ਅਧਿਕਾਰੀ – ਕਰਮਚਾਰੀ ਸਮੇਂ ਸਿਰ ਦਫਤਰ ਹੋਣ ਹਾਜ਼ਰ

ਜੈਤੋ,30 ਮਾਰਚ (ਰਘੂਨੰਦਨ ਪਰਾਸ਼ਰ ) ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਰਾਜ ਦੇ ਸਮੂਹ ਜ਼ਿਲ੍ਹਾ ਖਜ਼ਾਨਾ ਦਫਤਰਾਂ ਅਤੇ ਸਬ-ਖਜਾਨਾ ਦਫ਼ਤਰਾਂ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਪਾਰਦਰਸ਼ੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਅਨੁਸਾਰ ਸਮੂਹ ਅਧਿਕਾਰੀ, ਕਰਮਚਾਰੀ ਸਮੇਂ ਸਿਰ ਦਫਤਰ ਆਉਣ ਅਤੇ ਦਫ਼ਤਰੀ ਸਮੇਂ ਦੌਰਾਨ ਆਪਣੀ ਸੀਟ ‘ਤੇ ਹਾਜ਼ਰ ਰਹਿਣ ਤਾਂ ਜ਼ੋ ਆਮ ਜਨਤਾ, ਪੈਨਸ਼ਨਰਜ਼, ਸਰਕਾਰੀ ਮੁਲਾਜ਼ਮਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ ਅਤੇ ਕਿਸੇ ਵੀ ਅਧਿਕਾਰੀ ਤੇ ਕਰਮਚਾਰੀ ਦੀ ਛੁੱਟੀ ਦੌਰਾਨ ਉਸ ਦੀ ਥਾਂ ਲੇਵਾ ਲਗਾਇਆ ਜਾਵੇ, ਆਮ ਪਬਲਿਕ, ਸੀਨੀਅਰ ਸਿਟੀਜਨ, ਪੈਨਸ਼ਨਰਜ਼ ਆਦਿ ਨਾਲ ਨਰਮੀ ਭਰਿਆ ਵਤੀਰਾ ਕੀਤਾ ਜਾਵੇ ਅਤੇ ਉਨ੍ਹਾਂ ਦੀ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਹਲ ਕੀਤਾ ਜਾਵੇ ਅਤੇ ਲੋੜ ਅਨੁਸਾਰ ਉਨ੍ਹਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਜਾਵੇ। ਇਸ ਸੰਬੰਧੀ ਕਿਸੇ ਕਿਸਮ ਦੀ ਚੂਕ ਦੀ ਸੂਰਤ ਵਿੱਚ ਸਬੰਧਤ ਅਧਿਕਾਰੀ ਤੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਾਰੀ ਕੀਤੇ ਆਦੇਸ਼ ਅਨੁਸਾਰ ਜ਼ਿਲਾ ਖਜ਼ਾਨਾ ਦਫਤਰਾਂ ਅਤੇ ਸਬ-ਖਜਾਨਾ ਦਫ਼ਤਰ ਵਿਖੇ ਬਿੱਲ ਪ੍ਰਾਪਤ ਉਪਰੰਤ ਤੁਰੰਤ ਚੈੱਕ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਉਸ ਦੇ ਸਾਰੇ ਇਤਰਾਜ਼ (ਜੇਕਰ ਹੋਣ ਤਾ) ਇਕੋ ਵਾਰ ਹੀ ਲਗਾਏ ਜਾਣ ਅਤੇ ਲਗਾਏ ਗਏ ਇਤਰਾਜ਼ ਬਕਾਇਦਾ ਨਿਯਮਾਂ ਦਾ ਹਵਾਲਾ ਦਿੰਦੇ ਹੋਏ, ਸਪਸ਼ਟ ਸ਼ਬਦਾਂ ਵਿੱਚ ਦਰਸਾਏ ਜਾਣ,ਜ਼ੋ ਕਿ ਪੜ੍ਹਨ ਯੋਗ ਹੋਣ। ਇਤਰਾਜ਼ ਲਗਾਏ ਗਏ ਬਿੱਲਾਂ ਦੀਆਂ ਹਾਰਡ ਕਾਪੀ ਬਿਨਾਂ ਕਿਸੇ ਦੇਰੀ ਤੋਂ ਸਬੰਧਤ ਡੀ.ਡੀ.ਓ. ਨੂੰ ਵਾਪਸ ਭੇਜੀਆਂ ਜਾਣ। ਬਿੱਲਾਂ ਸਬੰਧੀ ਚੈੱਕ ਲਿਸਟ,ਭਾਵ ਬਿੱਲਾਂ ਨਾਲ ਸਬੰਧਤ ਵਿੱਤ ਵਿਭਾਗ ਵੱਲੋਂ ਸਮੇਂ -ਸਮੇਂ ਸਿਰ ਜਾਰੀ ਹਦਾਇਤਾਂ ਵੀ ਨੋਟਿਸ ਬੋਰਡ ਤੇ ਲਗਾਈਆਂ ਜਾਣ ਅਤੇ ਖਜ਼ਾਨਿਆਂ ਵਿਚ ਉਪਲਬਧ ਅਸਟਾਮਾਂ ਅਤੇ ਟਿਕਟਾਂ ਦੀ ਗਿਣਤੀ ਨੋਟਿਸ ਬੋਰਡ ਤੇ ਹਰ ਰੋਜ਼ ਜਨਤਕ ਕੀਤਾ ਜਾਵੇ ਆਦਿ ਸ਼ਾਮਲ ਹਨ।























