ਭਾਰਤ ਸਰਕਾਰ ਜੰਮੂ ਕਸ਼ਮੀਰ ਵਿਚ ਸਿੱਖਾਂ ਲਈ ਵੀ ਅਸੇਂਬਲੀ ਵਿੱਚ ਘੱਟੋ ਘੱਟ 2 ਸੀਟਾਂ ਰਾਖਵੀਆਂ ਕਰੇ : ਭੋਮਾ
ਦਿੱਲੀ ਕਮੇਟੀ ਦਾ ਵਫ਼ਦ ਰਾਖਵੇਂਕਰਨ ਲਈ ਜਲਦੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਮਿਲੇਗਾ
ਚੰਡੀਗੜ੍ਹ, 28 ਜੁਲਾਈ (ਵਿਸ਼ਵ ਵਾਰਤਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਪ੍ਰੈਸ ਬਿਆਨ ਰਾਹੀਂ ਭਾਰਤ ਸਰਕਾਰ ਕੋਲ ਜੰਮੂ ਕਸ਼ਮੀਰ ਵਿਚ ਘੱਟ ਗਿਣਤੀ ਸਿੱਖਾਂ ਦੇ ਲਈ ਦੋ ਸੀਟਾਂ ਰਾਖਵੀਆਂ ਕਰਨ ਦੀ ਮੰਗ ਕੀਤੀ ਹੈ।ਭੋਮਾ ਨੇ ਕਿਹਾ ਜਿਸਤਰ੍ਹਾਂ ਜੰਮੂ ਕਸ਼ਮੀਰ ਦੇ ਪੰਡਿਤਾਂ ਦੇ ਲਈ ਦੋ ਸੀਟਾਂ ਅਤੇ ਮਹਬੂਬਾ ਕਸ਼ਮੀਰ ਦੇ ਰਫਿਊਜੀਆਂ ਲਈ ਇੱਕ ਸੀਟ ਰਾਖਵੀ ਕੀਤੀ ਗਈ। ਉਸ ਤਰ੍ਹਾਂ ਹੀ ਭਾਰਤ ਸਰਕਾਰ ਨੂੰ ਜੰਮੂ ਕਸ਼ਮੀਰ ਦੇ ਸਿੱਖਾਂ ਨਾਲ ਬਿਨਾਂ ਕੋਈ ਵਿਤਕਰਾ ਕੀਤੇ ਦੋ ਸੀਟਾਂ ਰਾਖਵੀਆਂ ਜ਼ਰੂਰੀ ਕਰ ਦੇਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਸਿੱਖਾਂ ਦੀ ਆਬਾਦੀ ਵੀ ਹੁਣ ਕਸ਼ਮੀਰੀ ਪੰਡਤਾਂ ਦੇ ਬਰਾਬਰ ਹੈ।ਇਸ ਲਈ ਸਰਕਾਰ ਦੁਆਰਾ ਸਿੱਖਾਂ ਲਈ ਰਾਖਵਾਂਕਰਨ ਨਾ ਕਰਨਾ ਕਸ਼ਮੀਰ ਦੇ ਘੱਟ ਗਿਣਤੀ ਸਿੱਖਾਂ ਨਾਲ ਚਿੱਟੇ ਦਿਨ ਸ਼ਰੇਆਮ ਅਨਿਆਂ ਹੋਵੇਗਾ। ਉਹਨਾਂ ਕਿਹਾ ਕਿ ਸਿੱਖਾਂ ਨੇ ਕਸ਼ਮੀਰੀ ਪੰਡਿਤਾਂ ਨਾਲੋਂ ਵੱਧ ਮੁਸ਼ਕਿਲ ਝੱਲੀਆਂ ਹਨ। ਕਸ਼ਮੀਰੀ ਪੰਡਿਤ ਤਾਂ ਕਸ਼ਮੀਰ ਛੱਡ ਗਏ ਸਨ ਪਰ ਕਸ਼ਮੀਰੀ ਸਿੱਖਾਂ ਨੇ ਔਖੇ ਸਮੇਂ ਵੀ ਕਸ਼ਮੀਰ ਨਹੀਂ ਛੱਡਿਆ ਤੇ ਭਾਰਤ ਦਾ ਤਿਰੰਗਾ ਝੰਡਾ ਘੁੱਟਕੇ ਹੱਥ ਵਿੱਚ ਫੜੀ ਰੱਖਿਆ। ਸਿੱਖ ਹਮੇਸ਼ਾ ਕਸ਼ਮੀਰ ਲਈ ਡੱਟੇ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਕਿਸੇ ਦੇ ਰਾਖਵੇਂਕਰਨ ਦੇ ਵਿਰੁੱਧ ਨਹੀਂ ਪਰ ਸਿੱਖਾਂ ਦਾ ਬਣਦਾ ਰਾਖਵਾਂਕਰਨ ਉਹਨਾਂ ਨੂੰ ਵੀ ਦਿੱਤਾ ਜਾਣਾ ਚਾਹੀਦਾ ਹੈ। ਸਿੱਖਾਂ ਦਾ ਵੀ 1947 ਵੇਲੇ ਉਨ੍ਹਾਂ ਹੀ ਨੁਕਸਾਨ ਹੋਇਆ ਸੀ ਜਿੰਨਾ ਮਕਬੂਜਾ ਕਸ਼ਮੀਰੀਆਂ ਦਾ ਹੋਇਆ ਸੀ।ਇਸ ਲਈ ਭਾਰਤ ਸਰਕਾਰ ਨੂੰ ਇਕ ਸੀਟ 1947 ਵੇਲੇ ਉੱਜੜੇ ਸਿੱਖ ਰਿਫਿਊਜੀਆਂ ਲਈ ਵੀ ਰਾਖਵੀਂ ਕਰਨੀ ਚਾਹੀਦੀ ਹੈ। ਤਾਂ ਜੋਂ ਸਿੱਖ ਆਪਣੇ ਮਸਲੇ ਤੇ ਆਪਣੀਆਂ ਭਾਵਨਾਵਾਂ ਨੂੰ ਅਸੈਂਬਲੀ ਵਿੱਚ ਰੱਖਣ ਲਈ ਪ੍ਰਤਿਬੰਧ ਹੋ ਸਕਣ। ਉਹਨਾਂ ਕਿਹਾ ਜਲਦੀ ਹੀ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫਦ ਭਾਰਤ ਦੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ ਇਕਬਾਲ ਸਿੰਘ ਲਾਲਪੁਰਾ ਨੂੰ ਮਿਲੇਗਾ।























