ਭਾਈ ਵੀਰ ਸਿੰਘ ਚੇਅਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਦੂਜੀ ਵਿਸ਼ਵ ਪੰਜਾਬੀ ਕਾਨਫਰੰਸ ਦਾ ਆਯੋਜਨ ਕਰਨ ਦਾ ਐਲਾਨ
ਚੰਡੀਗੜ੍ਹ, 26 ਜੁਲਾਈ (ਵਿਸ਼ਵ ਵਾਰਤਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਤ ਭਾਈ ਵੀਰ ਸਿੰਘ ਚੇਅਰ ਦਸੰਬਰ, 2023 ਵਿਚ ਆਪਣੀ ਦੂਜੀ ਵਿਸ਼ਵ ਕਾਨਫਰੰਸ ਕਰਵਾਉਣ ਜਾ ਰਹੀ ਹੈ। ਇਸਦੇ ਚੇਅਰਮੈਨ, ਪ੍ਰੋਫੈਸਰ ਹਰਜੋਧ ਸਿੰਘ ਨੇ ਇਸ ਪਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਕਾਨਫਰੰਸ ਦਾ ਵਿਸ਼ਾਂ ‘ਸ਼ਹਾਦਤ ਦਾ ਸਿੱਖ ਸੰਕਲਪ’ ਹੋਵੇਗਾ। ਉਹਨਾ ਕਿਹਾ ਕਿ ਹਰ ਧਰਮ ਵਿਚ ਸ਼ਹਾਦਤ ਦੀ ਪਰੰਪਰਾ ਹੈ ਪਰ ਸਿੱਖ ਧਰਮ ਵਿਚ ਸ਼ਹਾਦਤ ਦਾ ਸੰਕਲਪ ਨਿਰਾਲਾ ਅਤੇ ਵਿਲੱਖਣ ਹੈ ਜਿਹੜਾ ਕਿ ਦੂਜਿਆਂ ਧਰਮਾਂ ਤੋਂ ਇਸ ਨੂੰ ਨਿਖੇੜਦਾ ਹੈ। ਉਹਨਾ ਦੱਸਿਆ ਕਿ ਇਸ ਕਾਨਫਰੰਸ ਵਿਚ ਦੇਸ਼ ਵਿਦੇਸ਼ ਤੋਂ ਮੰਨੇ ਪ੍ਰਮੰਨੇ ਵਿਦਵਾਨ ਭਾਗ ਲੈਣਗੇ ਜਿਨ੍ਹਾਂ ਵਿਚ ਪ੍ਰਮੁੱਖ ਇਤਿਹਾਸਕਾਰ, ਸਾਹਿਤਕਾਰ, ਸਮਾਜ ਸ਼ਾਸਤਰੀ, ਵਿਦਿਅਕ ਮਾਹਿਰ, ਦਰਸ਼ਨ ਸ਼ਾਸਤਰੀ ਅਤੇ ਧਰਮ ਸ਼ਾਸਤਰੀ ਸ਼ਾਮਿਲ ਹੋਣਗੇ। ਇਸ ਤਿੰਨ ਰੋਜ਼ਾ ਕਾਨਫਰੰਸ ਵਿਚ ਲਗ ਭਗ 10 ਸੈਸ਼ਨ ਹੋਣਗੇ ਜਿਨ੍ਹਾਂ ਵਿਚ ਤੁਲਨਾਤਮਕ ਧਰਮ ਅਧਿਐਨ ਤੋਂ ਇਲਾਵਾ ਸਿੱਖ ਧਰਮ ਵਿਚ ਨਾਬਰੀ, ਪ੍ਰਤੀਰੋਧ ਅਤੇ ਸ਼ਹਾਦਤ ਨਾਲ ਸਬੰਧਤ ਵੱਖ ਵੱਖ ਵਿਸ਼ਿਆਂ ਬਾਰੇ ਪਰਚੇ ਪ੍ਰਸਤੁਤ ਹੋਣਗੇ। ਇਸ ਤੋਂ ਇਲਾਵਾ ਫਿਲਮਾਂ, ਸਾਹਿਤ, ਸੰਗੀਤ, ਪੇਂਟਿੰਗਜ਼, ਥੀਏਟਰ, ਕਵੀਸ਼ਰੀ ਅਤੇ ਹੋਰ ਕੋਮਲ ਕਲਾਵਾਂ ਵਿਚ ਦਰਜ ਸਿੱਖ ਸ਼ਹਾਦਤਾਂ ਬਾਰੇ ਵੀ ਵਿਚਾਰ ਵਟਾਂਦਰੇ ਹੋਣਗੇ। ਇਸ ਤੋਂ ਇਲਾਵਾ ਉਦਘਾਟਨੀ ਅਤੇ ਵਿਦਾਇਗੀ ਸਮਾਰੋਹ ਵਿਚ ਦੁਨੀਆਂ ਭਰ ਦੇ ਸਿਰਕੱਢ ਵਿਦਵਾਨ ਸ਼ਿੱਖ ਸ਼ਹਾਦਤ ਦੇ ਸੰਕਲਪ ਉਤੇ ਰੋਸ਼ਨੀ ਪਾਉਣਗੇ। ਇਸ ਕਾਨਫਰੰਸ ਵਿਚ ਇਕ ਨਵੇਂ ਤਜਰਬੇ ਵਜੋਂ ਵੱਖ ਵੱਖ ਸੰਪਰਦਾਵਾਂ ਨਾਲ ਸਬੰਧਤ ਵਿਦਵਾਨਾਂ ਦੀ ਪੈਨਲ ਡਿਸਕਸ਼ਨ ਦਾ ਸੈਸ਼ਨ ਵੀ ਜੋੜਿਆ ਜਾ ਰਿਹਾ ਹੈ। ਇਕ ਦਿਨ ਦੀ ਸ਼ਾਮ ਨੂੰ ਕਵੀ ਦਰਬਾਰ ਦਾ ਆਯੁਜਨ ਹੋਵੇਗਾ ਅਤੇ ਕਿਸੇ ਨਾਮਵਰ ਸ਼ਾਇਰ/ਗਾਇਕ ਨੂੰ ਸਨਮਾਨਤ ਵੀ ਕੀਤਾ ਜਾਏਗਾ। ਕਾਨਫਰੰਸ ਦੌਰਾਨ ਵਖ ਵਖ ਚਿਤਰਕਾਰਾਂ ਦੁਆਰਾ ਤਿਆਰ ਕੀਤੀਆਂ ਸ਼ਹਾਦਤ ਨਾਲ ਸਬੰਧਤ ਪੇਂਟਿੰਗਜ਼ ਦੀ ਪੰਜਾਬੀ ਯੂਨੀਵਰਸਿਟੀ ਦੇ ਖੁਲ੍ਹੇ ਵਿਹੜੇ ਵਿਚ ਪ੍ਰਦਰਸ਼ਨੀ ਲਈ ਜਾਏਗੀ। ਕਾਨਫਰੰਸ ਵਿਚ ਅਮਰੀਕਾ, ਕੈਨੇਡਾ, ਬਰਤਾਨੀਆਂ, ਪਾਕਿਸਤਾਨ, ਮਲੇਸ਼ੀਆ, ਸਿੰਗਾਪੁਰ ਆਦਿ ਮੁਲਕਾਂ ਤੋਂ ਵਿਦਵਾਨ ਅਤੇ ਡੈਲੀਗੇਟ ਹਿੱਸਾ ਲੈਣਗੇ। ਪਿਛਲੀ ਕਾਨਫਰੰਸ ਦੀਆਂ ਪ੍ਰੋਸੀਡਿੰਗਜ਼ ਨੂੰ ਪੁਸਤਕ ਰੂਪ ਵਿਚ ਪ੍ਰਕਾਸ਼ਤ ਕਰਨ ਦੇ ਨਾਲ ਨਾਲ, ਭਾਈ ਵੀਰ ਸਿੰਗ ਦੇ ਪਹਿਲੇ ਨਾਵਲ ‘ਸੁੰਦਰੀ’ ਦਾ ਸ਼ਾਹਮੁਖੀ ਲਵਿਚ ਲਿਪੀਆਂਤਰਣ ਅਤੇ ਭਾਈ ਵੀਰ ਸਿੰਗ ਦੀ ਸਮੁੱਚੀ ਕਵਿਤਾ ਦਾ ਸ਼ਾਹਮੁਖੀ ਲਿਪੀਆਂਤਰਣ ਵੀ ਰਿਲੀਜ਼ ਕੀਤਾ ਜਾਵੇਗਾ। ਲਿਫੀਆਂਤਰਣ ਦਾ ਇਹ ਕਾਰਜ ਪ੍ਰੋਫੈਸਰ ਗੁਰਪ੍ਰੀਤ ਸਿੰਘ ਲਹਿਲ ਵਲੋਂ ਤਿਆਰ ਗੁਰਮੁਖੀ-ਸ਼ਾਹਮੁਖੀ ਲਿਪੀਆਂਤਰਣ ਸਾਫਟ ਵੇਅਰ ਅਤੇ ਸ਼ਾਹਮੁਖੀ ਦੇ ਵਿਸ਼ਸ਼ਗਾਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ।
ਚੇਤੇ ਰਹੇ ਕਿ ਭਾਈ ਵੀਰ ਸਿੰਘ ਚੇਅਰ ਕੋਲ ਕੋਈ ਇਨਡੋਊਮੈਂਟ ਫੰਡ ਨਹੀਂ ਹੈ ਅਤੇ ਇਹ ਚੇਅਰ ਆਪਣੇ ਸਾਰੇ ਸਮਾਗਮ ਦੁਨੀਆਂ ਭਰ ਵਿਚ ਵਸਦੇ ਪੰਜਾਬੀਆਂ ਦੇ ਸਹਿਯੋਗ ਨਾਲ ਹੀ ਕੰਮ ਕਰਦੀ ਹੈ। ਇਹੋ ਕਾਰਣ ਹੈ ਕਿ ਇਸ ਚੇਅਰ ਵਲੋਂ ਭਾਈ ਵੀਰ ਸਿੰਘ ਦੀ 150 ਸਾਲਾ ਜਨਮ ਸ਼ਤਾਬਦੀ ਦੇ ਮੌਕੇ ‘ਤੇ ਪਿਛਲੇ ਸਾਲ ਵਿਸ਼ਾਲ ਪੱਧਰ ‘ਤੇ ਪਹਿਲੀ ਵਿਸ਼ਵ ਕਾਨਫਰੰਸ ਕੀਤੀ ਗਈ ਸੀ ਜੋ ਕਿ ਡਾ ਹਰਜੋਧ ਸਿੰਘ ਨੇ ਆਪਣੇ ਯਤਨਾਂ ਸਦਕਾ ਯੂਨੀਵਰਸਿਟੀ ਤੋਂ ਮਾਇਕ ਸਹਾਇਤਾ ਲਏ ਨੇਪਰੇ ਚੜ੍ਹਾ ਲਈ ਸੀ। ਇਥੋਂ ਤੱਕ ਕੇ ਕਾਨਫਰੰਸ ਦੌਰਾਨ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਬਾਰੇ ਇਕ ਵੱਡ ਅਕਾਰੀ ਪੁਸਤਕ ਵੀ ਬਾਹਰੀ ਸਹਿਯੋਗ ਪ੍ਰਾਪਤ ਕਰਕੇ ਬਾਹਰੀ ਸਹਿਯੋਗ ਨਾਲ ਹੀ ਪ੍ਰਕਾਸ਼ਤ ਕਰਵਾਈ ਸੀ। ਇਸ ਤੋੰ ਪਹਿਲਾਂ ਲਿਟਰੇਰੀ ਸਟੱਡੀਜ਼ ਵਿਭਾਗ ਦੇ ਮੁਖੀ ਹੁੰਦਿਆਂ ਵੀ ਡਾ ਹਰਜੋਧ ਸਿੰਘ ਨੇ ਤਿੰਨ ਵਿਸ਼ਾਲ ਵਿਸ਼ਵ ਕਾਨਫਰੰਸਾਂ, ਯੂਨੀਵਰਸਿਟੀ ਤੋਂ ਬਿਨਾ ਕੋਈ ਪੈਸੇ ਲਏ ਆਯੋਜਤ ਕੀਤੀਆਂ ਸਨ। ਸਗੋਂ ਹਰ ਕਾਨਫਰੰਸ ਬਾਅਦ ਪੈਸੇ ਬਚਾ ਕੇ ਯੂਨੀਵਰਸਿਟੀ ਦੇ ਖਾਤੇ ਵਿਚ ਜਮਾਂ ਕਰਵਾਏ ਸਨ। ਬਤੌਰ ਡਾ ਹਰਜੋਧ ਸਿੰਘ, ਇਸ ਵਾਰ ਵੀ ਇਹ ਕਾਨਫਰੰਸ ਜ਼ੀਰੋ ਬਜਟ ਹੋਵੇਗੀ ਪਰ ਆਉਣ ਵਾਲੇ ਵਿਦਵਾਨਾਂ ਦੀ ਪੂਰੀ ਮਹਿਮਾਨ ਨਿਵਾਜ਼ੀ ਅਤੇ ਢੁੱਕਵਾਂ ਮਾਣ-ਸਨਮਾਨ ਕੀਤਾ ਜਾਏਗਾ।