ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਲਾਏ ਜਾ ਰਹੇ ਪੱਕੇ ਧਰਨੇ ਦੀ ਕੀਤੀ ਹਮਾਇਤ
ਚੰਡੀਗੜ੍ਹ, 30 ਅਗਸਤ(ਵਿਸ਼ਵ ਵਾਰਤਾ)- ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪੰਜਾਬ ਦੀਆਂ 7 ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ 12,13,14 ਸਤੰਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਅੱਗੇ ਦਿਨੇ ਰਾਤ ਲਾਏ ਜਾ ਰਹੇ ਪੱਕੇ ਧਰਨੇ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਸ ਸੰਬੰਧ ਹੋਰ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਹੈ ਕਿ ਜਥੇਬੰਦੀ ਦੇ ਆਧਾਰ ਵਾਲੇ ਮਜ਼ਦੂਰ ਜਥੇਬੰਦੀਆਂ ਤੋਂ ਸੱਖਣੇ ਪਿੰਡਾਂ ਵਿੱਚ ਕਿਸਾਨ ਆਗੂਆਂ ਦੁਆਰਾ ਪਿੰਡ ਵਾਸੀ ਖੇਤ ਮਜ਼ਦੂਰਾਂ ਨੂੰ ਜਾਗ੍ਰਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਵੱਲੋਂ ਖੁਦ ਸਾਰੇ ਪ੍ਰਬੰਧ ਕਰਕੇ ਧਰਨੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਲਈ ਲਾਮਬੰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋੜ ਪੈਣ ‘ਤੇ ਅਜਿਹੇ ਪ੍ਰਬੰਧਾਂ ਲਈ ਪਿੰਡਾਂ ਅੰਦਰ ਜਨਤਕ ਸਹਿਯੋਗ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕਿ ਜ਼ਮੀਨ ਮਾਲਕ ਕਿਸਾਨ ਅਤੇ ਬੇਜ਼ਮੀਨੇ ਖੇਤ ਮਜ਼ਦੂਰ ਰਲ਼ ਕੇ ਹੀ ਪੂਰੀ ਕਿਸਾਨ ਜਮਾਤ ਬਣਦੀ ਹੈ। ਸਾਮਰਾਜੀ ਕਾਰਪੋਰੇਟਾਂ ਅਤੇ ਜਗੀਰਦਾਰਾਂ ਦੇ ਝੋਲੀਚੁੱਕ ਮੁਲਕ ਦੇ ਮੌਜੂਦਾ ਹੁਕਮਰਾਨਾਂ ਦੀਆਂ ਲੋਟੂ ਨੀਤੀਆਂ ਦੇ ਝੰਬੇ ਹੋਏ ਕਰਜ਼ਿਆਂ ਖ਼ੁਦਕੁਸ਼ੀਆਂ ਦਾ ਸ਼ਿਕਾਰ ਬਣ ਰਹੇ ਛੋਟੇ ਗਰੀਬ ਕਿਸਾਨ ਅਤੇ ਖੇਤ ਮਜ਼ਦੂਰਾਂ ਦੀ ਮੁਕੰਮਲ ਮੁਕਤੀ ਵਾਲੀ ਕਿਸਾਨ ਲਹਿਰ ਇਨ੍ਹਾਂ ਦੋਨਾਂ ਤਬਕਿਆਂ ਦੇ ਇੱਕਜੁਟ ਘੋਲਾਂ ਰਾਹੀਂ ਹੀ ਉੱਸਰ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਕਿਸਾਨ ਜਥੇਬੰਦੀ ਇਸ ਘੋਲ਼ ਨੀਤੀ ਨੂੰ ਪ੍ਰਣਾਈ ਹੋਈ ਹੈ।