ਮੋਦੀ ਪਹਿਲਾਂ ਚਾਹ ਵੇਚਦਾ ਸੀ, ਹੁਣ ਦੇਸ਼ ਵੇਚ ਰਿਹਾ ਹੈ : ਭਗਵੰਤ ਮਾਨ
ਜਦੋਂ ਸ਼ਾਸਕ ਵਪਾਰੀ ਬਣ ਜਾਂਦੇ ਹਨ, ਤਾਂ ਉਹ ਸੂਬੇ ਨੂੰ ਗਹਿਣੇ ਰੱਖ ਦਿੰਦੇ ਹਨ : ਭਗਵੰਤ ਮਾਨ
ਜੇਕਰ ਬਾਦਲ ਨੇ ਪਹਿਲਾਂ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਹੁੰਦਾ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ : ਭਗਵੰਤ ਮਾਨ
ਮੈਂ ਹਮੇਸ਼ਾ ਪਿੰਡ ਵਿੱਚ ਰਿਹਾ ਹਾਂ, ਇਸ ਲਈ ਕਿਸਾਨਾਂ ਦੇ ਦੁੱਖ-ਦਰਦ ਨੂੰ ਸਮਝਦਾ ਹਾਂ : ਭਗਵੰਤ ਮਾਨ
ਅਰਵਿੰਦ ਕੇਜਰੀਵਾਲ ਨੇ ਸੇਵਾਦਾਰ ਦੀ ਤਰ੍ਹਾਂ ਕਿਸਾਨਾਂ ਲਈ ਕੰਮ ਕੀਤਾ ਹੈ, ਹੁਣ ਉਹ ਅੰਦੋਲਨ ਨੂੰ ਮਜ਼ਬੂਤ ਬਣਾਉਣ ਲਈ ਪੰਜਾਬ ਆ ਰਹੇ ਹਨ : ਭਗਵੰਤ ਮਾਨ
ਮਾਨ ਨੇ ਮੋਗਾ ਜ਼ਿਲ੍ਹੇ ਵਿੱਚ ਕੀਤਾ ਜਨ ਸਭਾਵਾਂ ਨੂੰ ਸੰਬੋਧਨ
ਮੋਗਾ/ਚੰਡੀਗੜ੍ਹ, 14 ਮਾਰਚ 2021 (ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਐਤਵਾਰ ਨੂੰ ਮੋਗਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਜਨ ਸਭਾਵਾਂ ਕਰਕੇ ਲੋਕਾਂ ਨੂੰ ਬਾਘਾ ਪੁਰਾਣਾ ਵਿੱਚ ਹੋਣ ਵਾਲੇ ਕਿਸਾਨ ਮਹਾਂਸੰਮੇਲਨ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਪਹਿਲਾਂ ਚਾਹ ਵੇਚਦੇ ਸਨ, ਹੁਣ ਦੇਸ਼ ਵੇਚ ਰਹੇ ਹਨ। ਉਨ੍ਹਾਂ ਵੱਡੀਆਂ-ਵੱਡੀਆਂ ਸਰਕਾਰੀ ਕੰਪਨੀਆਂ ਵੇਚ ਦਿੱਤੀਆਂ। ਹੁਣ ਤੱਕ ਖੇਤੀਬਾੜੀ ਬਾਕੀ ਰਹਿ ਗਈ ਸੀ, ਜਿਸ ਨੂੰ ਹੁਣ ਉਹ ਵੇਚਣ ਲੱਗਿਆ ਹੋਇਆ ਹੈ। ਜਿਨ੍ਹਾਂ ਕਾਰਪੋਰੇਟ ਘਰਾਣਿਆਂ ਨੇ ਦੇਸ਼ ਦੀ ਸਰਕਾਰੀ ਚੀਜਾਂ ਖਰੀਦੀਆਂ, ਉਹ ਆਮ ਲੋਕਾਂ ਦਾ ਸੋਸ਼ਣ ਕਰ ਰਹੇ ਹਨ। ਹੁਣ ਉਹ ਲੋਕ ਸਰਕਾਰ ਨਾਲ ਮਿਲਕੇ ਕਿਸਾਨਾਂ ਦਾ ਸੋਸ਼ਣ ਕਰਨ ਦੀ ਤਿਆਰੀ ਵਿੱਚ ਹਨ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਨੇ ਵੀ ਕਦੇ ਕਿਸਾਨਾ ਦਾ ਸਮਰਥਨ ਨਹੀਂ ਕੀਤਾ। ਉਨ੍ਹਾਂ ਹਮੇਸ਼ਾਂ ਕਿਸਾਨਾਂ ਖਿਲਾਫ ਕੰਮ ਕੀਤਾ। ਦੋਵਾਂ ਨੇ ਆਪਸੀ ਤਾਲਮੇਲ ਕਰਕੇ ਪੰਜਾਬ ਵਿੱਚ ਕਿਸਾਨਾਂ ਨੂੰ ਬੰਧੂਆਂ ਮਜ਼ਦੂਰ ਬਣਾਉਣ ਵਾਲਾ ਕਾਨੂੰਨ ਪਾਸ ਕੀਤਾ। ਉਸ ਕਾਨੂੰਨ ਰਾਹੀਂ ਉਨ੍ਹਾਂ ਫਲਾਂ ਅਤੇ ਸਬਜ਼ੀਆਂ ਦੇ ਬਜ਼ਾਰਾਂ ਦਾ ਨਿੱਜੀਕਰਨ ਕੀਤਾ। ਹੁਣ ਉਹ ਕਿਸਾਨ ਸਮਰਥਕ ਹੋਣ ਦਾ ਦਿਖਾਵਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਅਤੇ ਬਾਦਲ ਕਦੇ ਵੀ ਆਪਣੇ ਵਿੱਚ ਨਹੀਂ ਰਹੇ। ਉਨ੍ਹਾਂ ਕਦੇ ਖੇਤੀ ਨਹੀਂ ਕੀਤੀ ਇਸ ਲਈ ਕਿਸਾਨਾਂ ਦੇ ਦੁੱਖ ਦਰਦ ਨੂੰ ਨਹੀਂ ਸਮਝ ਸਕਦੇ। ਕੈਪਟਨ ਅਤੇ ਬਾਦਲ ਦੋਵੇਂ ਸੱਤਾ ਦੇ ਵਪਾਰੀ ਹਨ। ਜਦੋਂ ਕਿਸੇ ਰਾਜ ਦਾ ਸ਼ਾਸਕ ਵਪਾਰੀ ਬਣ ਜਾਂਦਾ ਹੈ ਤਾਂ ਉਹ ਸੂਬੇ ਨੂੰ ਗਹਿਣੇ ਰੱਖ ਦਿੰਦਾ ਹੈ। ਪੰਜਾਬ ਨਾਲ ਵੀ ਅਜਿਹਾ ਹੀ ਕੀਤਾ ਗਿਆ। ਇਨ੍ਹਾਂ ਦੋਵਾਂ ਪਾਰਟੀਆਂ ਨੇ ਸੂਬੇ ਨੂੰ ਮਾਫੀਆ ਦੇ ਹੱਥਾਂ ਵਿੱਚ ਗਹਿਣੇ ਰੱਖ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਬਾਦਲ ਅਤੇ ਕੈਪਟਨ ਹੁਣ ਇਸ ਬਿੱਲ ਦਾ ਵਿਰੋਧ ਕਰ ਰਹੇ ਹਨ, ਪ੍ਰੰਤੂ ਇਹ ਲੋਕ ਜੇਕਰ ਪਹਿਲਾਂ ਇਸ ਬਿੱਲ ਦਾ ਵਿਰੋਧ ਕਰਦੇ ਤਾਂ ਅੱਜ ਲੋਕਾਂ ਨੂੰ ਇਹ ਦਿਨ ਨਾ ਦੇਖਣੇ ਪੈਂਦੇ। ਮੈਂ ਪਿੰਡ ਵਿੱਚ ਰਿਹਾ ਹਾਂ, ਮੇਰਾ ਸਾਰਾ ਜੀਵਨ ਪਿੰਡ ਵਿਚ ਹੀ ਲੰਘਿਆ ਹੈ। ਇਸ ਲਈ ਅਸੀਂ ਕਿਸਾਨਾਂ ਦੇ ਦੁੱਖ ਦਰਦ ਨੂੰ ਸਮਝਦੇ ਹਾਂ। ਮੈਨੂੰ ਬਹੁਤ ਦਰਦ ਹੁੰਦਾ ਹੈ ਜਦੋਂ ਕਿਸਾਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ। ਕਿਸਾਨਾਂ ਨੂੰ ਅੱਤਵਾਦੀ, ਪਾਕਿਸਤਾਨੀ, ਖਾਲਿਸਤਾਨੀ ਕਹਿਣ ਵਾਲੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਹਮੇਸ਼ਾਂ ਕਿਸਾਨਾਂ ਲਈ ਇਕ ਸੇਵਾਦਾਰ ਵਜੋਂ ਕੰਮ ਕੀਤਾ ਹੈ। ਉਨ੍ਹਾਂ ਕਿਸਾਨ ਅੰਦੋਲਨ ਨੂੰ ਮਜ਼ਬੂਤ ਬਣਾਉਣ ਲਈ ਹਰ ਸੰਭਵ ਕਦਮ ਚੁੱਕੇ ਹਨ। ਅਰਵਿੰਦ ਕੇਜਰੀਵਾਲ ਕੇਵਲ ਇਕ ਅਜਿਹਾ ਵਿਅਕਤੀ ਹੈ ਜਿਸਨੇ ਮੋਦੀ-ਸ਼ਾਹ ਨੂੰ ਤਿੰਨ ਵਾਰ ਦਿੱਲੀ ਵਿੱਚ ਹਰਾਇਆ ਹੈ। ਹੁਣ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਬਣਾਉਣ ਲਈ 21 ਮਾਰਚ ਨੂੰ ਬਾਘਾ ਪੁਰਾਣਾ ਵਿੱਚ ਕਿਸਾਨ ਮਹਾਸੰਮੇਲਨ ਕਰ ਰਹੇ ਹਨ। ਕਿਸਾਨ ਮਹਾ ਸੰਮੇਲਨ ਰਾਹੀਂ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾਵੇਗਾ ਅਤੇ ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ 21 ਮਾਰਚ ਦੇ ਕਿਸਾਨ ਮਹਾ ਸੰਮੇਲਨ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।