ਭਾਸ਼ਾ ਵਿਭਾਗ ਮੋਹਾਲੀ ਵੱਲੋਂ ਭਾਵ-ਪੂਰਤ ਤਰੀਕੇ ਨਾਲ ਵਿਸ਼ਵ ਰੰਗਮੰਚ ਦਿਵਸ ਮਨਾਇਆ ਗਿਆ
ਰੰਗਮੰਚ ਆਮ ਤੌਰ ’ਤੇ ਸਮਾਜ ਅਤੇ ਖਾਸ ਤੌਰ ’ਤੇ ਰੰਗਕਰਮੀਆਂ ਨੂੰ ਅਸਰ ਅੰਦਾਜ਼ ਕਰਦਾ ਹੈ-ਸੰਜੀਵਨ
ਪੰਜਾਬ ਦੀ ਜ਼ਮੀਨ ’ਤੇ ਪੰਜਾਬੀ ਰੰਗਮੰਚ ਦੀ ਬੀਜ ਨੋਰਾ ਰਿਚਰਡਜ਼ ਨੇ ਬੀਜਿਆ-ਰਾਬਿੰਦਰ ਰੱਬੀ
ਚੰਡੀਗੜ੍ਹ,29 ਮਾਰਚ(ਵਿਸ਼ਵ ਵਾਰਤਾ)- ਜ਼ਿਲ੍ਹਾ ਭਾਸ਼ਾ ਦਫ਼ਤਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਭਾਸ਼ਾ ਵਿਭਾਗ ਪੰਜਾਬ ਅਤੇ ਪ੍ਰਮੁੱਖ ਸਕੱਤਰ, ਉਚੇਰੀ ਸਿੱਖਿਆ ਤੇ ਭਾਸ਼ਾਵਾਂ ਦੀ ਅਗਵਾਈ ਵਿੱਚ ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਸਮਾਗਮ ਦਾ ਭਾਵ-ਪੂਰਤ ਤਰੀਕੇ ਨਾਲ ਸਫਲ ਆਯੋਜਨ ਕੀਤਾ ਗਿਆ।ਇਸ ਮੁਕੱਦਸ ਦਿਹਾੜੇ ‘ਤੇ ਕਰਵਾਏ ਸਮਾਗਮ ਦੌਰਾਨ ਜ਼ਿਲ੍ਹੇ ਦੀਆਂ ਰੰਗਮੰਚ ਨਾਲ ਜੁੜੀਆਂ ਨਾਮਵਰ ਸ਼ਖਸੀਅਤਾਂ ਅਤੇ ਵਿਦਿਆਰਥੀਆਂ ਵੱਲੋਂ ਸ਼ਿਰਕਤ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਪੰਜਾਬ ਦੀ ਵਿਭਾਗੀ ਧੁਨੀ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਆਏ ਹੋਏ ਮਹਿਮਾਨਾਂ ਨੂੰ ਵਿਸ਼ਵ ਰੰਗਮੰਚ ਦਿਵਸ ਦੀ ਵਧਾਈ ਦਿੰਦਿਆਂ ‘ਜੀ ਆਇਆਂ ਨੂੰ’ ਕਿਹਾ ਅਤੇ ਵਿਸ਼ਵ ਰੰਗਮੰਚ ਦਿਵਸ ਦੀ ਪਿੱਠਭੂਮੀ ‘ਤੇ ਚਾਨਣਾ ਪਾਇਆ।
ਨਾਟਕਕਾਰ, ਨਾਟ-ਨਿਰਦੇਸ਼ਕ ਅਤੇ ਇਪਟਾ ਪੰਜਾਬ ਦੇ ਪ੍ਰਧਾਨ ਸ੍ਰੀ ਸੰਜੀਵਨ ਸਿੰਘ ਨੇ ‘ਰੰਗਮੰਚ ਦਾ ਸਫ਼ਰ ਤੇ ਸਮਾਜਿਕ ਸਰੋਕਾਰ’ ਵਿਸ਼ੇ ‘ਤੇ ਚਰਚਾ ਕਰਦਿਆਂ ਰੰਗਮੰਚ ਦੇ ਇਤਿਹਾਸ ਅਤੇ ਮਹੱਤਵ ਬਾਰੇ ਗੱਲ ਕਰਦੇ ਕਿਹਾ ਕਿ ਰੰਗਮੰਚ ਜਿੱਥੇ ਆਮ ਤੌਰ ’ਤੇ ਸਮਾਜ ਨੂੰ ਅਸਰ ਅੰਦਾਜ਼ ਕਰਦਾ ਹੈ ਉਥੇ ਖਾਸ ਤੌਰ ’ਤੇ ਰੰਗਮੰਚ ਨਾਲ ਸਿੱਧਾ ਸਬੰਧ ਰੱਖਣ ਵਾਲੇ ਰੰਗਕਰਮੀਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਸਮਾਜ ਉੱਪਰ ਅਸਰ ਇਸ ਲਈ ਪੈਂਦਾ ਹੈ ਕਿਉਂਕਿ ਰੰਗਮੰਚ ਸਮਾਜਿਕ ਸਰੋਕਾਰਾਂ ਅਤੇ ਮਸਲਿਆਂ ਨੂੰ ਮੁਖ਼ਾਤਿਬ ਹੁੰਦਾ ਹੈ।ਰੰਗਮੰਚ ਨਾਲ ਸਿੱਧਾ ਸਬੰਧ ਰੱਖਣ ਵਾਲੇ ਰੰਗਕਰਮੀਆਂ ਦੇ ਵਿਅਕਤੀਤਵ ਵਿਚ ਖ਼ਾਸ ਕਿਸਮ ਦੀ ਤਬਦੀਲੀ ਅਤੇ ਸਵੈ ਭਰੋਸਾ ਪੈਦਾ ਕਰਨ ਵਿਚ ਵੀ ਰੰਗਮੰਚ ਅਹਿਮ ਭੂਮਿਕਾ ਅਦਾ ਕਰਦਾ ਹੈ।ਸੰਸਾਰ ਦੇ ਪ੍ਰਸਿੱਧ ਨਾਟਕਕਾਰ ਵਿਲੀਅਮ ਸ਼ੈਕਸਪੀਅਰ ਨੇ ਤਾਂ ਇਸ ਦੁਨੀਆਂ ਦੀ ਤੁਲਨਾ ਰੰਗਮੰਚ ਨਾਲ ਕੀਤੀ ਹੈ ਅਤੇ ਇਨਸਾਨ ਨੂੰ ਅਭਿਨੇਤਾ ਕਿਹਾ ਹੈ।
ਉੱਘੇ ਨਾਟਕਕਾਰ ਅਤੇ ਨਾਟ ਨਿਰਦੇਸ਼ਕ ਸ੍ਰੀ ਰਾਬਿੰਦਰ ਸਿੰਘ ਰੱਬੀ ਰੰਗਮੰਚ ਦੀ ਸਾਡੇ ਜੀਵਨ ਵਿੱਚ ਸਾਰਥਕਤਾ ਬਾਰੇ ਵਿਸਥਾਰ ਸਹਿਤ ਗੱਲ ਕਰਦਿਆਂ ਕਿਹਾ ਕਿ ਪੰਜਾਬੀ ਰੰਗਮੰਚ ਦੀ ਉਮਰ ਵੀ ਇਕ ਸਦੀ ਤੋਂ ਉਪਰ ਦੀ ਹੋ ਚੁੱਕੀ ਹੈ।ਪੰਜਾਬ ਦੀ ਜ਼ਮੀਨ ’ਤੇ ਪੰਜਾਬੀ ਰੰਗਮੰਚ ਦੀ ਬੀਜ ਨੋਰਾ ਰਿਚਰਡਜ਼ ਨੇ ਬੀਜਿਆ।ਰੰਗਮੰਚ ਸਾਨੂੰ ਜੀਵਨ ਜਾਚ ਵੀ ਸਿਖਾਉਂਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਤੇਜਾ ਸਿੰਘ ਥੂਹਾ, ਸ. ਕਰਮਜੀਤ ਸਿੰਘ ਬੱਗਾ, ਗੁਰਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਪਾ ਕੇ ਸਮਾਗਮ ਨੂੰ ਮਹੱਤਵਪੂਰਨ ਬਣਾਇਆ। ਪ੍ਰੋਗਰਾਮ ਦੇ ਅੰਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮਾਗਮ ਮੌਕੇ ‘ਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਜ਼ਿਲ੍ਹਾ ਖੋਜ ਅਫ਼ਸਰ ਮਿਸ ਦਰਸ਼ਨ ਕੌਰ, ਇੰਸਟ੍ਰਕਟਰ ਸ. ਜਤਿੰਦਰਪਾਲ ਸਿੰਘ, ਜੂਨੀਅਰ ਅਸਿਸਟੈਂਟ ਸ. ਮਨਜੀਤ ਸਿੰਘ, ਸ. ਗੁਰਵਿੰਦਰ ਸਿੰਘ ਅਤੇ ਸਿਖਿਆਰਥੀ ਵੀ ਮੌਜੂਦ ਸਨ।






















