ਮੰਤਰੀ ਮੰਡਲ ਵਿੱਚ ਵਾਧੇ ਨੂੰ ਲੈ ਕੇ ਫਸਿਆ ਪੇਚ
ਮੁੱਖ ਮੰੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਾਈਕਮਾਨ ਨੇ ਫੇਰ ਸੱਦਿਆ ਦਿੱਲੀ
ਮੁੱਖ ਮੰਤਰੀ ਅੱਜ ਸਵੇਰੇ ਰਾਹੁਲ ,ਪ੍ਰਿਅੰਕਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਏ ਸਨ ਵਾਪਸ
ਕੋਈ ਵੱਡਾ ਧਮਾਕਾ ਹੋਣ ਦੇ ਚਰਚੇ

ਚੰਡੀਗੜ੍ਹ,24 ਸਤੰਬਰ(ਵਿਸ਼ਵ ਵਾਰਤਾ) ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਲਾਹੁਣ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਭਾਵੇਂ ਮਾਸਟਰ ਸਟਰੋਕ ਲਾਉਂਦਿਆਂ ਮੁੱਖ ਮੰਤਰੀ ਬਣਨ ਦੇ ਚਾਹਵਾਨ ਕਈ ਦਿੱਗਜਾਂ ਨੂੂੰ ਪਛਾੜਦਿਆ ਗਰੀਬਾਂ ਅਤੇ ਪੱਛੜੇ ਵਰਗਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਆਗੂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਤਾਜ ਤਾਂ ਪਹਿਨਾ ਦਿੱਤਾ ਹੈ ਪਰ,ਉਹਨਾਂ ਨੂੰ ਖੁੱਲ੍ਹ ਕੇ ਕੰਮ ਕਰਨ ਦੀ ਛੋਟ ਨਹੀਂ ਦਿੱਤੀ ਜਾ ਰਹੀ। ਚਰਨਜੀਤ ਸਿੰਘ ਚੰਨੀ 19 ਸਤੰਬਰ, ਜਿਸ ਦਿਨ ਤੋਂ ਮੁੱਖ ਮੰਤਰੀ ਬਣੇ ਹਨ ਆਪਣੀ ਮਰਜੀ ਨਾਲ ਫੈਸਲਾ ਨਹੀਂ ਲੈ ਸਕੇ ,ਹਰ ਛੋਟੇ ਤੋਂ ਛੋਟੇ ਫੈਸਲੇ ਤੇ ਵੀ ਕਾਂਗਰਸ ਹਾਈਕਮਾਨ ਅਤੇ ਦੂਸਰੇ ਲੀ਼ਡਰਾਂ ਦੀ ਮੋਹਰ ਲਗਾਉਣੀ ਪੈ ਰਹੀ ਹੈ। ਮੁੱਖ ਮੰਤਰੀ ਨੂੰ 3 ਦਿਨ ਪਹਿਲਾਂ ਹੀ ਦਿੱਲੀ ਬੁਲਾਇਆ ਗਿਆ ਸੀ,ਜਦੋਂ ਉਹਨਾਂ ਦੇ ਨਾਲ ਦੋਨੋਂ ਡਿਪਟੀ ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਗਏ ਸਨ। ਉਸ ਦਿਨ ਵੀ ਸਾਰਾ ਦਿਨ ਹਾਈਕਮਾਨ ਨਾਲ ਮੀਟਿੰਗਾਂ ਚੱਲਦੀਆਂ ਰਹੀਆਂ ਫੇਰ,ਦੋ ਦਿਨ ਬਾਅਦ ਹੀ ਕੱਲ੍ਹ ਫਿਰ ਤੋਂ ਹਾਈਕਮਾਨ ਨੇ ਉਹਨਾਂ ਨੂੰ ਦਿੱਲੀ ਸੱਦ ਲਿਆ । ਇਸ ਵਾਰ ਇਕੱਲੇ ਹੀ ਗਏ ਮੁੱਖ ਮੰਤਰੀ ਨਾਲ ਰਾਹੁਲ ਗਾਂਧੀ,ਪ੍ਰਿਅੰਕਾ ਗਾਂਧੀ ,ਹਰੀਸ਼ ਰਾਵਤ ਅਤੇ ਕੇ.ਸੀ ਵੇਣੂਗੋਪਾਲ ਨੇ ਅੱਧੀ ਰਾਤ ਤੱਕ ਮੀਟਿੰਗ ਕੀਤੀ ,ਜਿਸ ਬਾਰੇ ਕਿਹਾ ਗਿਆ ਕਿ ਪੰਜਾਬ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤੇ ਜਾਣ ਵਾਲੇ ਸੰਭਾਵਿਤ ਨਾਮਾਂ ਤੇ ਮੋਹਰ ਲੱਗ ਗਈ ਹੈ। ਜਿਸ ਤੋਂ ਬਾਅਦ ਮੁੱਖ ਮੰਤਰੀ ਅੱਜ ਸਵੇਰੇ 4 ਵਜੇ ਹੀ ਕਾਰ ਰਾਹੀਂ ਵਾਪਸ ਚੰਡੀਗੜ੍ਹ ਪਰਤ ਆਏ ਪਰ,ਹੁਣੇ ਖਬਰ ਮਿਲੀ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੜ ਦਿੱਲੀ ਸੱਦ ਲਿਆ ਗਿਆ ਹੈ।ਜਾਣਕਾਰੀ ਮੁਤਾਬਕ ਸ਼ਾਮ ਨੂੰ 5 ਵਜੇੇ ਦੇ ਕਰੀਬ ਮੁੱਖ ਮੰਤਰੀ ਦਿੱਲੀ ਜਾ ਰਹੇ ਹਨ। ਅੱਜ ਦੇ ਬੁਲਾਵੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਹਾਈਕਮਾਨ ਕੈਪਟਨ ਤੋਂ ਬਾਅਦ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਨਾਰਾਜ਼ ਨਹੀਂ ਰੱਖਣਾ ਚਾਹੁੰਦੀ। ਉਹਨਾਂ ਨੂੰ ਐਡਜਸਟ ਕਰਨ ਬਾਰੇ ਹੀ ਮੁੱਖ ਮੰਤਰੀ ਨੂੰ ਦਿਲੀ ਸੱਦਿਆ ਗਿਆ ਹੈ। ਸੁਨੀਲ ਜਾਖੜ ਜੋ ਕਿ ਪਰਸੋਂ ਦੇ ਦਿੱਲੀ ਵਿਖੇ ਹੀ ਹਨ ਤੇ ਉਹਨਾਂ ਅੱਜ ਦੁਪਹਿਰ ਤੋਂ ਪਹਿਲਾਂ ਰਾਹੁਲ ਗਾਂਧੀ ਨਾਲ ਮੁੜ ਗੱਲਬਾਤ ਕੀਤੀ ਸੀ। ਇਸ ਤੋਂ ਬਾਅਦ ਹੀ ਚਰਨਜੀਤ ਚੰਨੀ ਨੂੰ ਦਿੱਲੀ ਬੁਲਾਇਆ ਗਿਆ ਹੈ। ਰਾਜਨੀਤਕ ਹਲਕਿਆਂ ਵਿੱਚ ਚਰਚਾ ਹੈ ਕਿ ਕਾਂਗਰਸ ਹਾਈਕਮਾਨ ਕੋਈ ਵੱਡਾ ਫੇਰਬਦਲ ਕਰ ਸਕਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਜਾਂ ਪਾਰਟੀ ਵਿੱਚ ਸੁਨੀਲ ਜਾਖੜ ਨੂੰ ਕੋਈ ਵੱਡਾ ਅਹੁਦਾ ਦਿੱਤਾ ਜਾ ਸਕਦਾ ਹੈ।ਜਿਸ ਵਿੱਚ ਡਿਪਟੀ ਮੁੱਖ ਮੰਤਰੀ ਜਾਂ ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਦੇਣ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ।






















