ਭਾਰਤੀ ਆਲਰਾਊਂਡਰ ਸਟੂਅਰਟ ਬਿੰਨੀ ਨੇ ਕੀਤਾ ਸੰਨਿਆਸ ਲੈਣ ਦਾ ਐਲਾਨ
ਵਨਡੇ ਮੈਚ ਚ ਸਰਬੋਤਮ ਗੇਂਦਬਾਜ਼ੀ ਕਰਨ ਵਾਲੇ ਖਿਡਾਰੀ ਹਨ ਸਟੂਅਰਟ ਬਿੰਨੀ

ਚੰਡੀਗੜ੍ਹ, 30ਅਗਸਤ(ਵਿਸ਼ਵ ਵਾਰਤਾ)-ਭਾਰਤੀ ਆਲਰਾਊਂਡਰ ਅਤੇ ਪ੍ਰਸਿੱਧ ਕ੍ਰਿਕਟਰ ਰੋਜਰ ਬਿੰਨੀ ਦੇ ਬੇਟੇ ਸਟੂਅਰਟ ਬਿੰਨੀ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਭਾਰਤ ਲਈ 6ਟੈਸਟ, 14 ਇਕ ਦਿਨਾਂ ਮੈਚ ਅਤੇ ਤਿੰਨ ਟੀ -20 ਕੌਮਾਂਤਰੀ ਮੈਚ ਖੇਡਣ ਵਾਲੇ ਬਿੰਨੀ ਲੰਮੇ ਸਮੇਂ ਤੋਂ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਸਨ।

ਦੱਸ ਦੱਈਏ ਕਿ ਬਿੰਨੀ ਦੇ ਨਾਮ ਅੱਜ ਵੀ ਭਾਰਤ ਲਈ ਇਕ ਦਿਨਾਂ ਮੈਚ ਵਿੱਚ ਸਰਬੋਤਮ ਗੇਂਦਬਾਜ਼ੀ ਦਾ ਰਿਕਾਰਡ ਦਰਜ ਹੈ। ਬਿੰਨੀ ਨੇ 2014 ਵਿੱਚ ਢਾਕਾ ਵਿੱਚ ਖੇਡੇ ਗਏ ਇੱਕ ਰੋਜ਼ਾ ਮੈਚ ਵਿੱਚ ਬੰਗਲਾਦੇਸ਼ ਦੇ ਖਿਲਾਫ ਸਿਰਫ 4 ਦੌੜਾਂ ਦੇ ਕੇ 6 ਵਿਕਟ ਲਏ ਸਨ। ਬਿੰਨੀ ਨੇ ਅਨਿਲ ਕੁੰਬਲੇ ਦਾ ਰਿਕਾਰਡ ਵੀ ਤੋੜ ਦਿੱਤਾ ਸੀ ਜੋ 1993 ਵਿੱਚ ਵੈਸਟਇੰਡੀਜ਼ ਵਿਰੁੱਧ 6/12 ਦਾ ਸੀ।

ਗੌਰਤਲਬ ਹੈ ਕਿ ਬਿੰਨੀ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ (ਟੀ -20) 27 ਅਗਸਤ 2016 ਨੂੰ ਵੈਸਟਇੰਡੀਜ਼ ਦੇ ਖਿਲਾਫ ਖੇਡਿਆ ਸੀ। ਬਿੰਨੀ ਨੇ ਬਿਆਨ ਵਿੱਚ ਕਿਹਾ “ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਪਹਿਲੀ ਸ਼੍ਰੇਣੀ ਅਤੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ।” ਉਨ੍ਹਾਂ ਕਿਹਾ ਅੰਤਰਰਾਸ਼ਟਰੀ ਪੱਧਰ ਤੇ ਦੇਸ਼ ਦੀ ਨੁਮਾਇੰਦਗੀ ਕਰਨ ਨਾਲ ਮੈਨੂੰ ਬਹੁਤ ਖੁਸ਼ੀ ਮਿਲੀ ਹੈ ਅਤੇ ਮੈਨੂੰ ਇਸ ਤੇ ਮਾਣ ਹੈ। ਇਸ ਤੋਂ ਬਾਅਦ ਉਹਨਾਂ ਨੇ ਭਾਰਤੀ ਕ੍ਰਿਕਟ ਬੋਰਡ, ਵੱਖ -ਵੱਖ ਟੀਮਾਂ, ਸਾਥੀ ਖਿਡਾਰੀਆਂ ਅਤੇ ਕੋਚਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇੱਕ ਖਿਡਾਰੀ ਵਜੋਂ ਅੱਗੇ ਵੱਧਣ ਵਿੱਚ ਉਨ੍ਹਾਂ ਦੀ ਸਹਾਇਤਾ ਕੀਤੀ ਸੀ।





















