ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਔਰਤ ਦਿਵਸ ਬਰਨਾਲਾ ਦਾਣਾ ਮੰਡੀ ਵਿਖੇ ਮਨਾਉਣ ਦਾ ਫੈਸਲਾ – ਭਲਕੇ ਹੰਗਾਮੀ ਮੀਟਿੰਗ ਸੱਦੀ
14 ਮਾਰਚ ਦਿੱਲੀ ਚੱਲੋ ਪ੍ਰੋਗਰਾਮ ਦੀਆਂ ਤਿਆਰੀਆਂ ਦੀ ਵਿਉਂਤਬੰਦੀ ਵੀ ਉਲੀਕੀ ਜਾਵੇਗੀ
ਮਾਨਸਾ ,6 ਮਾਰਚ (ਵਿਸ਼ਵ ਵਾਰਤਾ ) ਦੁਨੀਆਂ ਭਰ ਵਿੱਚ ਔਰਤ ਦਿਵਸ ਵਜੋਂ ਮਨਾਇਆ ਜਾਂਦਾ 8 ਮਾਰਚ ਦਾ ਦਿਹਾੜਾ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸੂਬਾ ਪੱਧਰ ‘ਤੇ ਬਰਨਾਲਾ ਦਾਣਾ ਮੰਡੀ ਵਿਖੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇੱਥੇ ਜਾਰੀ ਕੀਤੇ ਗਏ ਸਾਂਝੇ ਬਿਆਨ ਰਾਹੀਂ ਦੱਸਿਆ ਹੈ ਕਿ ਜਥੇਬੰਦੀ ਵੱਲੋਂ ਲੁਟੇਰੇ ਹਾਕਮਾਂ ਵਿਰੁੱਧ ਜਾਨ-ਹੂਲਵੇਂ ਘੋਲ਼ਾਂ ਵਿੱਚ ਔਰਤਾਂ ਦਾ ਉੱਭਰਵਾਂ ਆਪਾ-ਵਾਰੂ ਰੋਲ ਔਰਤ ਦਿਵਸ ਦੀ ਕੌਮਾਂਤਰੀ ਮਹੱਤਤਾ ਨਾਲ ਮੇਲ ਖਾਂਦਾ ਹੈ। ਇਸ ਰੋਲ ਨੂੰ ਉਚਿਆਉਣ ਅਤੇ ਬੁਲੰਦੀਆਂ ਵੱਲ ਲਿਜਾਣ ਲਈ ਹੀ ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਗਹਿਗੱਚ ਰੁਝੇਵਿਆਂ ਦੇ ਬਾਵਜੂਦ ਇਹ ਦਿਹਾੜਾ ਜੋਸ਼-ਓ-ਖਰੋਸ਼ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਐਤਕੀਂ ਇਹ ਦਿਹਾੜਾ ਕਿਸਾਨਾਂ ਦੀ ਦੁਸ਼ਮਣ ਬਣੀ ਹੋਈ ਕੇਂਦਰ ਦੀ ਮੋਦੀ ਭਾਜਪਾ ਸਰਕਾਰ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੁਆਰਾ 14 ਮਾਰਚ ਨੂੰ ਦਿੱਲੀ ਚੱਲੋ ਪ੍ਰੋਗਰਾਮ ਦੀਆਂ ਲਾਮਬੰਦੀਆਂ ਨੂੰ ਜਰ੍ਹਬਾਂ ਦੇਣ ਵਾਲਾ ਸਾਬਤ ਹੋਵੇਗਾ। ਕਿਸਾਨ ਆਗੂਆਂ ਵੱਲੋਂ ਪੰਜਾਬ ਭਰ ਦੀਆਂ ਮਿਹਨਤਕਸ਼ ਜੁਝਾਰੂ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਤੇ ਹੋਰ ਕਿਰਤੀ ਔਰਤਾਂ ਨੂੰ ਇਸ ਪ੍ਰੋਗਰਾਮ ਵਿੱਚ ਪਰਵਾਰਾਂ ਸਮੇਤ ਵਹੀਰਾਂ ਘੱਤ ਕੇ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਤੁਰਤ ਪੈਰੇ ਉਲੀਕੇ ਗਏ ਇਸ ਪ੍ਰੋਗਰਾਮ ਦੀਆਂ ਭਰਵੀਆਂ ਤਿਆਰੀਆਂ ਲਈ ਭਲਕੇ ਹੀ ਜਥੇਬੰਦੀ ਦੀ ਸੂਬਾ ਕਮੇਟੀ ਮੀਟਿੰਗ ਪਿੰਡ ਚੀਮਾ (ਬਰਨਾਲਾ) ਵਿਖੇ ਸੱਦੀ ਗਈ ਹੈ। ਇਸ ਮੀਟਿੰਗ ਵਿੱਚ 14 ਮਾਰਚ ਦੇ ਦਿੱਲੀ ਚੱਲੋ ਪ੍ਰੋਗਰਾਮ ਦੀਆਂ ਤਿਆਰੀਆਂ ਦੀ ਠੋਸ ਵਿਉਂਤਬੰਦੀ ਤੋਂ ਇਲਾਵਾ ਭਾਜਪਾ ਮੋਦੀ ਸਰਕਾਰ ਵਿਰੁੱਧ ਜਾਰੀ ਸੰਘਰਸ਼ ਨੂੰ ਬੁਲੰਦੀਆਂ ਵੱਲ ਲਿਜਾਣ ਲਈ ਹੋਰ ਠੋਸ ਤਜਵੀਜਾਂ ਬਾਰੇ ਵੀ ਵਿਚਾਰ ਚਰਚਾ ਕਰਕੇ ਫੈਸਲੇ ਲਏ ਜਾਣਗੇ।