ਯੁਗ ਕਵੀ ਪ੍ਰੋ. ਮੇਹਨ ਸਿੰਘਃ ਯਾਦਾਂ ਦੀ ਖਿੜਕੀ ਵਿੱਚੋਂ ਝਾਕਦਿਆਂ : ਗੁਰਭਜਨ ਗਿੱਲ
ਚੰਡੀਗੜ੍ਹ, 20ਅਕਤੂਬਰ(ਵਿਸ਼ਵ ਵਾਰਤਾ) ਅੱਜ ਦੇ ਦਿਨ ਵੀਹ ਅਕਤੂਬਰ 1905 ਨੂੰ ਯੁਗ ਕਵੀ ਪ੍ਰੋ. ਮੋਹਨ ਸਿੰਘ ਧਮਿਆਲ(ਰਾਵਲਪਿੰਡੀ) ਵਿੱਚ ਵੈਟਰਨਰੀ ਡਾ. ਜੋਧ ਸਿੰਘ ਜੀ ਦੇ ਘਰ ਪੈਦਾ ਹੋਏ ਸਨ। ਘੱਟ ਲੋਕ ਜਾਣਦੇ ਹਨ ਕਿ ਉਨ੍ਹਾਂ ਦਾ ਬਚਪਨ ਲੁਧਿਆਣਾ ਵਿੱਚ ਵੀ ਕੁਝ ਸਾਲ ਬੁੱਕਸ ਮਾਰਕੀਟ ਪਿਛਲੇ ਵੈਟਰਨਰੀ ਕਲਿਨਿਕ ਨੇੜਲੀ ਰਿਹਾਇਸ਼ ਵਿੱਚ ਵੀ ਬੀਤਿਆ। ਅੰਤਸੇ ਸਵਾਸ ਵੀ ਉਨ੍ਹਾਂ ਨੇ 3 ਮਈ 1978 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇੜਲੇ ਆਪ ਉਸਾਰੇ ਘਰ ਵਿੱਚ ਜੀਵਨ ਸਾਥਣ ਸੁਰਜੀਤ ਕੌਰ ਦੀ ਹਾਜ਼ਰੀ ਵਿੱਚ ਦਿੱਤੇ। ਉਨ੍ਹਾਂ ਦੀ ਅੰਤਿਮ ਯਾਤਰਾ ਲਈ ਅਜੋਕੇ ਮਲਹਾਰ ਰੋਡ ਰਾਹੀਂ ਕਾਫ਼ਲਾ ਪੈਦਲ ਗਿਆ ਸੀ ਮਾਡਲ ਟਾਊਨ ਐਕਸਟੈਨਸ਼ਨ ਦੇ ਸਿਵਿਆਂ ਵਿੱਚ। ਉਦੋਂ ਏਥੇ ਨਹਿਰੀ ਸੂਆ ਹੁੰਦਾ ਸੀ ਜੋ ਯੂਨੀਵਰਸਿਟੀ ਦੀ ਜ਼ਮੀਨ ਸਿੰਜਦਾ ਸੀ।
ਪਰਕਾਸ਼ ਸਿੰਘ ਬਾਦਲ ਸਰਕਾਰ ਨੇ ਸ. ਕੁਲਵੰਤ ਸਿੰਘ ਵਿਰਕ ਜੀ ਦੀ ਪ੍ਰੇਰਨਾ ਨਾਲ ਉਨ੍ਹਾਂ ਦਾ ਰਾਜਕੀ ਸਨਮਾਨ ਸਹਿਤ ਅੰਤਿਮ ਸੰਸਕਾਰ ਕੀਤਾ ਸੀ।
ਕੁਝ ਕਦਮ ਉਨ੍ਹਾਂ ਨੂੰ ਮੋਢਾ ਦੇਣ ਦਾ ਮਾਣ ਮੈਨੂੰ ਵੀ ਮਿਲਿਆ। ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਸ ਸ ਨਰੂਲਾ, ਸੋਹਣ ਸਿੰਘ ਸੀਤਲ, ਅਜਾਇਬ ਚਿਤਰਕਾਰ, ਕ੍ਰਿਸ਼ਨ ਅਦੀਬ,ਗੁਲਜ਼ਾਰ ਸਿੰਘ ਸੰਧੂ ਤੇ ਸੁਰਜੀਤ ਪਾਤਰ ਬੇਹੱਦ ਉਦਾਸ ਸਨ ਬਾਕੀ ਕਾਫ਼ਲੇ ਤੋਂ ਕੁਝ ਵਧੇਰੇ।
ਐਮਰਜੰਸੀ ਹਟਣ ਉਪਰੰਤ ਹੋਈਆਂ ਚੋਣਾਂ ਵਿੱਚ ਜਦ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਵਿੱਚ ਪਹਿਲੀ ਵਾਰ ਕੇਂਦਰ ਵਿੱਚ ਗੈਰ ਕਾਂਗਰਸ ਸਰਕਾਰ ਬਣੀ ਤਾਂ ਲੋਕਾਂ ਘਿਉ ਦੇ ਦੀਵੇ ਬਾਲ਼ੇ।
ਪਰ ਪ੍ਰੋ. ਮੋਹਨ ਸਿੰਘ ਜੀ ਨੇ ਲਿਖਿਆਃ
ਨਾ ਹਿਣਕੋ ਘੋੜਿਉ, ਬੇਸ਼ੱਕ ਨਵਾਂ ਨਿਜ਼ਾਮ ਆਇਆ।
ਨਵਾਂ ਨਿਜ਼ਾਮ ਹੈ ਲੈ ਕੇ ਨਵੀਂ ਲਗਾਮ ਆਇਆ।
ਅਯੁੱਧਿਆ ਵਿੱਚ ਅਜੇ ਵੀ ਭੀੜ ਬੜੀ,
ਪਿਆ ਕੀ ਫ਼ਰਕ ਜੇ ਰਾਵਣ ਗਿਆ ਤੇ ਰਾਮ ਆਇਆ।
ਪ੍ਰੋ. ਮੇਹਨ ਸਿੰਘ ਜੀ ਨਾਲ ਕੀਤਾ ਇਕਰਾਰ ਨਿਭਾਉਂਦਿਆਂ ਸ. ਜਗਦੇਵ ਸਿੰਘ ਜੱਸੋਵਾਲ ਨੇ 1978 ਤੋਂ ਲੈ ਕੇ 2014 ਤੀਕ ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲਾ ਦੇਸ਼ ਬਦੇਸ਼ ਪਹੁੰਚਾਇਆ। ਹੁਣ ਉਨ੍ਹਾਂ ਦੇ ਸਾਥੀ ਇਹ ਧਰਮ ਨਿਭਾ ਰਹੇ ਹਨ।
ਪ੍ਰੋ. ਮੋਹਨ ਸਿੰਘ ਜੀ ਦਾ ਕਾਫੀ ਕਲਾਮ ਫਾਉਂਡੇਸ਼ਨ ਵੱਲੋਂ ਰੀਕਾਰਡ ਕੀਤਾ ਗਿਆ। ਡਾ. ਸੁਖਨੈਨ, ਨਰਿੰਦਰ ਬੀਬਾ, ਚਰਨ ਸਿੰਘ ਆਲਮਗੀਰ ਢਾਡੀ ਤੇ ਹਰਦੇਵ ਸਿੰਘ ਜਰਗ ਨੇ ਉਨ੍ਹਾਂ ਦੇ ਕਲਾਮ ਦੀਆਂ ਸੰਪੂਰਨ ਕੈਸਿਟਸ ਕਰਵਾਈਆਂ।
ਮੁਹੰਮਦ ਸਦੀਕ ਜੀ ਦੀ ਕੋਸ਼ਿਸ਼ ਸਦਕਾ ਪਹਿਲੀ ਕੈਸਿਟ “ਨਗ ਪੰਜਾਬ ਦਾ” ਸਿਰਕੱਢ ਗਾਇਕ ਸਵਰਨ ਲਤਾ, ਕੁਲਦੀਪ ਮਾਣਕ, ਦੀਦਾਰ ਸੰਧੂ, ਰਣਜੀਤ ਕੌਰ ਤੇ ਮੁਹੰਮਦ ਸਦੀਕ ਨੇ ਗਾਈ। ਇਸ ਦੀ ਕੁਮੈਂਟਰੀ ਡਾ. ਸੁਰਜੀਤ ਪਾਤਰ ਜੀ ਨੇ ਕੀਤੀ। ਮੇਲਾ ਨਾਮ ਹੇਠ ਹੰਸ ਰਾਜ ਹੰਸ,ਹਰਭਜਨ ਮਾਨ, ਸਰਦੂਲ ਸਿਕੰਦਰ, ਅਮਰ ਨੂਰੀ, ਅੰਮ੍ਰਿਤਾ ਦੀਪਕ ਨੇ ਵੀ ਉਨ੍ਹਾਂ ਦਾ ਕਲਾਮ ਗਾਇਆ।
ਇਸ ਦੇ ਨਾਲ ਹੀ ਨਰਿੰਦਰ ਬੀਬਾ ਜੀ ਦੀ 1989 ਵਿੱਚ ਗਾਈ ਕੈਸਿਟ “ਮੈਂ ਸ਼ੀਂਹਣੀ ਪੰਜ ਦਰਿਆ ਦੀ” ਭੇਜ ਰਿਹਾਂ। ਇਸ ਦੀ ਜਾਣ ਪਛਾਣ ਮੈਂ ਕਰਵਾਈ ਸੀ। ਪੇਸ਼ ਹਨ ਪ੍ਰੋ. ਮੋਹਨ ਸਿੰਘ ਜੀ ਦੀਆਂ ਕੁਝ ਰਚਨਾਵਾਂ।
ਪਰੀਏ ਨੀ ਪਰੀਏ
ਉਮਰਾਂ ਦੇ ਪੁਲਾਂ ਹੇਠੋਂ ਲੰਘ ਗਿਆ ਪਾਣੀ
ਰੇਤੜ ਵਿਚ ਕਿੰਜ ਤਰੀਏ ?
ਪਰੀਏ ਨੀ ਪਰੀਏ
ਨਾਲ ਪਾਵੇ ਜਦ ਕਾਲ ਸੀ ਬੰਨ੍ਹਿਆ
ਉਹ ਘੜੀਆਂ ਕਿੰਜ ਫੜੀਏ ?
ਪਰੀਏ ਨੀ ਪਰੀਏ
ਗਗਨਾਂ ਦੇ ਘੋੜੇ ‘ਤੇ ਚੰਨ ਦੀ ਕਾਠੀ
ਪਾ ਕਿੱਦਾਂ ਮੁੜ ਚੜ੍ਹੀਏ ?
ਪਰੀਏ ਨੀ ਪਰੀਏ
ਤਰੁੰਡ ਅਕਾਸ਼ਾਂ ਦੇ ਛਬਿਉਂ ਛਬੀਆਂ
ਪੈਰ ਤੇਰੇ ਕਿੰਜ ਧਰੀਏ ?
ਪਰੀਏ ਨੀ ਪਰੀਏ
ਦੁੱਧਾ ਥਣੀਂ ਨਾ ਆਵੇ ਮੁੜ ਕੇ
ਜੇ ਲੱਖ ਹੀਲਾ ਕਰੀਏ ?
ਪਰੀਏ ਨੀ ਪਰੀਏ
ਖਾਲੀ ਸੁਰਾਹੀ ਤੇ ਸਖਣੇ ਪਿਆਲੇ
ਘੁਟ ਕਿੰਜ ਨਸ਼ਿਆਂ ਦਾ ਭਰੀਏ ?
ਪਰੀਏ ਨੀ ਪਰੀਏ
ਗੁੜ ਹੋਵੇ ਤਾਂ ਵੰਡ ਮੁਕਾਈਏ
ਦਰਦਾਂ ਦਾ ਕੀ ਕਰੀਏ ?
2.
ਕਾਲੀਆਂ, ਨੀਲੀਆਂ ਅਤੇ ਊਦੀਆਂ
ਝੂਮ ਘਟਾਵਾਂ ਆਈਆਂ ਵੇ,
ਧਰਤੀ ਰੱਜੀ ਅਸੀਂ ਪਿਆਸੇ,
ਤੇਰੀਆਂ ਬੇਪਰਵਾਹੀਆਂ ਵੇ,
ਕਾਲੀਆਂ, ਨੀਲੀਆਂ …
ਬਾਜਰਿਆਂ ਨੂੰ ਪੈ ਗਿਆ ਦਾਣਾ
ਰਸਿਆ ਅੰਬ ਪੱਕਿਆ ਹਦਵਾਣਾ
ਚਰੀਆਂ ਰੰਗ ਜ਼ੰਗਾਰੀ ਫੜਿਆ
ਤੂੰ ਨਾ ਵਟੀਆਂ ਵਾਹੀਆਂ ਵੇ,
ਕਾਲੀਆਂ, ਨੀਲੀਆਂ …
ਭਰ ਕੇ ਉਛਲੇ ਨਦੀਆਂ ਨਾਲੇ
ਭੋਂ ਤੋਂ ਮੀਂਹ ਨਾ ਜਾਣ ਸੰਭਾਲੇ
ਘਾਹਾਂ ਨੇ ਹਨ ਰਸਤੇ ਕੱਜੇ
ਰਾਹ ਭੁੱਲ ਗਏ ਰਾਹੀਆਂ ਵੇ,
ਕਾਲੀਆਂ, ਨੀਲੀਆਂ …
ਧੁੱਪਾਂ ਦੇ ਗਲ ਛਾਵਾਂ ਲਗੀਆਂ
ਪਾਣੀਆਂ ਗਲ ਹਵਾਵਾਂ ਲਗੀਆਂ
ਧਰਤੀ ਦੇ ਗਲ ਅੰਬਰ ਲਗੇ
ਸਖਣੀਆਂ ਸਾਡੀਆਂ ਬਾਹੀਆਂ ਵੇ,
ਕਾਲੀਆਂ, ਨੀਲੀਆਂ …
ਨਿੱਕੀਆਂ ਨਿੱਕੀਆਂ ਪੈਣ ਫੁਹਾਰਾਂ
ਧਰਤੀ ਆਈ ਵਿਚ ਨਿਖਾਰਾਂ
ਛੰਭਾਂ ਉਤੇ ਕਮੀਆਂ ਤਰੀਆਂ
ਤੂੰ ਨਾ ਵਟੀਆਂ ਵਾਹੀਆਂ ਵੇ,
ਕਾਲੀਆਂ, ਨੀਲੀਆਂ …
ਮਟ ਦਾਰੂ ਦੇ ਮੇਘਾਂ ਡੋਹਲੇ
ਮੈਖ਼ਾਨੇ ਦੇ ਬੂਹੇ ਖੋਹਲੇ
ਐਪਰ ਸੁੱਕੇ ਬੁੱਲ੍ਹ ਅਸਾਡੇ
ਸਖਣੀਆਂ ਜਾਮ ਸੁਰਾਹੀਆਂ ਵੇ,
ਕਾਲੀਆਂ, ਨੀਲੀਆਂ …
ਮੇਘਾਂ ਬਿਜਲੀ ਲਈ ਕਲਾਵੇ
ਚਾਨਣ ਨ੍ਹੇਰੇ ਨੂੰ ਗਲ ਲਾਵੇ
ਐਪਰ ਸਾਡੀ ਜਿੰਦ ਇਕਲੀ
ਤੇਰੀਆਂ ਬੇਪਰਵਾਹੀਆਂ ਵੇ,
ਕਾਲੀਆਂ, ਨੀਲੀਆਂ …
3.
ਬਹੁਤੀ ਬੀਤ ਗਈ ਵਾਅਦਿਆਂ ਤੇ ਲਾਰਿਆਂ ਦੇ ਨਾਲ
ਬਾਕੀ ਕੱਟ ਲਾਂਗੇ ਯਾਦਾਂ ਦੇ ਸਹਾਰਿਆਂ ਦੇ ਨਾਲ ।
ਅਸਾਂ ਇਸ਼ਕ ਨੂੰ ਹੰਢਾਇਆ ਹੱਡ ਮਾਸ ਦੀ ਤਰ੍ਹਾਂ
ਉਨ੍ਹਾਂ ਪਹਿਨਿਆਂ ਪਰੀਤ ਨੂੰ ਲਿਬਾਸ ਦੀ ਤਰ੍ਹਾਂ
ਪਰ ਲੜੇ ਕੌਣ ਜਾਨ ਤੋਂ ਪਿਆਰਿਆਂ ਦੇ ਨਾਲ…
ਉਨ੍ਹਾਂ ਵਾਂਗ ਦਰਿਆਵਾਂ ਕਈ ਵਹਿਣ ਬਦਲੇ
ਉਨ੍ਹਾਂ ਵਾਰ ਵਾਰ ਸੁੱਖ ਅਤੇ ਚੈਨ ਬਦਲੇ
ਮਾਧੋ ਬਦਲੇ, ਮਗਰ ਨਾ ਹੁਸੈਨ ਬਦਲੇ
ਕਦੋਂ ਨਦੀਆਂ ਨਿਭਾਉਂਦੀਆਂ ਕਿਨਾਰਿਆਂ ਦੇ ਨਾਲ…
ਕੱਚੀ ਕੁੱਲੀ ਨਾਲ ਕਦੀ ਜੇ ਪਰੀਤ ਪਾਉਂਦੇ
ਸੱਚੀ ਸੁੱਚੀ ਮਹਿਕ ਮਿੱਟੀ ਦੀ ਅਸੀਂ ਹੰਢਾਉਂਦੇ
ਮੱਥਾ ਭੰਨ ਲਿਆ ਦਿੱਲੀ ਦੇ ਚੁਬਾਰਿਆਂ ਦੇ ਨਾਲ…
ਜੇ ਤੂੰ ਅੰਤ ਰਲ ਜਾਵਣਾ ਰਵਾਜ ਨਾਲ ਸੀ
ਸੁੱਕੇ ਪੱਤਰਾਂ ਤੋਂ ਲੰਘਣਾਂ ਮਜਾਜ ਨਾਲ ਸੀ
ਕਾਹਨੂੰ ਖੇਡਣਾ ਸੀ ਫੁੱਲਾਂ ਦਿਆਂ ਖਾਰਿਆਂ ਦੇ ਨਾਲ…
ਏਸ ਧਰਤੀ ਤੋਂ ਕਈ ਕਾਰਵਾਨ ਲੰਘ ਗਏ
ਤੁਰ ਤੁਰ ਕੇ ਜ਼ਿਮੀ ਤੇ ਆਸਮਾਨ ਹੰਭ ਗਏ
ਏਸ ਦਿਲ ਦੇ ਵੀ ਆਖ਼ਰਾਂ ਪਰਾਣ ਸੰਭ ਗਏ
ਚਲੋ ਸਾਡੇ ਵਲੋਂ ਨਿਭ ਗਈ ਪਿਆਰਿਆਂ ਦੇ ਨਾਲ…
🟩