ਸਾਹਿਤ ਪ੍ਰੇਮੀਆਂ ‘ਚ ਖੁਸ਼ੀ ਦੀ ਲਹਿਰ
ਮੋਹਾਲੀ ਦੇ ਸਿਲਵੀ ਪਾਰਕ ਦਾ ਨਾਮ ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ ਧੀਰ ਦੇ ਨਾਮ ਤੇ ਰੱਖਣ ਨੂੰ ਮਿਲੀ ਮਨਜ਼ੂਰੀ
ਚੰਡੀਗੜ੍ਹ, 25ਮਾਰਚ(ਵਿਸ਼ਵ ਵਾਰਤਾ)- ਨਗਰ ਨਿਗਮ ਮੋਹਾਲੀ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਪਾਸ ਕੀਤੇ ਮਤੇ ਰਾਹੀਂ ਮੁਹਾਲੀ ਦੇ ਫੇਜ਼-10 ਵਿੱਚ ਸਥਿਤ ਸਿਲਵੀ ਗਾਰਡਨ ਨੂੰ ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ ਧੀਰ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਯਾਨੀ ਕਿ ਹੁਣ ਫੇਜ਼-10 ਦੇ ਸਿਲਵੀ ਪਾਰਕ ਦਾ ਨਾਂ ਬਦਲ ਕੇ ਪ੍ਰਸਿੱਧ ਸਾਹਿਤਕਾਰ ਸਵਰਗੀ ਸੰਤੋਖ ਸਿੰਘ ਧੀਰ ਦੇ ਨਾਂ ’ਤੇ ਰੱਖਿਆ ਜਾਵੇਗਾ। ਇਸ ਦੇ ਲਈ ਸ਼ਹਿਰ ਦੇ ਲੋਕਾਂ ਦੀ ਮੰਗ ਦੇ ਮੱਦੇਨਜ਼ਰ ਕੁਝ ਕੌਂਸਲਰਾਂ ਨੇ ਮੇਅਰ ਅੱਗੇ ਪ੍ਰਸਤਾਵ ਰੱਖਿਆ ਸੀ। ਲੋਕ ਹਿੱਤ ਵਿੱਚ ਇਸ ਕੰਮ ਦੇ ਮੱਦੇਨਜ਼ਰ ਇਹ ਪ੍ਰਸਤਾਵ ਸਦਨ ਦੀ ਮੀਟਿੰਗ ਦੇ ਏਜੰਡੇ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿਸ ਨੂੰ ਹੁਣ ਸਦਨ ਤੋਂ ਪ੍ਰਵਾਨਗੀ ਮਿਲ ਗਈ ਹੈ।
ਸੰਤੋਖ ਸਿੰਘ ਧੀਰ ਬਾਰੇ :-
ਸੰਤੋਖ ਸਿੰਘ ਧੀਰ (2 ਦਸੰਬਰ, 1920- 8ਫਰਵਰੀ2010)ਦਾ ਜਨਮ ਸ: ਈਸ਼ਰ ਸਿੰਘ ਦੇ ਘਰ ਮਾਤਾ ਜਮਨਾ ਦੇਵੀ ਦੀ ਕੁੱਖੋਂ ਪਿੰਡ ਬੱਸੀ ਪਠਾਣਾਂ, ਜ਼ਿਲ੍ਹਾ ਪਟਿਆਲਾ (ਮੌਜੂਦਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਵਿਖੇ ਹੋਇਆ। ਇੱਥੇ ਉਹਨਾਂ ਦੇ ਨਾਨਕੇ ਸਨ। ਉਹਨਾਂ ਦਾ ਅਸਲ ਪਿੰਡ ਜ਼ਿਲ੍ਹਾ ਲੁਧਿਆਣਾ ਵਿਚ ਖੰਨਾ ਦੇ ਨੇੜੇ ਪਿੰਡ ਡਡਹੇੜੀ ਸੀ। ਉਹਨਾਂ ਨੇ ਗਿਆਨੀ (੧੯੪੫) ਅਤੇ ਮੈਟ੍ਰਿਕ (੧੯੫੨, ਸਿਰਫ਼ ਅੰਗਰੇਜ਼ੀ) ਦੀ ਪ੍ਰੀਖਿਆ ਪਾਸ ਕੀਤੀ। ਕੁਝ ਚਿਰ ਸਕੂਲ ਅਧਿਆਪਕ ਵਜੋਂ ਸੇਵਾ ਨਿਭਾਈ, ਪਰ ਛੇਤੀ ਹੀ ਉਹ ਸਾਹਿਤ ਲੇਖਣ ਵੱਲ ਰੁਚਿਤ ਹੋ ਗਏ ਅਤੇ ਨਿਰੋਲ ਸਾਹਿਤਕਾਰ ਸਾਰੀ ਉਮਰ ਲੰਘਾ ਦਿੱਤੀ। ਉਨ੍ਹਾਂ ਦੀ ਸਾਹਿਤ ਰਚਨਾ ਵਿੱਚ ਕਾਵਿ ਸੰਗ੍ਰਹਿ: ਪਹੁ-ਫੁਟਾਲਾ, ਧਰਤੀ ਮੰਗਦੀ ਮੀਂਹ ਵੇ, ਪੱਤ ਝੜੇ ਪੁਰਾਣੇ, ਬਿਰਹੜੇ, ਅੱਗ ਦੇ ਪੱਤੇ, ਕਾਲੀ ਬਰਛੀ, ਸੰਜੀਵਨੀ, ਸਿੰਘਾਵਲੀ, ਆਉਣ ਵਾਲਾ ਸੂਰਜ, ਜਦੋਂ ਅਸੀਂ ਆਵਾਂਗੇ, ਪੈਰ, ਝੱਖੜ ਝੁੱਲਣ, ਕੋਧਰੇ ਦਾ ਮਹਾਂਗੀਤ; ਕਹਾਣੀ ਸੰਗ੍ਰਹਿ: ਸਿੱਟਿਆਂ ਦੀ ਛਾਂ, ਸਵੇਰ ਹੋਣ ਤੱਕ, ਸਾਂਝੀ ਕੰਧ, ਸ਼ਰਾਬ ਦਾ ਗਲਾਸ, ਸ਼ੇਰਾਂ ਦੀ ਆਵਾਜ਼ (ਸਿੱਖ ਇਤਿਹਾਸ ਦੀਆਂ ਕਹਾਣੀਆਂ), ਊਸ਼ਾ ਭੈਣ ਜੀ ਚੁੱਪ ਸਨ, ਪੱਖੀ, ਇਕ ਕੁੱਤਾ ਤੇ ਮੈਂ, ਪੱਕਾ ਰਾਗ, ਖੱਬੇ ਪੱਖੀ; ਨਾਵਲ: ਦੋ ਫੁੱਲ, ਉਹ ਦਿਨ, ਯਾਦਗਾਰ, ਮੈਨੂੰ ਇਕ ਸੁਫਨਾ ਆਇਆ, ਹਿੰਦੋਸਤਾਂ ਹਮਾਰਾ, ਨਵਾਂ ਜਨਮ, ਨਹੀਂ ਜੀ, ਖਿਮਾ ਆਦਿ ਸ਼ਾਮਿਲ ਹਨ ।























