆਪਣੇ ਹੱਥਾਂ ਨੂੰ ਵਾਰ ਵਾਰ ਧੋਵੋ ਅਤੇ ਮੂੰਹ, ਨੱਕ ਅਤੇ ਅੱਖਾਂ ਨੂੰ ਵਾਰ ਵਾਰ ਨਾ ਛੂਹੋ।
ਗੁਰੂ ਨਾਨਕ ਯੂਥ ਕਲੱਬ ਨੰਗਲ ਜੱਟਾਂ ਦੇ ਗੁਰਪ੍ਰੀਤ ਸਿੰਘ ਬਾਂਸਲ ਨੇ ਦੱਸਿਆ ਕਿ ਉਹ ਪਿਛਲੇ ਕਈ ਹਫਤਿਆਂ ਤੋਂ ਇਸ ਮਹਾਂਮਾਰੀ ਦੇ ਵਿਰੁੱਧ ਲੜਾਈ ’ਚ ਵੱਖ-ਵੱਖ ਢੰਗਾਂ ਨਾਲ ਯੋਗਦਾਨ ਪਾ ਰਹੇ ਹਨ, ਜਿਸ ਵਿੱਚ ਲੋੜਵੰਦ ਲੋਕਾਂ ਲਈ ਲੰਗਰ, ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਨਾਲ ਵਾਲੰਟੀਅਰ ਵਜੋਂ ਅਤੇ ਹੁਣ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਜਾਗਰੂਕਤਾ ਮੁਹਿੰਮ ਵਿੱਚ ਹਿੱਸਾ ਪਾ ਰਹੇ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਦੇ ਐਨ ਐਸ ਐਸ ਦੇ ਇੰਚਾਰਜ ਸੰਜੀਵ ਦੁੱਗਲ ਨੇ ਦੱਸਿਆ ਐਨਐਸਐਸ ਵਾਲੰਟੀਅਰਾਂ ਵੱਲੋਂ ਅੱਜ ਨਵਾਂ ਸ਼ਹਿਰ ਚ ਘਰ ਘਰ ਜਾ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਕਿਹਾ ਗਿਆ। ਸ੍ਰੀ ਦੁੱਗਲ ਅਨੁਸਾਰ ਸਰਕਾਰੀ ਸਕੂਲ ਦੇ ਵਲੰਟੀਅਰਾਂ ਵੱਲੋਂ ਬਹੁਤ ਸ਼ਿੱਦਤ ਨਾਲ ਮਿਸ਼ਨ ਫ਼ਤਿਹ ਸਿਹਤ ਸਰਕਾਰ ਨਾਵਲ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਆਪਣੇ ਜ਼ਿਲ੍ਹੇ ਨੂੰ ਕੋਵਿੱਡ ਤੋਂ ਮੁਕਤ ਕਰਨ ਲਈ ਪ੍ਰੇਰਿਆ ਗਿਆ। ਹੋਰਨਾਂ ਸੰਸਥਾਂਵਾਂ ’ਚ ਕੇ ਸੀ ਕਾਲਜ, ਸਰਕਾਰੀ ਸਕੂਲ ਜਾਡਲਾ, ਸਰਕਾਰੀ ਸਕੂਲ ਰਾਹੋਂ, ਸਰਕਾਰੀ ਸਕੂਲ ਮਹਿੰਦੀਪੁਰ ਤੇ ਭੱਦੀ ਦੇ ਐਨ ਐਸ ਐਸ ਵਾਲੰਟੀਅਰਾਂ ਨੇ ਵੀ ਭਾਗ ਲਿਆ।
ਡਿਪਟੀ ਕਮਿਸ਼ਨਰ ਡਾਕਟਰ ਡਾ. ਸ਼ੇਨਾ ਅਗਰਵਾਲ ਨੇ ਯੂਥ ਕਲੱਬਾਂ ਵੱਲੋਂ ਅੱਜ ਕੀਤੀ ਗਈ ਜਾਗਰੂਕਤਾ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਜ਼ਲ੍ਹਿੇ ਨੂੰ ਮੁਕਤ ਕਰਨ ਲਈ ਹਰ ਵਰਗ ਦੇ ਸਹਿਯੋਗ ਦੀ ਲੋੜ ਹੈ। ਇਹ ਸਹਿਯੋਗ ਕੇਵਲ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਦੀ ਪਾਲਣਾ ਕਰ ਕੇ ਹੀ ਕੀਤਾ ਜਾ ਸਕਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਕੋਰੋਨਾ ਵਾਇਰਸ ਨਾਲ ਸਬੰਧਤ ਲੱਛਣ ਜਿਵੇਂ ਤੇਜ਼ ਬੁਖ਼ਾਰ, ਸੁੱਕੀ ਖੰਘ ਜਾਂ ਸਾਹ ਲੈਣ ਵਿਚ ਤਕਲੀਫ ਹੋਵੇ ਤਾਂ ਉਹ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੇ ਅਤੇ ਡਾਕਟਰ ਦੀ ਸਲਾਹ ਨਾਲ ਟੈਸਟ ਕਰਵਾਏ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਬਿਮਾਰੀ ਨੂੰ ਖਤਮ ਕਰਨ ਲਈ ਸਾਵਧਾਨੀਆਂ ਦਾ ਪਾਲਣ ਕਰਾਂਗੇ ਤਾਂ ਜਲਦੀ ਹੀ ਅਸੀਂ ਆਪਣੇ ਜ਼ਿਲ੍ਹੇ ਨੂੰ ਕੋਰੋਨਾ ਵਾਇਰਸ ਤੋਂ ਮੁਕਤ ਕਰਨ ਵਿੱਚ ਸਫ਼ਲਤਾ ਪ੍ਰਾਪਤ ਕਰ ਲਵਾਂਗੇ। ਉਨ੍ਹਾਂ ਨੇ ਜ਼ਿਲ੍ਹੇ ਦੇ ਹਰੇਕ ਵਿਅਕਤੀ ਨੂੰ ਆਪਣੇ ਸਮਾਰਟ ਫੋਨ ਤੇ ਕੋਵਾ ਪੰਜਾਬ ਐਪ ਡਾਊਨਲੋਡ ਕਰਕੇ, ਮਿਸ਼ਨ ਫਤਿਹ ਨਾਲ ਜੁੜਨ ਦੀ ਅਪੀਲ ਵੀ ਕੀਤੀ।






















