
ਬਠਿੰਡਾ ਦੇ ਪੱਤਰਕਾਰ ਭਾਈਚਾਰੇ ਨੇ ਸਿੱਧੂ ਮੂਸੇ ਵਾਲਾ ਅਤੇ ਸਮਰਥਕ ਵੱਲੋਂ ਧਮਕੀਆਂ ਦੇਣ ਤੇ ਕਾਰਵਾਈ ਲਈ ਦਿੱਤਾ ਮੰਗ ਪੱਤਰ
ਧਮਕੀਆਂ ਦੇਣ ਵਾਲੇ ਗਾਇਕ ਦੇ ਸਮਰਥਕ ਖਿਲਾਫ਼ ਹੋਵੇਗੀ ਐੱਫਆਈਆਰ ਦਰਜ, ਮੂਸੇਵਾਲਾ ਧਮਕੀਆਂ ਮਾਮਲੇ ਦੀ ਐਸਪੀ ਸਿਟੀ ਕਰਨਗੇ ਜਾਂਚ : ਐਸਐਸਪੀ
ਬਠਿੰਡਾ, 15 ਜੂਨ (ਕੁਲਬੀਰ ਬੀਰਾ )ਹੰਕਾਰ ਵਿੱਚ ਆਏ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਕੁਝ ਚੈਨਲਾਂ ਤੇ ਉਸ ਖ਼ਿਲਾਫ਼ ਚੱਲੀਆਂ ਖ਼ਬਰਾਂ ਤੋਂ ਬੁਖਲਾਹਟ ਵਿੱਚ ਆ ਕੇ ਇੱਕ ਵੀਡੀਓ ਵਾਇਰਲ ਕਰਕੇ ਮੀਡੀਆ ਨੂੰ ਦਿੱਤੀਆਂ ਧਮਕੀਆਂ ਦਾ ਮਾਮਲਾ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ । ਸਿੱਧੂ ਮੂਸੇ ਵਾਲਾ ਖ਼ਿਲਾਫ਼ ਕਾਰਵਾਈ ਦੀ ਮੰਗ ਲਈ ਪੱਤਰਕਾਰ ਭਾਈਚਾਰਾ ਲਾਮਬੰਦ ਹੋ ਚੁੱਕਿਆ ਹੈ ਅਤੇ ਅੱਜ ਬਠਿੰਡਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਨਾਨਕ ਸਿੰਘ ਨੂੰ ਮੰਗ ਪੱਤਰ ਦੇ ਕੇ ਸਿੱਧੂ ਮੂਸੇਵਾਲਾ ਵੱਲੋਂ ਮੀਡੀਆ ਨੂੰ ਦਿੱਤੀਆਂ ਧਮਕੀਆਂ ਅਤੇ ਉਸ ਦੇ ਸਮਰਥਕ ਵੱਲੋਂ ਪੱਤਰਕਾਰ ਅਮਿਤ ਸ਼ਰਮਾ ਨੂੰ ਦਿੱਤੀਆਂ ਧਮਕੀਆਂ ਤੇ ਕਾਰਵਾਈ ਲਈ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਬਠਿੰਡਾ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਪੱਤਰਕਾਰ ਸ਼ਾਮਲ ਸਨ। ਐਸਐਸਪੀ ਨਾਨਕ ਸਿੰਘ ਵੱਲੋਂ ਦੋਨਾਂ ਮਾਮਲਿਆਂ ਤੇ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੰਦਿਆਂ ,ਕਿਹਾ ਕਿ ਅਮਿਤ ਸ਼ਰਮਾ ਨੂੰ ਫੋਨ ਕਰਕੇ ਧਮਕੀਆਂ ਦੇਣ ਵਾਲੇ ਸਮਰਥਕ ਤੇ ਤੁਰੰਤ ਪਰਚਾ ਦਰਜ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਸਿੱਧੂ ਮੂਸੇਵਾਲਾ ਵੱਲੋਂ ਵੀਡੀਓ ਵਾਇਰਲ ਕਰਕੇ ਮੀਡੀਆ ਨੂੰ ਦਿੱਤੀਆਂ ਧਮਕੀਆਂ ਦੀ ਜਾਂਚ ਲਈ ਐਸਪੀ ਸਿਟੀ ਨੂੰ ਆਦੇਸ਼ ਦਿੱਤੇ ਹਨ ਅਤੇ ਰਿਪੋਰਟ ਆਉਣ ਤੇ ਇਸ ਮਾਮਲੇ ਤੇ ਵੀ ਠੋਸ ਕਾਰਵਾਈ ਹੋਵੇਗੀ । ਇਸ ਮੌਕੇ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ, ਸਵਰਨ ਸਿੰਘ ਦਾਨੇਵਾਲੀਆ, ਬਲਵਿੰਦਰ ਸ਼ਰਮਾ, ਧਰਮ ਚੰਦਰ ,ਸਚਿਨ ਸ਼ਰਮਾ, ਸੂਰਜ ਸ਼ਰਮਾ ਅਮਿਤ ਸ਼ਰਮਾ ਗੁਰਪ੍ਰੇਮ ਲਹਿਰੀ ਅਤੇ ਅਨਿਲ ਵਰਮਾ ਨੇ ਕਿਹਾ ਕਿ ਜੇਕਰ ਪੱਤਰਕਾਰ ਭਾਈਚਾਰੇ ਨੂੰ ਧਮਕੀਆਂ ਦੇਣ ਵਾਲੇ ਸਿੱਧੂ ਮੂਸੇ ਵਾਲਾ ਖਿਲਾਫ਼ ਠੋਸ ਕਾਰਵਾਈ ਨਾ ਹੋਈ ਤਾਂ ਆਉਂਦੇ ਸਮੇਂ ਵਿੱਚ ਸਖ਼ਤ ਐਕਸ਼ਨ ਲਿਆ ਜਾਵੇਗਾ, ਕਿਉਂਕਿ ਕਿਸੇ ਵੀ ਗਾਇਕ ਵੱਲੋਂ ਨਿਰਪੱਖਤਾ ਨਾਲ ਕੰਮ ਕਰਨ ਵਾਲੇ ਪੱਤਰਕਾਰ ਭਾਈਚਾਰੇ ਨੂੰ ਧਮਕੀਆਂ ਦੇਣਾ ਬਰਦਾਸ਼ਤ ਯੋਗ ਨਹੀਂ ।ਇਸ ਮੌਕੇ ਪੱਤਰਕਾਰ ਭਾਈਚਾਰੇ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਦੇ ਧਿਆਨ ਵਿੱਚ ਲਿਆਂਦਾ ਕਿ ਸਿੱਧੂ ਮੂਸੇਵਾਲਾ ਵੱਲੋਂ ਲੋਕ ਡਾਊਨ ਵਿੱਚ ਨਿਯਮਾਂ ਦੀ ਉਲੰਘਣਾ ਕਰਕੇ ਸ਼ੂਟਿੰਗ ਕੀਤੀ, ਹਥਿਆਰਾਂ ਦੀ ਨੁਮਾਇਸ਼ ਕਰਕੇ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ,ਇਸ ਮਾਮਲੇ ਤੇ ਵੀ ਕਾਰਵਾਈ ਬਣਦੀ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਭਾਈਚਾਰਾ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੇ ਅਦਾਰਿਆਂ ਦੀ ਸੋਚ ਤਹਿਤ ਕੰਮ ਕਰਦਾ ਹੈ। ਗਾਇਕ ਸਿੱਧੂ ਮੂਸੇਵਾਲਾ ਵਰਗੇ ਪੰਜਾਬ ਦੀ ਅਮਨ ਸ਼ਾਂਤੀ ਵਿਰੋਧੀ ਗਾਇਕ ਆਪਣੀ ਚੌਧਰ ਚਮਕਾਉਣ ਲਈ ਅਜਿਹੀਆਂ ਸਾਜ਼ਿਸ਼ਾਂ ਰਚਦੇ ਹਨ ਜੋ ਬਰਦਾਸ਼ਤ ਯੋਗ ਨਹੀਂ । ਇਸ ਮੌਕੇ ਯਸਪਾਲ ਵਰਮਾ, ਨੈਬ ਸਿੰਘ ਸਿੱਧੂ, ਪਵਨ ਸ਼ਰਮਾ, ਅਵਤਾਰ ਸਿੰਘ ਕੈਂਥ, ਰਾਜ ਕੁਮਾਰ, ਜਤਿਨ ਕੁਮਾਰ, ਐੱਸਐੱਸ ਸੋਨੂੰ, ਨਰਿੰਦਰ ਸ਼ਰਮਾ, ਰਜਿੰਦਰ ਅਬਲੂ, ਅਮਨਦੀਪ ਗੋਸ਼ਲ, ਵਿਜੇ ਅਰੋੜਾ ,ਅੰਮ੍ਰਿਤਪਾਲ ਲਵਲੀ, ਜਸਵਿੰਦਰ ਸਿੰਘ ਅਰੋੜਾ, ਜ਼ੱਬਰ ਖਾਨ ,ਕੁਲਬੀਰ ਬੀਰਾ, ਜਸਕਰਨ ਮੀਤ ਸੁਖਜੀਤ ਸਿੰਘ ਸੁਖਰਾਮ ਸਿੰਘ ਸੁਖਵਿੰਦਰ ਸਿੰਘਸ਼ਰਾ, ਗੋਬਿੰਦ ਸਿੰਘ, ਕ੍ਰਿਸ਼ਨ ਸ਼ਰਮਾ ਸੁਖਮੇਦਰ ਸਿੰਘ ਕੁਨਾਲ ਕੁਮਾਰ ਭੂਸ਼ਨ ਮਿੱਤਲ ਨਰੇਸ਼ ਸ਼ਰਮਾ ਅਸ਼ੋਕ ਕੁਮਾਰ ਆਦਿ ਹਾਜਰ ਸਨ ।





















