ਭਾਰਤ ਸਰਕਾਰ ਯੂਕਰੇਨ ਵਿੱਚ ਫ਼ਸੇ ਹਜ਼ਾਰਾਂ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਦਾ ਤੁਰੰਤ ਹੱਲ ਕੱਢੇ : ਭੋਮਾ
ਚੰਡੀਗੜ੍ਹ, 28 ਫਰਵਰੀ(ਵਿਸ਼ਵ ਵਾਰਤਾ)- ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਤੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਯੂਕਰੇਨ ਵਿੱਚ ਫ਼ਸੇ ਹੋਏ ਹਜ਼ਾਰਾਂ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਲਾਜ਼ਮੀ ਬਣਾਈ ਜਾਵੇ । ਉਹਨਾਂ ਕਿਹਾ ਯੂਕਰੇਨ ਦੇ ਸ਼ਹਿਰ ਖਾਰਕੀਵ ਵਿੱਚ ਲਗਪਗ 4000 ਦੇ ਕਰੀਬ ਵਿਦਿਆਰਥੀ ਵੱਖ ਵੱਖ ਫਲੈਟਾਂ ਤੇ ਹੋਸਟਲਾ ਵਿੱਚ ਫ਼ਸੇ ਹੋਏ ਹਨ ।ਇਹ ਸ਼ਹਿਰ ਰੂਸ ਦੇ ਬਾਰਡਰ ਦੇ ਬਿਲਕੁਲ ਨਜ਼ਦੀਕ ਹੈ । ਰੋਮਾਨੀਆ ਅਤੇ ਪੌਲੈਂਡ ਦੇ ਬਾਰਡਰਾਂ ਤੋਂ ਲਗਭਗ 1500 ਕਿਲੋਮੀਟਰ ਦੂਰ ਹੈ । ਪੰਜਾਬ ਤੇ ਹੋਰ ਰਾਜਾਂ ਦੇ ਵਿਦਿਆਰਥੀ ਖਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਤੇ ਵੀ. ਐਨ. ਕਰਾਜਨੇ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਖਾਰਕੀਵ ਵਿਖੇ ਮੈਡੀਕਲ ਸਿੱਖਿਆ ਦੀ ਪੜ੍ਹਾਈ ਪ੍ਰਾਪਤ ਕਰ ਰਹੇ ਹਨ । ਇਹਨਾਂ ਵਿਦਿਆਰਥੀਆਂ ਨੂੰ ਮੈਟਰੋ ਦੇ ਜ਼ਮੀਨਦੋਜ਼ ਸਟੇਸ਼ਨਾਂ ਤੋਂ ਬਾਹਰ ਕੱਢ ਦਿੱਤਾ ਗਿਆ ਹੈ । ਹੁਣ ਸਾਰੇ ਵਿਦਿਆਰਥੀ ਆਪੋਂ ਆਪਣੇ ਹੋਸਟਲਾ ਤੇ ਫਲੈਟਾਂ ਵਿੱਚ ਫ਼ਸੇ ਹੋਣ ਕਾਰਨ ਇਹਨਾਂ ਕੋਲੋਂ ਭੋਜ਼ਨ ਤੇ ਪੈਸੇ ਵੀ ਖ਼ਤਮ ਹੋ ਚੁੱਕੇ ਹਨ । ਇਹ ਵਿਦਿਆਰਥੀ ਰੋ ਰੋ ਕੇ ਆਪਣੇ ਮਾਪਿਆਂ ਨੂੰ ਆਪਣਾ ਹਾਲ ਦੱਸ ਰਹੇ ਹਨ । ਤੇ ਆਪਣੀ ਬੇਵੱਸੀ ਤੇ ਮਜਬੂਰੀ ਵੀ ਦੱਸ ਰਹੇ ਹਨ ਕਿ ਉਹ ਕਿਵੇਂ 1500 ਕਿਲੋਮੀਟਰ ਦੂਰ ਰੋਮਾਨੀਆ ਅਤੇ ਪੌਲੈਂਡ ਦੇ ਬਾਰਡਰਾਂ ਤੇ ਪਹੁੰਚਣ । ਭਾਰਤ ਸਰਕਾਰ ਨੂੰ ਫ਼ਸੇ ਹਜ਼ਾਰਾਂ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਦਾ ਤੁਰੰਤ ਹੱਲ ਕੱਢਣਾ ਚਾਹੀਦਾ ਹੈ ।





















