ਬੜਾ ਲੰਬਾ ਸਫ਼ਰ ਸੀ
ਬੜੀ ਕਠਿਨ ਡਗਰ ਸੀ…….
ਚੰਦਰ ਪ੍ਰਕਾਸ਼,
ਤੇਰੀ ਨਾਂ ਤੋਂ ਹਾਂ ਤੱਕ,
ਧੁੱਪ ਤੋਂ ਛਾਂ ਤੱਕ
ਲਈ ਮੇਰੇ, ਦਿਲ ਤੇਰੇ
’ਚੋਂ ਨਿਕਲੀਆਂ ਦੁਆ ਤੱਕ
ਬੜਾ ਲੰਬਾ ਸਫ਼ਰ ਸੀ
ਬੜੀ ਕਠਿਨ ਡਗਰ ਸੀ…….
ਉਡਾਉਣਾ ਮਜ਼ਾਕ ਮੇਰੇ ਜਜ਼ਬਾਤਾਂ ਦਾ
ਉਡਾਉਣਾ ਹਵਾ ’ਚ ਇਸ਼ਕ ਦੀਆ ਬਾਤਾਂ ਦਾ
ਹੋਣਾ ਮੇਰਾ ਰੁਸਵਾ
’ਤੇ ਤੇਰੇ ਆਗੋਸ਼ ਦੀ ਪਨਾਹ ਤਕ
ਬੜਾ ਲੰਬਾ ਸਫ਼ਰ ਸੀ
ਬੜੀ ਕਠਿਨ ਡਗਰ ਸੀ……
ਅਰਾਮ ਅਸੀਂ ਦਾਅ ’ਤੇ ਲਾਏ
ਕੰਡਿਆਰੀ ਪਗਡੰਡੀ ’ਤੇ ਚਾਲੇ ਪਾਏ
ਕੀਤਾ ਧੋਖਾ ਤੂੰ ਵਾਅਦੇ ਨਹੀਂ ਨਿਭਾਏ
ਤੇਰੇ ਝੂਠ ਤੋਂ ਵਿਸਾਹ ਤੱਕ
’ਤੇ ਮੇਰੇ ਜੰਮਣ ਤੋਂ ਦਾਹ ਤੱਕ
ਬੜਾ ਲੰਬਾ ਸਫ਼ਰ ਸੀ
ਬੜੀ ਕਠਿਨ ਡਗਰ ਸੀ……
ਸੁੰਨਸਾਨ ਵਾਟਾਂ ’ਤੇ ਤੂੰ ਫੜਿਆ ਹੱਥ ਘੁਟ ਕੇ
ਮੌਜੂਦ ਨੇ ਉਂਗਲਾ ਦੇ ਨਿਸ਼ਾਨ ਮੇਰੇ ਗੁੱਟ ’ਤੇ
ਲਿਖਾਉਣਾ ਮੇਰਾ ਨਾਂ ਆਪਣੀ ਬਾਂਹ ’ਤੇ
ਮੰਜ਼ਲ ਆਉਣ ‘ਤੇ ਤੇਰਾ ਛੁਡਾਉਣਾ ਬਾਂਹ ਤੱਕ
ਬੜਾ ਲੰਬਾ ਸਫ਼ਰ ਸੀ
ਬੜੀ ਕਠਿਨ ਡਗਰ ਸੀ……
ਖੇਡਦੇ ਸਾਂ ਘਰ ਘਰ ਬਣਾਉਣਾ
ਰੁੱਸਣਾ ਤੇ ਇਕ ਦੂਜੇ ਨੂੰ ਮਨਾਉਣਾ
ਬਾਰਸ਼ ’ਚ ਕਸ਼ਤੀ ਮੇਰੀ ਕਾਗਜ਼ ਦੀ
ਤੇ ਤੇਰਾ ਬਣਨਾ ਉਸਦਾ ਮਲਾਹ ਤਕ
ਬੜਾ ਲੰਬਾ ਸਫ਼ਰ ਸੀ
ਬੜੀ ਕਠਿਨ ਡਗਰ ਸੀ……
ਰਾਹ ’ਚ ਨਾ ਮੁੜ, ਚੱਲ ਮੇਰੇ ਨਾਲ
ਵਹਾਅ ਅੱਥਰੂ ,ਤੇਰੀ ਵਫ਼ਾ ਦਾ ਹੈ ਸਵਾਲ
ਚੌਂਕ ਜਾਏਂਗਾ ਤੂੰ, ਮੁੜ ਆ ਸਕਦਾ ਹਾਂ ਮੈਂ
ਛੱਡ ਕੇ ਨੀਂ ਆਉਂਦਾ ਜੇ ਧੁਰ ਮੇਰੀ ਵਿਦਾ ਤਕ
ਬੜਾ ਲੰਬਾ ਸਫ਼ਰ ਸੀ
ਬੜੀ ਕਠਿਨ ਡਗਰ ਸੀ……
ਨੱਚਿਆ ਮੈਂ ਜਿਵੇਂ ਨਚਾਇਆ ਤੂੰ
ਹੱਸਿਆ ਮੈਂ ਜਿਵੇਂ ਹਸਾਇਆ ਤੂੰ
ਪੀਤਾ ਵਿਸ਼ ਪਿਆਲਾ ਇਸ਼ਕ ’ਚ, ਹੋਏ ਫਨਾਹ
ਮਾਸੂਮ ਮੇਰਾ ਇਸ਼ਕ, ਤੇ ਤੇਰੀ ਸੋਚ ਵਾਂਗ ਕਾਂ ਤਕ
ਬੜਾ ਲੰਬਾ ਸਫ਼ਰ ਸੀ
ਬੜੀ ਕਠਿਨ ਡਗਰ ਸੀ……
ਪਾ ਕੇ ਬਾਹਾਂ ਦਾ ਹਾਰ
ਕੀਤਾ ਖੰਜਰ ਦਾ ਵਾਰ
ਸਰੀਰ ਕੀਤਾ ਮੇਰਾ ਤਾਰ ਤਾਰ
ਫੇਰ ਤੱਕਣਾ ਪਿੰਡੇ ਦੇ ਚੀਥੜਿਆਂ ਨੂੰ
ਤੇ ਤੇਰੀ ਹਾਅ ਤੱਕ
ਬੜਾ ਲੰਬਾ ਸਫ਼ਰ ਸੀ
ਬੜੀ ਕਠਿਨ ਡਗਰ ਸੀ……
ਇਸ਼ਕ ’ਚ ਰੋਣਾ ਪੱਲੇ ਪਾਇਆ
ਆਪਣਿਆਂ ਤੋਂ ਝੱਲੇ ਅਖਵਾਇਆ
ਹੋਈ ਦੁੱਖਾਂ ਦੀ ਰਾਤ ਲੰਮੀ
ਤੇ ਮੇਰੀ ਉਡੀਕ ਸੁਭਾ ਤਕ
ਬੜਾ ਲੰਬਾ ਸਫ਼ਰ ਸੀ
ਬੜੀ ਕਠਿਨ ਡਗਰ ਸੀ……
ਡੂੰਘੇ ਹੋ ਰਹੇ ਜ਼ਖਮ
ਮੱਲਮ ਹੈ ਬੇਅਸਰ
ਹੱਦਾਂ ਤੋਂ ਪਰੇ ਹੈ ਮੇਰਾ ਸਬਰ
ਨਹੀਂ ਭਰਦਾ ਜ਼ਖਮ
ਤੇਰੀ ਛੂਹ ਦੀ ਦਵਾ ਤਕ
ਬੜਾ ਲੰਬਾ ਸਫ਼ਰ ਸੀ
ਬੜੀ ਕਠਿਨ ਡਗਰ ਸੀ…….
ਛੱਡ ਪਿੰਡ ਦੀਆਂ ਜੂਹਾਂ
ਪਹੁੰਚਣ ਦੇ ਮੈਨੂੰ ਪਾਕ ਰੂਹਾਂ ਤਕ
ਵਹਿਣ ਦੇ ਰਤ ਜ਼ਖਮਾਂ ਚੌਂ
ਪਹੁੰਚਣ ਦੇ ਪਿਆਸੇ ਖੂਹਾਂ ਤਕ
ਖ਼ਤਮ ਹੋਇਆ ਸਫ਼ਰ, ਹੁਣ ਤੁਰ ਜਾਣਾ ਹੈ
ਸਹਿਆ ਸਭ ਖਿੜੇ ਮੱਥੇ, ਮੰਨਿਆ ਤੇਰਾ ਭਾਣਾ ਹੈ
ਬੇਵਫਾ ਹੋਈ ਜ਼ਿੰਦਗੀ, ਕੀਤਾ ਬੇਗਾਨਾ ਹੈ
ਤੇਰਾ ਆਉਣਾ ਮਹਿਲ ਤੋਂ ਮੇਰੀ ਕੁੱਲੀ ਦੇ ਰਾਹ ਤੱਕ
ਬੜਾ ਲੰਬਾ ਸਫ਼ਰ ਸੀ
ਬੜੀ ਕਠਿਨ ਡਗਰ ਸੀ…….
ਧੀ ਧਿਆਣੀ ਦਾ ਬਣਨਾ ਮਾਂ
ਮਾਂ ਦਾ ਬਣਨਾ ਠੰਢੀ ਛਾਂ
ਨੈਣਾ ’ਚ ਨੀਂਦਰ ਦਾ ਸੋਣਾ
ਸੁਫ਼ਨਿਆਂ ’ਚ ਯਾਦਾਂ ਦਾ ਖੋਣਾ
ਖ਼ਤਮ ਘੁੱਪ ਹਨੇਰੇ ਤੋਂ ਕਿਰਨਾਂ ਦੇ ਉੱਗ ਆਉਣ ਤਕ
ਬੜਾ ਲੰਬਾ ਸਫ਼ਰ ਸੀ
ਬੜੀ ਕਠਿਨ ਡਗਰ ਸੀ…….
ਸੁਭਾਅ ਤੇਰਾ ਕਦੇ ਪਾਣੀ ,ਕਦੇ ਹਵਾ ਵਗਦਾ
ਸਮੁੰਦਰ ਦੀਆਂ ਲਹਿਰਾਂ ਦੇ ਵਹਾਅ ਵਰਗਾ
ਧਰਤ ਕਾਬੂ ਤੇਰੇ, ਰਹਿਮਤ ਤੇਰੀ ਨਾਲ ਹਨ ਵਸੇਰੇ
ਚਾਹੇ ਜਦੋਂ ਵੀ ਜ਼ਿੰਦਗੀ ਡੱਕ ਲਵੇ ਮੌਤ
ਇਕ ਸਾਂਹ ਤੋਂ ਦੂਜੇ ਸਾਂਹ ਤਕ
ਬੜਾ ਲੰਬਾ ਸਫ਼ਰ ਸੀ
ਬੜੀ ਕਠਿਨ ਡਗਰ ਸੀ…….
ਚੰਦਰ ਪ੍ਰਕਾਸ਼
ਪੰਜਾਬ ਵਿੱਚ ਪਹਿਲੀ ਵਾਰ ਗੰਨੇ ਦੇ 100 ਫੀਸਦੀ ਬਕਾਏ ਦਾ ਨਿਪਟਾਰਾ, ਭਗਵੰਤ ਮਾਨ ਸਰਕਾਰ ਨੇ ਸਾਲ 2025-26 ਦੇ ਪਿੜ੍ਹਾਈ ਸੀਜ਼ਨ ਦੌਰਾਨ ਕਿਸਾਨਾਂ ਨੂੰ 695.36 ਕਰੋੜ ਰੁਪਏ ਦਾ ਭੁਗਤਾਨ ਕੀਤਾ
ਪੰਜਾਬ ਵਿੱਚ ਪਹਿਲੀ ਵਾਰ ਗੰਨੇ ਦੇ 100 ਫੀਸਦੀ ਬਕਾਏ ਦਾ ਨਿਪਟਾਰਾ, ਭਗਵੰਤ ਮਾਨ ਸਰਕਾਰ ਨੇ ਸਾਲ 2025-26 ਦੇ ਪਿੜ੍ਹਾਈ ਸੀਜ਼ਨ...






















