ਮੋਦੀ ਤੇ ਸਾਥੀਆਂ ਨੂੰ ਪੂਰੇ ਦੇਸ਼ ਨੇ ਨਕਾਰਿਆ, ਕੇਂਦਰ ‘ਚ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ:- ਪਰਨੀਤ ਕੌਰ
-ਮੋਦੀ ਸਰਕਾਰ ਨੇ ਦੇਸ਼ ਨੂੰ ਅੰਦਰੂਨੀ ਤੇ ਬਾਹਰੀ ਤੌਰ ‘ਤੇ ਕਮਜੋਰ ਕੀਤਾ-ਪਰਨੀਤ ਕੌਰ
-ਪਰਨੀਤ ਕੌਰ ਨੇ ਬਨੂੜ ਨੇੜਲੇ ਪਿੰਡਾਂ ਅਤੇ ਰਾਜਪੁਰਾ ਵਿਖੇ ਕੀਤਾ ਚੋਣ ਪ੍ਰਚਾਰ, ਲੋਕਾਂ ਵੱਲੋਂ ਭਰਵਾਂ ਹੁੰਗਾਰਾ
ਬਨੂੜ, ਰਾਜਪੁਰਾ, 12 ਮਈ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਲੋਕ ਸਭਾ ਚੋਣਾਂ ਲਈ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਪਰਨੀਤ ਕੌਰ ਨੇ ਕਿਹਾ ਹੈ ਕਿ ਦੇਸ਼ ਦੀ ਅਗਲੀ ਸਰਕਾਰ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੀ ਬਣੇਗੀ। ਉਨ੍ਹਾਂ ਕਿਹਾ ਕਿ ਜੁਮਲਿਆਂ ਦੀ ਮੋਦੀ ਸਰਕਾਰ ਨੇ ਪਿਛਲੇ 5 ਸਾਲ ਦੇਸ਼ ਨੂੰ ਅੰਦਰੂਨੀ ਅਤੇ ਬਾਹਰੀ ਤੌਰ ‘ਤੇ ਹਰ ਪੱਖੋਂ ਕਮਜੋਰ ਕੀਤਾ ਹੈ, ਜਿਸ ਲਈ ਪੂਰੇ ਦੇਸ਼ ਦੇ ਲੋਕ ਭਾਜਪਾ ਤੇ ਇਸਦੇ ਸਹਿਯੋਗੀਆਂ ਨੂੰ ਨਕਾਰ ਚੁੱਕੇ ਹਨ।
ਪਰਨੀਤ ਕੌਰ ਨੇ ਅੱਜ ਹਲਕਾ ਰਾਜਪੁਰਾ ਦੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਬਨੂੜ ਅਤੇ ਰਾਜਪੁਰਾ ਨੇੜਲੇ ਵੱਖ-ਵੱਖ ਪਿੰਡਾਂ ਧਰਮਪੁਰ, ਖੇੜਾ ਗੱਜੂ ਅਤੇ ਬਸੰਤਪੁਰਾ ਵਿਖੇ ਕਰਵਾਈਆਂ ਗਈਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਸਮੁੱਚੇ ਦੇਸ਼ ਅੰਦਰ ਵੱਡਾ ਹੁੰਗਾਰਾ ਮਿਲ ਰਿਹਾ ਹੈ ਜਿਸ ਦੇ ਚਲਦਿਆਂ ਕੇਂਦਰ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਅਗਵਾਈ ਹੇਠ ਬਣੇਗੀ।
ਪਰਨੀਤ ਕੌਰ ਨੇ ਦੱਸਿਆ ਕਿ ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ ਦੇਸ਼ ਦੇ ਗਰੀਬ ਪਰਿਵਾਰਾਂ ਲਈ 6000 ਰੁਪਏ ਬੱਝਵੀਂ ਆਮਦਨ, ਮਹਿਲਾਵਾਂ ਲਈ 33 ਫੀਸਦੀ ਰਾਖਵਾਂਕਰਨ, ਖੇਤੀਬਾੜੀ ਲਈ ਵੱਖਰਾ ਬਜ਼ਟ, ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਕਰਜਾ ਰਾਹਤ ਸਕੀਮ, ਖਾਲੀ ਪਈਆਂ ਸਾਰੀਆਂ ਸਰਕਾਰੀ ਅਸਾਮੀਆਂ ਭਰਨ, ਵਿਆਜ ਰਹਿਤ ਸਿੱਖਿਆ ਕਰਜ ਸਮੇਤ ਅਸਾਨ ਜੀ.ਐਸ.ਟੀ. ਲਈ ਬਹੁਤ ਕੁਝ ਕੀਤਾ ਜਾਵੇਗਾ, ਜੋ ਕਿ ਦੇਸ਼ ਦੀ ਕਾਇਆਂ ਕਲਪ ਕਰਨ ਲਈ ਸਹਾਈ ਹੋਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਦੇ ਬਿਹਤਰ ਤੇ ਸੁਰੱਖਿਅਤ ਭਵਿੱਖ ਲਈ ਉਹ ਕਾਂਗਰਸ ਨੂੰ ਵੋਟਾਂ ਪਾਉਣ।
ਇਸ ਮੌਕੇ ਹਲਕਾ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਹਲਕੇ ਦੇ 98 ਪਿੰਡਾਂ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਹਲਕੇ ‘ਚ 7 ਸਟੇਡੀਅਮ, 6 ਪੁਲ ਅਤੇ ਪੀਣ ਵਾਲੇ ਪਾਣੀ ਲਈ ਵੱਡੇ ਪ੍ਰਾਜੈਕਟ ‘ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਸ੍ਰੀ ਕੰਬੋਜ ਨੇ ਕਿਹਾ ਕਿ ਪਰਨੀਤ ਕੌਰ ਨੇ ਰਾਜਪੁਰਾ ਹਲਕੇ ਦੇ ਵਿਕਾਸ ਲਈ ਨਿਜੀ ਦਿਲਚਸਪੀ ਲੈ ਕੇ ਪੰਜਾਬ ਸਰਕਾਰ ਤੋਂ ਵਿਕਾਸ ਕਾਰਜ ਮਨਜੂਰ ਕਰਵਾਏ ਹਨ, ਜਿਸ ਲਈ ਹਲਕੇ ਦੇ ਲੋਕ ਪਰਨੀਤ ਕੌਰ ਨੂੰ ਵੱਡੀ ਲੀਡ ਨਾਲ ਲੋਕ ਸਭਾ ‘ਚ ਭੇਜਣ ਲਈ ਆਪਣੀਆਂ ਵੋਟਾਂ ਕਾਂਗਰਸ ਪਾਰਟੀ ਨੂੰ ਪਾਉਣਗੇ।
ਇਸ ਮੌਕੇ ਸ੍ਰੀਮਤੀ ਗੁਰਮੀਤ ਕੌਰ ਕੰਬੋਜ, ਬਨੂੜ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਭਜਨ ਲਾਲ, ਯੂਥ ਕਾਂਗਰਸ ਆਗੂ ਦਮਨਜੀਤ ਸਿੰਘ, ਸੁਰਿੰਦਰ ਸੋਨੀ, ਸੁਖਵੀਰ ਬਵੇਜਾ, ਕੁਲਵਿੰਦਰ ਭੋਲਾ ਅਤੇ ਵੱਡੀ ਗਿਣਤੀ ਆਗੂ ਮੌਜੂਦ ਸਨ।
ਫੋਟੋ ਕੈਪਸ਼ਨ- ਪਰਨੀਤ ਕੌਰ, ਹਰਦਿਆਲ ਕੰਬੋਜ ਅਤੇ ਹੋਰ ਆਗੂ ਰਾਜਪੁਰਾ ਦੇ ਪਿੰਡਾਂ ਧਰਮਪੁਰ, ਖੇੜਾ ਗੱਜੂ ਅਤੇ ਬਸੰਤਪੁਰਾ ਵਿਖੇ ਕਾਂਗਰਸ ਦੀਆਂ ਵਿਸ਼ਾਲ ਚੋਣ ਰੈਲੀਆਂ ਦੌਰਾਨ।