Cricket: ਭਾਰਤ-ਨਿਊਜ਼ੀਲੈਂਡ ਵਿਚਾਲੇ ਤੀਜਾ ਟੀ-20 ਮੈਚ ਅੱਜ, ਸੀਰੀਜ਼ ’ਤੇ ਕਬਜ਼ਾ ਕਰਨ ਮੈਦਾਨ ‘ਤੇ ਉਤਰੇਗੀ ਟੀਮ ਇੰਡੀਆ
– ਪਹਿਲੇ ਦੋਵੇਂ ਮੈਚ ਜਿੱਤ ਕੇ ਭਾਰਤ 2-0 ਨਾਲ ਅੱਗੇ
ਚੰਡੀਗੜ੍ਹ, 27 ਅਕਤੂਬਰ (ਵਿਸ਼ਵ ਵਾਰਤਾ): ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪੰਜ ਟੀ-20 ਮੈਚਾਂ ਦੀ ਸੀਰੀਜ਼ ਦਾ ਤੀਜਾ ਮੁਕਾਬਲਾ ਵੈਲਿੰਗਟਨ ਵਿੱਚ ਖੇਡਿਆ ਜਾਵੇਗਾ। ਸੀਰੀਜ਼ ਦੇ ਪਹਿਲੇ ਦੋਵੇਂ ਮੈਚ ਜਿੱਤ ਕੇ ਭਾਰਤੀ ਟੀਮ 2-0 ਨਾਲ ਅੱਗੇ ਹੈ। ਅੱਜ ਦੇ ਮੁਕਾਬਲੇ ਵਿੱਚ ਭਾਰਤ ਦੀ ਕੋਸ਼ਿਸ਼ ਆਪਣੀ ਬੜ੍ਹਤ ਮਜ਼ਬੂਤ ਕਰਨ ਅਤੇ ਸੀਰੀਜ਼ ’ਤੇ ਕਬਜ਼ਾ ਜਮਾਉਣ ਦੀ ਹੋਵੇਗੀ। ਮੈਚ ਕ੍ਰਾਈਸਟਚਰਚ ਤੋਂ ਵੈਲਿੰਗਟਨ ਪਹੁੰਚਣ ਕਾਰਨ ਖੇਡ ਦੀਆਂ ਸਥਿਤੀਆਂ ਵਿੱਚ ਵੀ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਇੱਥੇ ਤੇਜ਼ ਹਵਾਵਾਂ ਗੇਂਦ ਦੀ ਦਿਸ਼ਾ, ਬੱਲੇਬਾਜ਼ਾਂ ਦੇ ਸ਼ਾਟ ਅਤੇ ਫੀਲਡਿੰਗ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਮੌਸਮ ਦੀਆਂ ਰਿਪੋਰਟਾਂ ਮੁਤਾਬਕ, ਹਵਾ ਦੀ ਰਫ਼ਤਾਰ 55 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।
ਭਾਰਤੀ ਟੀਮ ਵਿੱਚ ਵੈਭਵ ਸੂਰਿਆਵੰਸ਼ੀ ਦੀ ਬੱਲੇਬਾਜ਼ੀ ਦੀ ਸਥਿਤੀ ਅਹਿਮ ਰਹੇਗੀ। ਈਸ਼ਾਨ ਕਿਸ਼ਨ ਸੱਜੀ ਪੱਟ ਦੀ ਮਾਸਪੇਸ਼ੀ ਵਿੱਚ ਖਿਚਾਅ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ, ਜਿਸ ਕਾਰਨ ਉਹ ਤੀਜੇ ਟੀ-20 ਮੈਚ ਤੋਂ ਵੀ ਬਾਹਰ ਰਹਿਣਗੇ। ਅਜਿਹੇ ਵਿੱਚ ਵੈਭਵ ਸੂਰਿਆਵੰਸ਼ੀ ਨੂੰ ਇੱਕ ਵਾਰ ਫਿਰ ਤੀਜੇ ਨੰਬਰ ’ਤੇ ਬੱਲੇਬਾਜ਼ੀ ਦਾ ਮੌਕਾ ਮਿਲਣ ਦੀ ਸੰਭਾਵਨਾ ਹੈ। ਭਾਰਤ ਲਈ ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ ਦੀ ਸ਼ੁਰੂਆਤ ਵੀ ਮਹੱਤਵਪੂਰਨ ਹੋਵੇਗੀ। ਪਿਛਲੇ ਮੈਚ ਵਿੱਚ ਤਿਲਕ ਵਰਮਾ ਨੇ ਨਾਬਾਦ 51 ਦੌੜਾਂ ਬਣਾ ਕੇ ਟੀਮ ਨੂੰ ਮੁਸ਼ਕਲ ਸਥਿਤੀ ਵਿੱਚੋਂ ਕੱਢਦਿਆਂ ਜਿੱਤ ਦਿਵਾਈ ਸੀ। ਭਾਰਤੀ ਟੀਮ ਨੂੰ ਇਸ ਮੁਕਾਬਲੇ ਵਿੱਚ ਵੀ ਮੱਧਕ੍ਰਮ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਰਹੇਗੀ।
ਨਿਊਜ਼ੀਲੈਂਡ ਦੀ ਟੀਮ ਤੀਜੇ ਮੈਚ ਵਿੱਚ ਤੇਜ਼ ਗੇਂਦਬਾਜ਼ ਮੈਟ ਹੈਨਰੀ ਅਤੇ ਲੌਕੀ ਫਰਗਿਊਸਨ ਤੋਂ ਬਿਨਾਂ ਮੈਦਾਨ ਵਿੱਚ ਉਤਰੇਗੀ। ਹੈਨਰੀ ਨੂੰ ਆਰਾਮ ਦਿੱਤਾ ਗਿਆ ਹੈ, ਜਦਕਿ ਫਰਗਿਊਸਨ ਵੈਲਿੰਗਟਨ ਵਿੱਚ ਹੋਣ ਵਾਲੇ ਇਸ ਮੁਕਾਬਲੇ ਲਈ ਉਪਲਬਧ ਨਹੀਂ ਹੋਣਗੇ। ਪਿਛਲੇ ਮੈਚ ਵਿੱਚ ਦੋਵੇਂ ਗੇਂਦਬਾਜ਼ ਆਪਣੇ ਪੂਰੇ ਓਵਰ ਵੀ ਨਹੀਂ ਕਰ ਸਕੇ ਸਨ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ: ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਵੈਭਵ ਸੂਰਿਆਵੰਸ਼ੀ, ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਨਮਨ ਧੀਰ, ਨਿਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ ਅਤੇ ਪ੍ਰਿੰਸ ਯਾਦਵ।
ਨਿਊਜ਼ੀਲੈਂਡ: ਫਿਨ ਐਲਨ, ਟਿਮ ਸਾਈਫਰਟ (ਵਿਕਟਕੀਪਰ), ਡੈਰਿਲ ਮਿਚੇਲ, ਗਲੇਨ ਫਿਲਿਪਸ, ਬੇਵਨ ਜੈਕਬਜ਼, ਮਾਈਕਲ ਬ੍ਰੇਸਵੈੱਲ, ਮਿਚੇਲ ਸੈਂਟਨਰ (ਕਪਤਾਨ), ਨਾਥਨ ਸਮਿਥ, ਕਾਇਲ ਜੈਮੀਸਨ, ਐਡਮ ਮਿਲਨ ਅਤੇ ਜੈਕਬ ਡਫੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























