ਭਾਜਪਾ , ਕਾਂਗਰਸ ਤੇ ਬਾਦਲਕਿਆਂ ਆਪਣੇ ਪੈਰੋਂ ਸਿਆਸੀ ਜ਼ਮੀਨ ਖਿਸਕਦੀ ਵੇਖਕੇ ਕਿਸਾਨੀ ਸੰਘਰਸ਼ ਤੇ ਕਿਸਾਨੀ ਲੀਡਰਸ਼ਿਪ ਦੀ ਬਲੀ ਦੇਣ ਦੀ ਤਿਆਰੀ ਖਿੱਚੀ: ਭੋਮਾ
ਸੈਕਿੰਡ ਕਿਸਾਨੀ ਲੀਡਰਸ਼ਿਪ ਤਿਆਰ ਰੱਖੀ ਜਾਵੇ

ਚੰਡੀਗੜ੍ਹ, 23ਜਨਵਰੀ(ਵਿਸ਼ਵ ਵਾਰਤਾ)- ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਅੱਜ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਜਿਵੇਂ ਇੰਦਰਾਂ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਤੋਂ ਪਹਿਲਾਂ ਅਕਾਲੀ ਲੀਡਰਸ਼ਿਪ ਨਾਲ ਬਾਹਰੀ ਤੌਰ ਤੇ ਗੱਲਬਾਤ ਦਾ ਢੌਂਗ ਰਚਿਆਂ ਸੀ ਤੇ ਅੰਦਰੂਨੀ ਤੌਰ ਤੇ ਉਹ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਦੀ ਤਿਆਰੀ ਕਰ ਰਹੀ ਸੀ । ਇਸੇ ਤਰਾਂ ਇੰਦਰਾਂ ਗਾਂਧੀ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਮੋਦੀ ਸਰਕਾਰ ਵੀ ਕਿਸਾਨਾਂ ਨਾਲ ਗੱਲਬਾਤ ਦਾ ਢੌਂਗ ਹੀ ਰਚ ਰਹੀ ਹੈ ਪਰ ਅੰਦਰਖਾਤੇ ਕਿਸਾਨੀ ਲੀਡਰਸ਼ਿਪ ਨੂੰ ਗ੍ਰਿਫਤਾਰ ਕਰਨ ਤੇ ਬਾਕੀ ਕਿਸਾਨ ਅੰਦੋਲਨ ਨੂੰ ਪੁਲੀਸ ਤੇ ਸੁਰੱਖਿਆ ਬਲਾਂ ਦੀ ਬੰਦੂਕ ਦੀ ਨੋਕ ਤੇ ਡੰਡੇ ਦੇ ਜ਼ੋਰ ਨਾਲ ਕੁਚਲਣਾ ਚਾਹੁੰਦੀ ਹੈ । ਮੋਦੀ ਸਰਕਾਰ ਵਲੋਂ ਕਿਸਾਨ ਅੰਦੋਲਨ ਤੇ ਹਮਲੇ ਦੀ ਤਿਆਰੀ ਤੇ ਹੱਲਾ ਸ਼ੇਰੀ ਦੇਣ ਵਿੱਚ ਕੈਪਟਨ ਸਰਕਾਰ ਤੇ ਬਾਦਲਕੇ ਬਰਾਬਰ ਭਾਈਵਾਲ ਹਨ ਜਿਵੇਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਉਣ ਲਈ ਭਾਜਪਾ , ਬਾਦਲ ਬਰਾਬਰ ਦੋਸ਼ੀ ਸਨ । ਕਿਉਂਕਿ ਉਸ ਸਮੇਂ ਸੰਤ ਭਿੰਡਰਾਂਵਾਲਿਆਂ ਤੇ ਭਾਈ ਅਮਰੀਕ ਸਿੰਘ ਜੀ ਨੇ ਅਕਾਲੀ ਤੇ ਕਾਂਗਰਸ ਤੇ ਭਾਜਪਾ ਵਾਲਿਆਂ ਦੀ ਸਿਆਸੀ ਜ਼ਮੀਨ ਤੇ ਸਿੱਖ ਕੌਮ ਦੀ ਅਗਵਾਈ ਖੋਹ ਲਈ ਸੀ । ਇਸੇ ਤਰ੍ਹਾਂ ਹੁੱਣ ਕਿਸਾਨੀ ਸੰਘਰਸ਼ ਤੇ ਕਿਸਾਨੀ ਲੀਡਰਸ਼ਿਪ ਨੇ ਕਾਂਗਰਸ , ਬਾਦਲਕਿਆਂ ਤੇ ਭਾਜਪਾ ਦੀ ਸਿਆਸੀ ਜ਼ਮੀਨ ਖੋਹ ਲਈ ਹੈ ਇਸੇ ਲਈ ਇਹ ਤਿੰਨੇ ਤਾਕਤਾਂ ਇੱਕ ਮੰਚ ਤੇ ਇੱਕ ਨੀਤੀ ਇਕ ਸੋਚ ਤੇ ਇਕੱਠਿਆਂ ਹੋ ਕੇ ਕਿਸਾਨੀ ਸੰਘਰਸ਼ ਤੇ ਕਿਸਾਨੀ ਲੀਡਰਸ਼ਿਪ ਦਾ ਭੋਗ ਪਾਉਣ ਦੀ ਤਿਆਰੀ ਖਿੱਚ ਚੁਕੀਆਂ ਹਨ ਕਿਉਂਕਿ ਇਹਨਾਂ ਤਾਕਤਾਂ ਦੇ ਸਿਰ ਤੇ ਸਿਆਸੀ ਖ਼ਤਰਾ ਮੰਡਲਾ ਰਿਹਾ ਹੈ ਕਿ ਜੇਕਰ ਕਿਸਾਨ ਅੰਦੋਲਨ ਜਿੱਤ ਗਏ ਤਾਂ ਇਹ ਹੀਰੋ ਬਣਕੇ ਉਸੇ ਸਮੇਂ ਪੰਜਾਬ ਦੇ ਸਿਆਸੀ ਵਾਰਸ ਵਜੋਂ ਸਾਨੂੰ ਸਿਆਸੀ ਮੈਦਾਨ ਵਿੱਚੋਂ ਬਾਹਰ ਕੱਢ ਦੇਣਗੇ । ਕਿਸਾਨੀ ਸੰਘਰਸ਼ ਦੀ ਲੀਡਰਸ਼ਿਪ ਤੇ ਉਸਦੇ ਹਮਾਇਤੀਆਂ ਨੂੰ ਐਨ ਆਈ ਏ ਵਲੋਂ ਨੋਟਿਸ ਜਾਰੀ ਕਰਕੇ ਹਮਲੇ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ।ਇਸਦੇ ਨਾਲ ਹੀ ਖੇਤੀਬਾੜੀ ਮੰਤਰੀ ਤੋਮਰ ਦਾ ਬਿਆਨ ਕਿ ਅਸੀਂ ਬਿੱਲ ਮੁਲਤਵੀ ਕਰਨ ਤੋਂ ਅੱਗੇ ਨਹੀਂ ਜਾ ਸਕਦੇ ।ਇਹ ਕਿਸਾਨ ਅੰਦੋਲਨ ਨੂੰ ਸਰਕਾਰ ਵਲੋਂ ਖ਼ਤਰੇ ਦੀ ਘੰਟੀ ਹੈ । ਇਸ ਲਈ ਹੁਣ 26ਜਨਵਰੀ ਤੇ ਕਿਸਾਨ ਟਰੈਕਟਰ ਰੈਲੀ ਦਾ ਬਹਾਨਾ ਬਣਾ ਕੇ ਆਉਣ ਵਾਲੇ ਦਿਨਾਂ ਵਿੱਚ ਕਿਸਾਨੀ ਲੀਡਰਸ਼ਿਪ ਤੇ ਉਸਦੇ ਹਮਾਇਤੀਆਂ ਦੀ ਫੜੋ ਫੜੀ ਤੇ ਕਿਸਾਨ ਅੰਦੋਲਨ ਤੇ ਕਿਸੇ ਸਮੇਂ ਵੀ ਵੱਡਾ ਹਮਲਾ ਹੋ ਸਕਦਾ ਹੈ।
ਬਿਆਨ ਵਿੱਚ ਅਕਾਲੀ ਆਗੂ ਸ ਭੋਮਾ ਨੇ ਕਿਹਾ ਪਹਿਲਾਂ ਵਾਂਗ ਹਰ ਸੰਕਟ ਤੇ ਔਖੀ ਘੜੀ ਵਿੱਚ ਸ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਕਿਸਾਨ ਸੰਘਰਸ਼ ਤੇ ਕਿਸਾਨੀ ਲੀਡਰਸ਼ਿਪ ਨਾਲ ਡੱਟ ਕੇ ਖੜ੍ਹਾ ਹੈ ।





















