ਮੁੱਖ ਮੰਤਰੀ ਨੇ 8198 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਲਈ 1122 ਕਰੋੜ ਰੁਪਏ ਮਨਜ਼ੂਰ ਕੀਤੇ, 31 ਮਾਰਚ, 2022 ਤੱਕ ਕੰਮ ਮੁਕੰਮਲ ਕਰਨ ਦੇ ਦਿੱਤੇ ਆਦੇਸ਼
ਚੰਡੀਗੜ੍ਹ, 25 ਜੂਨ:ਖੇਤੀ ਉਪਜ ਨੂੰ ਆਸਾਨੀ ਨਾਲ ਮੰਡੀਆਂ ਵਿੱਚ ਲਿਜਾਣ ਦੀ ਸਹੂਲਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 8198 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਲਈ 1122 ਕਰੋੜ ਰੁਪਏ ਮਨਜ਼ੂਰ ਕੀਤੇ ਹਨ ਅਤੇ ਮੰਡੀ ਬੋਰਡ ਨੂੰ 31 ਮਾਰਚ 2022 ਤੱਕ ਪ੍ਰਾਜੈਕਟ ਨੂੰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਲਿੰਕ ਰੋਡ ਮੁਰੰਮਤ ਪ੍ਰੋਗਰਾਮ 2021-22 (ਚੌਥਾ ਪੜਾਅ) ਦੇ ਹਿੱਸੇ ਵਜੋਂ ਇਸ ਰਾਸ਼ੀ ਨੂੰ ਮਨਜ਼ੂਰੀ ਦਿੱਤੀ ਹੈ ਜਿਸਦਾ ਉਦੇਸ਼ ਸੂਬੇ ਦੇ ਪੇਂਡੂ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਦੇਣਾ ਹੈ।
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਮਾਰਚ, 2017 ਵਿਚ ਸੱਤਾ ਸੰਭਾਲਣ ਤੋਂ ਬਾਅਦ ਮੰਡੀ ਬੋਰਡ ਨੂੰ ਸੂਬੇ ਭਰ ਦੇ 12,581 ਪਿੰਡਾਂ ਵਿਚ ਲਿੰਕ ਸੜਕਾਂ ਦੀ ਮੁਰੰਮਤ ਕਰਵਾਉਣ ਲਈ ਮਨਜ਼ੂਰੀ ਦਿੱਤੀ ਸੀ ਤਾਂ ਜੋ ਕਿਸਾਨਾਂ ਨੂੰ 1872 ਮੰਡੀਆਂ ਵਿੱਚ ਆਪਣੀ ਫ਼ਸਲ ਵੇਚਣ ਲਈ ਬਿਹਤਰ ਆਵਾਜਾਈ ਦੀ ਸਹੂਲਤ ਦਿੱਤੀ ਜਾ ਸਕੇ। ਸੂਬੇ ਦੀ ਨੀਤੀ ਦੇ ਅਨੁਸਾਰ ਹਰ 6 ਸਾਲ ਬਾਅਦ ਲਿੰਕ ਸੜਕਾਂ ਮੁਰੰਮਤ ਲਈ ਯੋਗ ਹੋ ਜਾਂਦੀਆਂ ਹਨ।
ਅਪ੍ਰੈਲ, 2017 ਤੋਂ ਬਣੀਆਂ ਲਿੰਕ ਸੜਕਾਂ/ਪੁਲੀਆਂ ਅਤੇ ਪੁਲਾਂ ਦਾ ਵੇਰਵਾ ਦਿੰਦਿਆਂ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਦੱਸਿਆ ਕਿ ਸੂਬੇ ਵਿਚ ਕੁੱਲ 64878 ਕਿਲੋਮੀਟਰ ਦੀ ਲੰਬਾਈ ਵਾਲੀਆਂ ਲਿੰਕ ਸੜਕਾਂ ਵਿਚੋਂ 34977 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ/ਅਪਗ੍ਰੇਡੇਸ਼ਨ ਦਾ ਕੰਮ 4112 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਪੜਾਵਾਂ ਅਧੀਨ ਸਫਲਤਾਪੂਰਵਕ ਮੁਕੰਮਲ ਕਰ ਲਿਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ 389 ਕਰੋੜ ਰੁਪਏ ਦੀ ਲਾਗਤ ਨਾਲ 1507 ਪੁਲੀਆਂ/ਪੁਲਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚੋਂ 966 ਪੁਲੀਆਂ/ਪੁਲਾਂ ਦੀ ਅਪਗੇ੍ਰਡੇਸ਼ਨ ਦਾ ਕੰਮ ਮੁਕੰਮਲ ਹੋ ਗਿਆ ਹੈ।