ਭਾਰਤ ਨੇ ਦੂਜੇ ਵਨਡੇ ‘ਚ ਸ਼੍ਰੀਲੰਕਾ ਨੂੰ ਹਰਾ ਕੇ ਕੀਤਾ ਸੀਰੀਜ਼ ਤੇ ਕਬਜ਼ਾ
ਚੰਡੀਗੜ੍ਹ, 13 ਜਨਵਰੀ (ਵਿਸ਼ਵ ਵਾਰਤਾ) ਭਾਰਤ ਨੇ ਦੂਜੇ ਵਨਡੇ ਵਿੱਚ ਸ਼੍ਰੀਲੰਕਾ ਨੂੰ 4 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿੱਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਤੀਜਾ ਅਤੇ ਆਖਰੀ ਵਨਡੇ 15 ਜਨਵਰੀ ਨੂੰ ਤਿਰੂਵਨੰਤਪੁਰਮ ਵਿੱਚ ਖੇਡਿਆ ਜਾਵੇਗਾ।
ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ 39.4 ਓਵਰਾਂ ‘ਚ 215 ਦੌੜਾਂ ‘ਤੇ ਆਊਟ ਹੋ ਗਈ, ਜਿਸ ਦੇ ਜਵਾਬ ‘ਚ ਟੀਮ ਇੰਡੀਆ ਨੇ 43.2 ਓਵਰਾਂ ‘ਚ 6 ਵਿਕਟਾਂ ‘ਤੇ ਲੋੜੀਂਦੀਆਂ ਦੌੜਾਂ ਬਣਾਈਆਂ। ਕੇਐਲ ਰਾਹੁਲ ਨੇ 64 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਜਦਕਿ ਉਪ ਕਪਤਾਨ ਹਾਰਦਿਕ ਪੰਡਯਾ ਨੇ 36 ਦੌੜਾਂ ਦਾ ਯੋਗਦਾਨ ਪਾਇਆ। ਦੋਵਾਂ ਵਿਚਾਲੇ 5ਵੀਂ ਵਿਕਟ ਲਈ 119 ਗੇਂਦਾਂ ‘ਤੇ 75 ਦੌੜਾਂ ਦੀ ਸਾਂਝੇਦਾਰੀ ਹੋਈ। ਇਕ ਸਮੇਂ ਭਾਰਤੀ ਟੀਮ 86 ਦੌੜਾਂ ‘ਤੇ 4 ਵਿਕਟਾਂ ਗੁਆ ਚੁੱਕੀ ਸੀ।