
20 ਟਰਾਲੀਆਂ ਨੂੰ ਜਾਰੀ ਕੀਤੇ ਗਏ ਕਰਫਿਊ ਪਾਸ,ਸਮਾਜਿਕ ਦੂਰੀ ਦਾ ਰੱਖਿਆ ਖਾਸ ਖਿਆਲ
ਮਾਨਸਾ, 14 ਅਪਰੈਲ( ਵਿਸ਼ਵ ਵਾਰਤਾ)-ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕਰਫਿਊ ਲਗਾਏ ਜਾਣ ਕਾਰਨ ਜ਼ਿਲ੍ਹਾ ਮਾਨਸਾ ਵਿਚ ਬਾਕੀ ਰਹਿ ਗਈ ਨਰਮੇ ਦੀ ਖਰੀਦ ਅੱਜ ਫਿਰ ਤੋਂ ਸ਼ੁਰੂ ਕਰਵਾ ਦਿੱਤੀ ਗਈ ਹੈ। ਮਾਨਸਾ ਪਹਿਲਾਂ ਜ਼ਿਲ੍ਹਾ ਹੈ,ਜਿਸ ਵਿਚ ਪਹਿਲ ਦੇ ਆਧਾਰ ‘ਤੇ ਨਰਮੇ ਦੀ ਖਰੀਦ ਮੁੜ ਤੋਂ ਸ਼ੁਰੂ ਕਰਵਾਈ ਗਈ ਹੈ। ਕਿਸਾਨਾਂ ਨੂੰ ਰਾਹਤ ਦਿੰਦਿਆਂ ਮਾਨਸਾ ਜ਼ਿਲ੍ਹੇ ਵਿਚ ਪਹਿਲ ਦੇ ਆਧਾਰ ਉਤੇ ਕਣਕ ਦੀ ਖਰੀਦ ਪ੍ਰੋਜੈਕਟ ਦੇ ਤਹਿਤ ਹੀ ਨਰਮੇ ਦੀ ਵੀ ਬਾਕੀ ਰਹਿੰਦੀ ਖਰੀਦ ਸ਼ੁਰੂ ਕਰ ਕੀਤੀ ਹੈ।
ਜ਼ਿਲ੍ਹਾ ਮੰਡੀ ਅਫ਼ਸਰ ਮਾਨਸਾ ਰਜਨੀਸ਼ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਦੇ ਦਿਸ਼ਾ ਨਿਰਦੇਸ਼ਾਂ ਤੇ ਨਰਮੇ ਦੀ ਬਾਕੀ ਰਹਿੰਦੀ ਖਰੀਦ ਫਿਰ ਤੋਂ ਸ਼ੁਰੂ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿਚ 9.40 ਲੱਖ ਕੁਇੰਟਲ ਦੇ ਕਰੀਬ ਨਰਮੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਕੋਰੋਨਾਵਾਇਰਸ ਦੇ ਚਲਦਿਆਂ ਲਗਾਏ ਗਏ ਕਰਫਿਊ ਕਾਰਨ ਤਕਰੀਬਨ 50 ਹਜ਼ਾਰ ਕੁਇੰਟਲ ਨਰਮੇ ਦੀ ਖਰੀਦ ਬਾਕੀ ਰਹਿ ਗਈ ਸੀ,ਜੋ ਕਿ ਇਕ ਮਹੀਨੇ ਦੇ ਅੰਦਰ ਅੰਦਰ ਨਿਪਟਾਉਣ ਦਾ ਟੀਚਾ ਹੈ। ਉਨ੍ਹਾਂ ਦੱਸਿਆ ਕਿ ਮੰਡੀ ਵਿਚ ਭੀੜ ਨੂੰ ਘਟਾਉਣ ਲਈ ਇਕ ਦਿਨ ਵਿਚ ਸਿਰਫ 20 ਟਰਾਲੀਆਂ ਨੂੰ ਹੀ ਸਬੰਧਤ ਮਾਰਕਿਟ ਕਮੇਟੀ ਦੁਆਰਾ ਪਾਸ ਜਾਰੀ ਕੀਤੇ ਗਏ ਹਨ,ਜੋ ਕਿ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ਤੇ ਜਾਰੀ ਕੀਤੇ ਗਏ।ਉਨ੍ਹਾਂ ਦੱਸਿਆ ਕਿ 500 ਕੁਇੰਟਲ ਦੇ ਕਰੀਬ ਖਰੀਦ ਦਾ ਰੋਜ਼ਾਨਾ ਦਾ ਟੀਚਾ ਰੱਖਿਆ ਗਿਆ ਹੈ ਅਤੇ ਜੇਕਰ ਇਹ ਪ੍ਰਕਿਰਿਆ ਸਫਲਤਾਪੂਰਵਕ ਰਹੀ ਤਾਂ ਪਾਸ ਦੀ ਲਿਮਟ 20 ਤੋਂ ਵਧਾਕੇ 40 ਅਤੇ ਰੋਜ਼ਾਨਾ ਦੀ ਖਰੀਦ ਦਾ ਟੀਚਾ ਇੱਕ ਹਜ਼ਾਰ ਕੁਇੰਟਲ ਤੱਕ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਕੁੱਲ 21 ਟਰਾਲੀਆਂ ਮੰਡੀ ਵਿਚ ਆਈਆਂ ਅਤੇ ਅੰਦਾਜ਼ਨ 446 ਕੁਇੰਟਲ ਦੀ ਖਰੀਦ ਸੀ.ਸੀ.ਆਈ. ਵੱਲੋਂ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਸਮਾਜਿਕ ਦੂਰੀ ਨੂੰ ਬਣਾਈ ਰੱਖਣ ਲਈ ਅਤੇ ਸੈਨੇਟਾਈਜ਼ਰ ਕਰਨ ਲਈ ਪੁਖਤਾ ਪ੍ਰਬੰਧ ਮੰਡੀ ਵਿਚ ਕੀਤੇ ਗਏ ਹਨ ਅਤੇ ਕਾਟਨ ਯਾਰਡ ਵਿਚ ਆਉਣ ਵਾਲੇ ਹਰ ਵਿਅਕਤੀ ਨੂੰ ਸੈਨੇਟਾਈਜ਼ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਕਾਟਨ ਯਾਰਡ ਵਿਚ 30-30 ਦੇ ਖਾਨੇ ਬਣਾਏ ਗਏ ਹਨ ਤੇ ਨਰਮੇ ਦੀਆਂ ਟਰਾਲੀਆਂ ਇਨ੍ਹਾਂ ਖਾਨਿਆਂ ਵਿਚ ਹੀ ਖੜ੍ਹੀਆਂ ਕਰਵਾਈਆਂ ਜਾਂਦੀਆਂ।
ਮਾਨਸਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ.ਰਾਮ ਸਰੂਪ ਦੁਆਰਾ ਮੰਡੀ ਵਿਚ ਨਰਮੇ ਦੀ ਖਰੀਦੋ-ਫਰੋਖ਼ਤ ਸਬੰਧੀ ਚੈਕਿੰਗ ਦੌਰਾਨ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੇਬਰ ਨੂੰ ਆਪਸ ਵਿਚ ਘੱਟ ਤੋਂ ਘੱਟ 1.5 ਤੋਂ 2 ਮੀਟਰ ਦੀ ਦੂਰੀ ਬਣਾਉਣ ਲਈ ਕਿਹਾ। ਉਨ੍ਹਾਂ ਕਿਸਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੰਨ੍ਹਾਂ ਕਿਸਾਨਾਂ ਨੇ ਹਾਲੇ ਤੱਕ ਨਰਮਾ ਨਹੀਂ ਵੇਚਿਆ,ਉਹ ਨਰਮਾ ਵੇਚਣ ਸਬੰਧੀ ਕਰਫਿਊ ਪਾਸ ਲੈਣ ਲਈ ਸਬੰਧਤ ਮਾਰਕਿਟ ਕਮੇਟੀ ਅਤੇ ਸਬੰਧਤ ਆੜਤੀਏ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਨਰਮੇ ਨੂੰ ਮੰਡੀ ਵਿਚ ਲਿਆਉਣ ਸਮੇਂ ਕੇਵਲ ਇਕ ਹੀ ਵਿਅਕਤੀ ਟਰੈਕਟਰ ਟਰਾਲੀ ਨਾਲ ਜਾਵੇ ਅਤੇ ਨਰਮੇ ਨੂੰ ਸਾਫ ਸੁੱਥਰਾ ਹੀ ਮੰਡੀ ਵਿਚ ਲਿਆਂਦਾ ਜਾਵੇ ਤਾਂ ਜੋ ਇਸ ਨੂੰ ਵੇਚਣ ਵਿਚ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਫੋਟੋ ਨੰ:6
ਫੋਟੋ ਕੈਪਸ਼ਨ: ਮਾਨਸਾ ਦੀ ਆਧੁਨਿਕ ਅਨਾਜ ਮੰਡੀ ਵਿੱਚ ਵਿਕਣ ਲਈ ਪੁੱਜਿਆ ਨਰਮਾ।ਫੋਟੋ:ਮਾਨ





















