ਚੰਡੀਗੜ, 4 ਨਵੰਬਰ (ਵਿਸ਼ਵ ਵਾਰਤਾ) : ਸਾਲ 1914-1919 ਦੇ ਵਿਸ਼ਵ ਯੁੱਧ ਦੀ ਯਾਦ ਵਿੱਚ ਬੀਤੀ ਸ਼ਾਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੇਜ਼ਬਾਨੀ ਮਾਣਨ ਲਈ ਜਦੋਂ ਲਗਪਗ ਦੋ ਦਰਜਨ ਸੇਵਾ-ਮੁਕਤ ਭਾਰਤੀ ਤੇ ਵਿਦੇਸ਼ੀ ਫੌਜੀ ਅਧਿਕਾਰੀ ਜੁੜ ਬੈਠੇ ਤਾਂ ਉਹ ਅਤੀਤ ਦੀਆਂ ਯਾਦਾਂ ਦੇ ਵਹਿਣ ਵਿੱਚ ਵਹਿ ਤੁਰੇ।
ਇਹ ਪਹਿਲੀ ਵਾਰ ਸੀ ਜਦੋਂ ਇਹ ਅਧਿਕਾਰੀ ਜੋ ਪਹਿਲੀ ਵਿਸ਼ਵ ਜੰਗ ਵਿੱਚ ਜਲੰਧਰ ਬਿ੍ਰਗੇਡ ਵਜੋਂ ਹਿੱਸਾ ਲੈਣ ਵਾਲੇ ਸੈਨਿਕਾਂ ਦੇ ਵੰਸ਼ ’ਚੋਂ ਹਨ, ਇਸ ਇਤਿਹਾਸਕ ਘੜੀ ਵਿੱਚ ਪੂਰੇ ਮਾਣ-ਸਤਿਕਾਰ ਨਾਲ ਸ਼ਾਮਲ ਹੋਏ। ਜਲੰਧਰ ਬਿ੍ਰਗੇਡ ਦਾ ਗਠਨ 2 ਸਿੱਖਜ਼ (ਪਹਿਲਾਂ 15 ਰਾਇਲ ਲੁਧਿਆਣਾ ਸਿੱਖਜ਼) ਅਤੇ 47 ਸਿੱਖਜ਼ (ਹੁਣ 5 ਸਿੱਖਜ਼) ਵੱਲੋਂ ਕੀਤਾ ਗਿਆ ਸੀ। ਇਨਾਂ ਅਧਿਕਾਰੀਆਂ ਦੇ ਮੁੜ ਮਿਲਣ ਦੇ ਪਲ ਬਹੁਤ ਭਾਵੁਕ ਸਨ ਕਿਉਂਕਿ ਇਨਾਂ ਨੇ ਜੰਗ ਅਤੇ ਸ਼ਾਂਤੀ ਵਿੱਚ ਸਾਂਝੇ ਤੌਰ ’ਤੇ ਬਿਤਾਏ ਸਮਿਆਂ ਦੀ ਯਾਦਾਂ ਸਾਂਝੀਆਂ ਕੀਤੀਆਂ।
ਮੁੱਖ ਮੰਤਰੀ ਨੇ ਇਨਾਂ ਅਧਿਕਾਰੀਆਂ ਦਾ ਆਪਣੀ ਰਿਹਾਇਸ਼ ਉੱਤੇ ਆਉਣ ’ਤੇ ਸਵਾਗਤ ਕਰਦਿਆਂ ਆਖਿਆ ਕਿ ਉਨਾਂ ਨੂੰ ਇਨਾਂ ਲਈ ਰਾਤਰੀ ਭੋਜਨ ਦੀ ਮੇਜ਼ਬਾਨੀ ਕਰਕੇ ਅਤੇ ਕੁਝ ਵਿਸ਼ੇਸ਼ ਪਲ ਤੇ ਯਾਦਾਂ ਸਾਂਝੀਆਂ ਕਰਨ ਦਾ ਮਾਣ ਮਹਿਸੂਸ ਹੋਇਆ ਹੈ।
ਮੁੱਖ ਮੰਤਰੀ ਜੋ ਖੁਦ ਇਕ ਸਾਬਕਾ ਫੌਜੀ ਅਤੇ ਉੱਘੇ ਫੌਜੀ ਇਤਿਹਾਸਕਾਰ ਹਨ, ਨੇ ਉਨਾਂ ਦੇ ਪੁਰਖਿਆਂ ਜੋ ਜਲੰਧਰ ਬਿ੍ਰਗੇਡ ਦੇ ਸੈਨਿਕ ਸਨ, ਦੀਆਂ ਕੁਰਬਾਨੀਆਂ ਨੂੰ ਚੇਤੇ ਕੀਤਾ ਜੋ ਬਰਤਾਨੀਆ ਦੀ ਸੈਨਾ ਵਿੱਚ ਇਕ ਬਿ੍ਰਗੇਡ ਵਜੋਂ ਭਰਤੀ ਹੋਣ ਵਾਲੇ ਸੈਨਿਕਾਂ ਦਾ ਪਹਿਲਾ ਦਲ ਸੀ।
ਮੁੱਖ ਮੰਤਰੀ ਨੇ ਦੱਸਿਆ ਜਲੰਧਰ ਬਿ੍ਰਗੇਡ ਦੇ ਬਹੁਤ ਸਾਰੇ ਸੈਨਿਕ ਠੰਢ ਕਾਰਨ ਮੌਤ ਦੇ ਮੂੰਹ ਵਿੱਚ ਜਾ ਪਏ ਸਨ ਕਿਉਂਕਿ ਉਨਾਂ ਨੇ ਖਰਾਬ ਮੌਸਮ ਤੋਂ ਆਪਣਾ ਬਚਾਅ ਕਰਨ ਲਈ ਨਿੱਘੇ ਕੱਪੜਿਆਂ ਤੋਂ ਬਿਨਾਂ ਹੀ ਆਪਣੀਆਂ ਸਹਿਯੋਗੀ ਫੌਜਾਂ ਦੀ ਖਾਤਰ ਯੂਰਪ ਦੀ ਭਿਆਨਕ ਠੰਢ ਵਿੱਚ ਜੰਗ ਲੜੀ। ਉਨਾਂ ਕਿਹਾ ਕਿ ਅਜਿਹੀਆਂ ਸਥਿਤੀਆਂ ਦੇ ਬਾਵਜੂਦ ਇਨਾਂ ਬਹਾਦਰ ਸੈਨਿਕਾਂ ਨੇ ਆਪਣੀਆਂ ਪੋਸਟਾਂ ਨਹੀਂ ਛੱਡੀਆਂ ਜਿਨਾਂ ਦੀ ਸੂਰਬੀਰਤਾ ਅੱਜ ਤੱਕ ਵੀ ਫੌਜੀਆਂ ਨੂੰ ਪ੍ਰੇਰਿਤ ਕਰਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਇਸ ਵਿਸ਼ਵ ਯੁੱਧ ਵਿੱਚ ਭਾਰਤੀ ਫੌਜ ਦੇ ਯੋਗਦਾਨ ਨੂੰ ਪੂਰੀ ਤਰਾਂ ਨਜ਼ਰਅੰਦਾਜ਼ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਜੰਗ ਦੌਰਾਨ ਆਪਣੀਆਂ ਰੈਜੀਮੈਂਟਾਂ ਅਤੇ ਮੁਲਕ ਦਾ ਸਨਮਾਨ ਬਰਕਰਾਰ ਰੱਖਣ ਲਈ 74000 ਸੈਨਿਕਾਂ ਨੇ ਆਪਣੀ ਜਾਨਾਂ ਕੁਰਬਾਨ ਕੀਤੀਆਂ ਅਤੇ ਹੋਰ 67000 ਸੈਨਿਕ ਜ਼ਖਮੀ ਹੋਏ। ਉਨਾਂ ਕਿਹਾ ਕਿ ਜ਼ਖਮੀਆਂ ਵਿੱਚੋਂ ਵੀ ਬਹੁਤ ਸਾਰੇ ਸੈਨਿਕ ਦਮ ਤੋੜ ਗਏ ਜਿਸ ਨਾਲ ਇਹ ਗਿਣਤੀ ਕਿਤੇ ਵੱਧ ਹੈ।
ਜਲੰਧਰ ਬਿ੍ਰਗੇਡ ਐਸੋਸੀਏਸ਼ਨ ਵੱਲੋਂ ਉਸ ਦੇ ਪ੍ਰਧਾਨ ਮੇਜਰ ਜਨਰਲ ਪੀਟਰ ਰੋਨਾਲਡ ਡੇਵਿਸ ਨੇ ਕਿਹਾ ਕਿ ਇਤਿਹਾਸ ਨੂੰ ਦੁਹਰਾਉਣ ਤੋਂ ਬਿਨਾਂ ਉਹ ਸਿਰਫ ਇਹ ਕਹਿਣਾ ਚਾਹੁੰਦੇ ਹਨ ਕਿ ਪਹਿਲੇ ਵਿਸ਼ਵ ਯੁੱਧ ਦੌਰਾਨ ਸਿਰਜੀ ਗਈ ਕਹਾਣੀ ਨਿਰੰਤਰ ਜਾਰੀ ਹੈ। ਉਨਾਂ ਕਿਹਾ ਕਿ ਜਦੋਂ ਸਾਬਕਾ ਫੌਜੀ ਅਤੀਤ ਵੱਲ ਦੇਖਦੇ ਹਨ ਕਿ ਉਨਾਂ ਕੋਲ ਇਹ ਆਮ ਕਹਾਣੀ ਕਿਉਂ ਹੈ ਤਾਂ ਉਹ ਉਸੇ ਸਮੇਂ ਹੀ ਇਸ ਕਹਾਣੀ ਨੂੰ ਭਾਰਤ ਨਾਲ ਸਾਂਝੀ ਕਰਨ ਲਈ ਅੱਗੇ ਵੱਲ ਦੇਖਦੇ ਹਨ।
ਮੇਜਰ ਜਨਰਲ ਡੇਵਿਸ ਨੇ ਆਖਿਆ ਕਿ ਅਤੀਤ ਵਿੱਚ ਬਣੀ ਸਾਂਝ ਹੁਣ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ। ਉਨਾਂ ਕਿਹਾ ਕਿ ਅਧਿਕਾਰੀਆਂ ਅਤੇ ਸੈਨਿਕਾਂ ਨੂੰ ਇਸ ਕੀਮਤੀ ਇਤਿਹਾਸ ਬਾਰੇ ਦੱਸਿਆ ਗਿਆ ਹੈ, ਨਹੀਂ ਤਾਂ ਉਹ ਭੁੱਲ ਜਾਣਗੇ। ਉਨਾਂ ਨੇ ਅੱਜ ਦੇ ਇਸ ਵਿਲੱਖਣ ਉਪਰਾਲੇ ਅਤੇ ਸਾਨੂੰ ਸਾਰਿਆਂ ਨੂੰ ਪੰਜਾਬ ਦੀ ਮਿੱਟੀ ’ਤੇ ਇਕੱਤਰ ਹੋਣ ਲਈ ਦਿੱਤੇ ਮੌਕੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਪੰਜਾਬੀਆਂ ਨੂੰ ਦੁਨੀਆ ਭਰ ਵਿੱਚ ਬਹਾਦਰੀ ਵਜੋਂ ਜਾਣਿਆ ਜਾਂਦਾ ਹੈ।
ਇਸ ਗਰੁੱਪ ਵਿੱਚ ਥਾਮਸ ਇਆਨ ਮੈਕਡੋਨਲਡ ਵਾਗ, ਰਿਚਰਡ ਜੌਹਨ ਹੋਲਟ, ਸੁਟਨ-ਸਮਿੱਥ ਚਾਰਲਸ ਨੋਇਲ ਹਿੳੂਗ, ਵਿਲੀਅਮ ਮੋਰਟਨ ਜੇਰੇਮੀ ਮੌਸ ਚਾਰਲਸ ਰੌਬਰਟ ਸਮੈਥੁਰਸਟ, ਜੌਹਨ ਰਿਚਰਡ ਕੋਟਨ ਵਾਈਟ, ਰੋਨਾਲਡ ਮੈਕਰੂਮ, ਟਿਮੋਥੀ ਜੌਰਜ ਪਲੰਟਰ, ਆਈਏਨ ਐਡਵਰਡ ਕੈਮਰੌਨ ਸਮਿੱਥ, ਨਿਗੇਲ ਹਿੳੂਗ ਮੈਕੇ ਅਤੇ ਡਗਲਸ ਰੌਬਰਟ ਸ਼ਾਮਲ ਸਨ। ਇਨਾਂ ਵਿੱਚੋਂ ਕਈਆਂ ਦੀ ਭਾਰਤ ਦੀ ਪਹਿਲੀ ਫੇਰੀ ਸੀ ਜਿਸ ਨਾਲ ਉਨਾਂ ਦੇ ਪੁਰਖਿਆਂ ਦਾ ਗੂੜਾ ਰਿਸ਼ਤਾ ਸੀ।
ਇਸ ਤੋਂ ਇਲਾਵਾ ਬਰਾਨੀਆ ਦੇ ਡਿਪਟੀ ਹਾਈ ਕਮਿਸ਼ਨਰ (ਚੰਡੀਗੜ) ਐਂਡਰਿੳੂ ਆਈਰੇ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਤਨੀ ਨਾਲ ਅਤੇ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ ਤੋਂ ਇਲਾਵਾ ਮਹਿਮਾਨ ਸੂਚੀ ਵਿੱਚ ਲੈਫਟੀਨੈਂਟ ਐਮ.ਐਸ. ਭੁੱਲਰ, ਲੈਫਟੀਨੈਂਟ ਜੇ.ਐਲ. ਮਲਹੋਤਰਾ, ਲੈਫਟੀਨੈਂਟ ਜਨਰਲ ਸੁਜਲਾਨਾ, ਲੈਫਟੀਨੈਂਟ ਜਨਰਲ ਡਵਾਰ, ਮੇਜਰ ਜਨਰਲ ਸੀ.ਐਸ. ਪਨਾਗ, ਬਿ੍ਰਗੇਡੀਅਰ ਆਈ.ਐਸ. ਗਾਖਲ, ਕਰਨਲ ਕੇ.ਐਸ. ਗਰਾਂਗ, ਕਰਨਲ ਟੀ.ਪੀ.ਐਸ. ਗਿੱਲ, ਕਰਨਲ ਜੀ.ਐਸ. ਬਰਾੜ, ਕਰਨਲ ਏ.ਐਸ. ਢਿੱਲੋਂ, ਕਰਨਲ ਅਨਿਲ ਬਾਲੀ, ਕਰਨਲ ਸੁਖਵਿੰਦਰ, ਕਰਨਲ ਕੇ.ਕੇ. ਵਰਮਾ, ਕਰਨਲ ਐਸ.ਐਸ. ਸਿੱਧੂ, ਸ੍ਰੀਮਤੀ ਮੇਜਰ ਏ.ਐਸ. ਸੇਖੋਂ, ਮੇਜਰ ਏ.ਐਸ. ਭਿੰਜਰ ਅਤੇ ਮੇਜਰ ਬੁਛਾਰ ਸ਼ਾਮਲ ਹਨ। ਇਸ ਮੌਕੇ ਅਧਿਕਾਰੀ ਵੀ ਆਪਣੇ ਪਰਿਵਾਰਾਂ ਨਾਲ ਸ਼ਾਮਲ ਹੋਏ।