ਪਰਨੀਤ ਕੌਰ, ਬਲਬੀਰ ਸਿੱਧੂ, ਲਾਲ ਸਿੰਘ ਅਤੇ ਹਰਦਿਆਲ ਕੰਬੋਜ ਨੇ ਸਮਾਗਮ ਵਿੱਚ ਕੀਤੀ ਸ਼ਿਰਕਤ
ਪਟਿਆਲਾ, 1 ਮਈ- ਪੰਜਾਬ ਦੇ ਸਰਕਾਰੀ ਅਤੇ ਅਰਧ ਸਰਕਾਰੀ ਮੁਲਾਜਮਾਂ ਦੀ ਜਥੇਬੰਦੀ ਪੰਜਾਬ ਸਟੇਟ ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਹਰੀ ਸਿੰਘ ਟੌਹੜਾ ਦੀ ਅਗਵਾਈ ਹੇਠ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਮੁਲਾਜਮਾਂ, ਮਜਦੂਰਾਂ ਅਤੇ ਮਹਿਨਤਕਸ਼ ਵਰਗ ਦੇ ਲੋਕਾਂ ਨੇ ਮਜਦੂਰ ਦਿਹਾੜੇ ਮੌਕੇ ਇੱਕ ਵੱਡੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਤੋਰ ਤੇ ਸੀਨੀਅਰ ਕਾਂਗਰਸੀ ਆਗੂ ਅਤੇ ਲੋਕ ਸਭਾ ਚੋਣਾ ਲਈ ਕਾਂਗਰਸ ਆਈ ਦੀ ਉਮੀਦਵਾਰ ਪਰਨੀਤ ਕੌਰ, ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਅਤੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਸ਼ਿਰਕਤ ਕੀਤੀ। ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਮੁੱਖ ਹੱਕੀ ਮੰਗਾ ਜਿਵੇਂ ਕਿ ਮੁਲਾਜਮਾਂ ਦੇ ਕਰੋੜਾਂ ਰੁਪਏ ਦੇ ਬਿਲਾਂ ਦੀ ਅਦਾਇਗੀ ਕਰਵਾਉਣਾ, ਪਟਿਆਲਾ ਵਿਖੇ ਰਿਟਾਇਰ ਮੁਲਾਜਮਾਂ ਲਈ ਉਲਡ ਏਜ ਹੋਮ ਬਣਾਉਣਾ ਅਤੇ ਸਰਕਾਰੀ ਥਾਵਾਂ ਨੂੰ ਵੇਚਣ ਦੀ ਬਿਜਾਏ ਇਹਨਾਂ ਤੋਂ ਵਿਭਾਗੀ ਕੰਮ ਲੈਣਾ ਆਦਿ ਮੰਗਾਂ ਦਾ ਮੰਗ ਪੱਤਰ ਵੀ ਸਮੁੱਚੇ ਆਗੂਆਂ ਨੂੰ ਸੋਂਪਿਆ। ਮੁਲਾਜਮਾਂ ਦੀਆਂ ਮੰਗਾਂ ਨੂੰ ਸੁਣਨ ਤੋਂ ਬਾਅਦ ਪਰਨੀਤ ਕੌਰ ਨੇ ਜਥੇਬੰਦੀ ਦੇ ਸਮੂਹ ਆਗੂਆਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਲਾਜਮ ਵਰਗ ਅਤੇ ਕਰਮਚਾਰੀਆਂ ਨੇ ਹਮੇਸ਼ਾਂ ਹੀ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਹੈ ਅਤੇ ਕਾਂਗਰਸ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਮੇਸ਼ਾਂ ਮੁਲਾਜਮਾਂ ਦੀ ਬਾਂਹ ਫੜੀ ਹੈ। ਉਹਨਾ ਕਿਹਾ ਕਿ ਚੋਣਾ ਤੋਂ ਬਾਅਦ ਮੁਲਾਜਮਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇਗਾ ਅਤੇ ਮੁਲਾਜਮਾਂ ਅਤੇ ਕਰਮਚਾਰੀਆਂ ਨੂੰ ਭਵਿੱਖ ਵਿੱਚ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਕੁਲਬੀਰ ਸਿੰਘ ਸੈਦਖੇੜੀ, ਸੁੱਚਾ ਸਿੰਘ ਰੈਲੋਂ, ਗਿਆਨ ਸਿੰਘ ਘਨੋਲੀ, ਇੰਦਰ ਸਿੰਘ ਪ੍ਰਧਾਨ, ਕਿਰਨ ਮਹਿਤਾ, ਬਲਰਾਜ ਸੈਖੋਂ, ਜਸਵਿੰਦਰ ਸਿੰਘ, ਬਲਬੀਰ ਸਿੰਘ ਕੰਬੋਜ, ਸੁੱਖਚੈਨ ਸਿੰਘ, ਸੁਰਿੰਦਰ ਸਿੰਘ ਫਰੀਦਪੁਰ, ਗਿਆਨ ਸਿੰਘ ਜੋਸ਼ਨ, ਵੈਦ ਸ਼ਰਮਾ, ਪਵਿੱਤਰ ਸਿੰਘ ਮੋੜ ਆਦਿ ਹਾਜਰ ਸਨ।