ਮੁੱਖ ਮੰਤਰੀ ਮਾਨ ਨੇ ਕਿਸਾਨ ਜਥੇਬੰਦੀਆਂ ਨਾਲ ਕੀਤੀ ਮੀਟਿੰਗ
ਮੀਟਿੰਗ ‘ਚ ਲਏ ਗਏ ਕਈ ਅਹਿਮ ਫੈਸਲੇ
ਚੰਡੀਗੜ੍ਹ, 18ਅਪ੍ਰੈਲ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਨਾਲ ਪਹਿਲੀ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਲਏ ਗਏ ਹਨ, ਜਿਸ ਵਿੱਚ ਘੱਟੋ-ਘੱਟ ਸਮਰਥਨ ਮੁੱਲ(ਐਮਐਸਪੀ) ਤੋਂ ਇਲਾਵਾ ਕਣਕ ਦੇ ਨੁਕਸਾਨ ਦੇ ਬਦਲੇ ਬੋਨਸ ਦੇਣ ਦਾ ਭਰੋਸਾ ਵੀ ਦਿੱਤਾ ਗਿਆ ਹੈ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਕਿਸਾਨ ਨੇਤਾ ਹਰਿੰਦਰ ਲੱਖੋਵਾਲ ਨੇ ਕਿਹਾ ਕਿ ਚੰਗੇ ਮਾਹੌਲ ਵਿੱਚ ਮੀਟਿੰਗ ਹੋਈ ਹੈ। ਮੁੱਖ ਮੰਤਰੀ ਮਾਨ ਨੇ ਪਾਣੀ ਬਚਾਉਣ ਦੀ ਗੱਲ ਕਹੀ ਹੈ, ਸਾਨੂੰ ਮੂੰਗੀ, ਮੱਕੀ ਤੇ ਬਾਸਮਤੀ ਤੇ ਐਮਐਸਪੀ ਦੇਣ ਬਾਰੇ ਵੀ ਕਿਹਾ ਗਿਆ ਹੈ। ਕਿਸਾਨ ਆਗੂ ਨੇ ਦੱਸਿਆ ਕਿ ਸਾਡੇ ਮੰਗ ਪੱਤਰ ਵਿੱਚ ਕਿਸਾਨਾਂ ਨੂੰ ਬੋਨਸ ਦੇਣ ਦੀ ਮੁੱਖ ਮੰਗ ਕੀਤੀ ਗਈ ਸੀ, ਜਿਸ ਤੇ ਮੁੱਖ ਮੰਤਰੀ ਮਾਨ ਨੇ ਭਰੋਸਾ ਦਿਵਾਇਆ ਹੈ ਕਿ ਉਹ ਬੋਨਸ ਜ਼ਰੂਰ ਦੇਣਗੇ, ਪਰ ਕਿੰਨਾ ਬੋਨਸ ਦੇਣਗੇ? ਇਸ ਤੇ ਉਹ ਪਹਿਲਾਂ ਆਪਣੇ ਅਧਿਕਾਰੀਆਂ ਨਾਲ ਬੈਠ ਕੇ ਵਿਚਾਰ ਕਰਨਗੇ। ਇਸ ਤੋਂ ਇਲਾਵਾ ਕਿਸਾਨ ਆਗੂ ਨੇ ਕਿਹਾ ਕਿ ਗੰਨੇ ਦੀ ਪੇਮੈਂਟ ਜੁਲਾਈ ਤੱਕ ਪੂਰੀ ਹੋਣ ਦਾ ਭਰੋਸਾ ਦਿੱਤਾ ਗਿਆ ਹੈ। ਅੱਗੋਂ ਨਰਮੇ ਦੀ ਬਿਜਾਈ ਲਈ ਬਿਜਲੀ ਚਾਹੀਦੀ ਹੈ ਤੇ ਅਗਲੀ ਮੀਟਿੰਗ ਬਿਜਲੀ ਮੰਤਰੀ ਨਾਲ ਅਰੇਂਜ ਕਰਨ ਦੀ ਗੱਲ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਮੂੰਗੀ, ਮੱਕੀ ਤੇ ਵੀ ਐਮਐਸਪੀ ਦੇਵਾਂਗੇ, ਬਾਸਮਤੀ ਦੀ ਕਾਸ਼ਤ ਕਰਨ ਵਾਲਿਆਂ ਨੂੰ ਵੀ ਐਮਐਸਪੀ ਦਿੱਤਾ ਜਾਵੇਗਾ, ਜੋਕਿ ਸਰਕਾਰ ਵੱਲੋਂ ਤੈਅ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਨੇ ਦੱਸਿਆ ਕਿ ਇੱਕ ਹਫਤੇ ਦੇ ਅੰਦਰ ਕਿਸਾਨਾਂ ਦੀ ਮੁੜ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਵੇਗੀ, ਜਿਸ ਵਿੱਚ ਬਾਕੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਬੁਲਾਇਆ ਜਾਵੇਗਾ।























