ਮਾਨਸਾ 7 ਦਸੰਬਰ( ਵਿਸ਼ਵ ਵਾਰਤਾ )-ਆਪਣੀਆਂ ਹੱਕੀ ਭਖਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸਾਂਝਾ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ 7 ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ 12 ਦਸੰਬਰ ਨੂੰ 4 ਘੰਟੇ ਦੇ ਰੇਲ ਰੋਕੋ ਅੰਦੋਲਨ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕੀਤਾ ਗਿਆ ਹੈ।
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਹੈ ਕਿ ਜਥੇਬੰਦੀ ਦੀ ਤਹਿਸ਼ੁਦਾ ਨੀਤੀ ਮੁਤਾਬਕ ਖੇਤ ਮਜ਼ਦੂਰ ਬੇਜ਼ਮੀਨੇ ਕਿਸਾਨ ਹੀ ਹਨ, ਜਿਸ ਦੀ ਪੁਸ਼ਟੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਵੀ ਕਰਦੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਉਹ ਜ਼ਮੀਨ ਮਾਲਕ ਛੋਟੇ ਕਿਸਾਨਾਂ ਨਾਲੋਂ ਵੀ ਵੱਧ ਆਰਥਿਕ-ਲੁੱਟ ਦਾ ਸ਼ਿਕਾਰ ਹਨ ਅਤੇ ਉਨ੍ਹਾਂ ਦੀ ਵੱਡੀ ਬਹੁਗਿਣਤੀ ਦਲਿਤ ਸਮਾਜ ਨਾਲ ਸੰਬੰਧਿਤ ਹੋਣ ਕਾਰਨ ਉਹ ਉੱਚ ਜਾਤੀ ਜਗੀਰੂ ਹੰਕਾਰ ਤੇ ਜ਼ੁਲਮਾਂ ਦਾ ਸਾਹਮਣਾ ਵੀ ਕਰ ਰਹੇ ਹਨ ਜਦੋਂ ਕਿ ਹਜ਼ਾਰਾਂ ਲੱਖਾਂ ਬੇਘਰੇ ਰੁਲ਼ ਰਹੇ ਹਨ। ਉਨ੍ਹਾਂ ਕਿਹਾ ਕਿ ਲੁੱਟ ਖਸੁੱਟ ਤੇ ਜ਼ੁਲਮਾਂ ਵਿਰੁੱਧ ਲੜਾਕੂ ਤੰਤ ਆਮ ਕਿਸਾਨਾਂ ਨਾਲੋਂ ਵੀ ਵਧੇਰੇ ਹੈ ਅਤੇ ਜਥੇਬੰਦੀ ਇਨ੍ਹਾਂ ਜੁਝਾਰੂਆਂ ਨਾਲ ਸੰਘਰਸ਼ ਸਾਂਝ ਲਗਾਤਾਰ ਪੁਗਾਉਂਦੀ ਵਧਾਉਂਦੀ ਆ ਰਹੀ ਹੈ।
ਜਥੇਬੰਦੀ ਵੱਲੋਂ ਕੀਤੇ ਗਏ ਫੈਸਲੇ ਮੁਤਾਬਕ ਜਿੱਥੇ ਕੇਂਦਰੀ ਭਾਜਪਾ ਹਕੂਮਤ ਵਿਰੁੱਧ ਸਿੱਕੇਬੰਦ ਜਿੱਤ ਵੱਲ ਵਧ ਰਹੇ ਸਾਂਝੇ ਕਿਸਾਨ ਘੋਲ਼ ਨੂੰ ਦਿੱਲੀ ਤੇ ਪੰਜਾਬ ਦੇ ਮੋਰਚਿਆਂ ਵਿੱਚ ਹੋਰ ਮਜ਼ਬੂਤ ਕਰਨ ਦਾ ਸੱਦਾ ਕਿਸਾਨਾਂ ਨੂੰ ਦਿੱਤਾ ਗਿਆ ਹੈ ਉੱਥੇ ਪੇਂਡੂ ਖੇਤ ਮਜ਼ਦੂਰਾਂ ਦੇ ਰੇਲ ਰੋਕੋ ਅੰਦੋਲਨ ਵਿੱਚ ਵੀ ਜਚਵੀਂ ਹਮਾਇਤੀ ਸ਼ਮੂਲੀਅਤ ਦਾ ਸੱਦਾ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਕਿਸਾਨਾਂ ਵਾਂਗ ਹੀ ਨਿੱਜੀਕਰਨ ਵਪਾਰੀਕਰਨ ਸੰਸਾਰੀਕਰਨ ਦੀਆਂ ਸਾਮਰਾਜੀ ਨੀਤੀਆਂ ਦੀ ਮਾਰ ਹੇਠ ਆਏ ਹੋਏ ਸਭ ਤਬਕਿਆਂ ਦੇ ਠੇਕਾ ਕਾਮਿਆਂ ਵੱਲੋਂ ਕੀਤੇ ਜਾ ਰਹੇ ਜਾਨ ਹੂਲਵੇਂ ਸੰਘਰਸ਼ਾਂ ਦੀ ਹਮਾਇਤ ਕਰਨ ਦਾ ਸੱਦਾ ਵੀ ਦਿੱਤਾ ਗਿਆ ਹੈ।






















